ਹਰਿੰਦਰ ਨਿੱਕਾ , ਪਟਿਆਲਾ 6 ਅਕਤੂਬਰ 2022
ਸ਼ਹਿਰ ਦੀ ਅਫਸਰ ਕਲੋਨੀ ਫੇਸ 1 ਵਿਖੇ ਆਪਣੇ ਘਰ ਦੇ ਬਾਹਰ ਖੜ੍ਹੀ ਇੱਕ ਔਰਤ ਤੇ ਪਿਟਬੁੱਲ ਅਜਿਹਾ ਝਪਟਿਆ ਕਿ ਜਖਮੀ ਹਾਲਤ ਵਿੱਚ ਔਰਤ ਨੂੰ ਰਜਿੰਦਰਾ ਹਸਪਤਾਲ ਦਾਖਿਲ ਕਰਵਾਉਣਾ ਪਿਆ। ਪੁਲਿਸ ਨੇ ਪਿਟਬੁੱਲ ਕੁੱਤੇ ਦੇ ਮਾਲਿਕ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਹਰਪ੍ਰੀਤ ਕੋਰ ਪਤਨੀ ਤਰਨਜੀਤ ਸਿੰਘ ਵਾਸੀ ਮਕਾਨ ਨੰ. 48 ਨਿਊ ਅਫਸਰ ਕਲੋਨੀ ਫੇਸ-1 ਪਟਿਆਲਾ ਨੇ ਦੱਸਿਆ ਕਿ ਤਰਸੇਮ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਕਿਰਾਏਦਾਰ ਮਕਾਨ ਨੰ. 19 ਨਿਊ ਅਫਸਰ ਕਲੋਨੀ ਫੇਸ-1 ਪਟਿਆਲਾ , ਸਾਡੀ ਕੋਠੀ ਦੇ ਬਾਹਰ . ਆਪਣੇ ਪਿਟਬੁੱਲ ਕੁੱਤੇ ਨੂੰ ਬਿਨਾਂ ਸੰਗਲੀ ਤੋਂ ਗਲੀ ਵਿੱਚ ਘੁੰਮਾ ਰਿਹਾ ਸੀ। ਇਸੇ ਦੌਰਾਨ ਪਿਟਬੁੱਲ ਕੁੱਤਾ ਮੇਰੇ ਤੇ ਬੁਰੀ ਤਰਾਂ ਝਪਟਿਆ, ਜਿਸ ਕਾਰਣ, ਉਹ ਜਮੀਨ ਪਰ ਡਿੱਗ ਗਈ । ਕੁੱਤੇ ਨੇ ਉਸ ਦੇ ਹੱਥਾਂ ਤੇ ਦੰਦੀਆਂ ਵੱਢੀਆਂ। ਹੱਥਾਂ ‘ਚੋਂ ਵਗਦੇ ਖੂਨ ਨਾਲ, ਲੱਥਪੱਥ ਹਾਲਤ ਵਿੱਚ, ਉਸ ਨੂੰ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ। ਹਰਪ੍ਰੀਤ ਕੌਰ ਨੇ ਕਿਹਾ ਕਿ ਦੋਸ਼ੀ ਦੀ ਗਲਤੀ ਅਤੇ ਲਾਪਰਵਾਹੀ ਕਾਰਣ, ਹੀ ਕੁੱਤੇ ਨੇ ਉਸ ਤੇ ਹਮਲਾ ਕੀਤਾ ਹੈ। ਡੀ.ਐਸ.ਪੀ. ਸਿਟੀ 1 ਸੰਜੀਵ ਸਿੰਗਲਾ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਅਤੇ ਜਖਮੀ ਔਰਤ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਪਿਟਬੁੱਲ ਦੇ ਮਾਲਿਕ ਤਰਸੇਮ ਕੁਮਾਰ ਦੇ ਬਰਖਿਲਾਫ ਥਾਣਾ ਸਿਵਲ ਲਾਇਨ ਵਿਖੇ U/S 289 IPC ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਕਤ ਜੁਰਮ ਦੇ ਤਹਿਤ ਕਾਨੂੰਨ ਅਨੁਸਾਰ 6 ਮਹੀਨਿਆਂ ਦੀ ਸਜਾ ਹੋ ਸਕਦੀ ਹੈ। ਵਰਨਣਯੋਗ ਹੈ ਕਿ ਪਿਟਬੁੱਲ ਕੁੱਤਾ ਖੁੰਖਾਰ ਕੁੱਤਿਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਪਿਟਬੁੱਲ ਦੇ ਅਟੈਕ ਦੇ ਅਨੇਕਾਂ ਮਾਮਲੇ ਸਮੇਂ ਸਮੇਂ ਤੇ ਵਾਪਰ ਚੁੱਕੇ ਹਨ। ਸਿਤੰਬਰ 2022 ਦੌਰਾਨ ਹੀ, ਯੂਪੀ ਦੀ ਰਾਜਧਾਨੀ ਲਖਨਊ ਵਿਖੇ ਹੀ ਦੋ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿੰਨ੍ਹਾਂ ਵਿੱਚੋਂ ਇੱਕ ਘਟਨਾ ਵਿੱਚ ਤਾਂ ਪਿਟਬੁੱਲ ਨੇ ਆਪਣੀ ਮਾਲਿਕਨ ਤੇ ਰਿਟਾਇਰ ਅਧਿਆਪਕਾ ਸ਼ੁਸ਼ੀਲਾ ਤ੍ਰਿਪਾਠੀ (82)ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸੁਸ਼ੀਲਾ ਤ੍ਰਿਪਾਠੀ ਦੀ ਮੌਤ ਵੀ ਹੋ ਗਈ ਸੀ। ਵੈਟਰਨਰੀ ਡਾਕਟਰਾਂ ਅਨੁਸਾਰ ਪਿਟਬੁੱਲ ਨਸਲ ਦਾ ਕੁੱਤਾ, ਸਿਰਫ ਉਸ ਦੀ ਸੰਭਾਲ ਕਰਨ ਵਾਲੇ ਇੱਕ ਹੀ ਵਿਅਕਤੀ ਪ੍ਰਤੀ ਵਫਾਦਾਰ ਰਹਿੰਦਾ ਹੈ।