ਆਖਿਰ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਆ ਹੀ ਗਿਆ ਇੰਸਪੈਕਟਰ ਰਮਨ ਗੌੜ
ਹਰਿੰਦਰ ਨਿੱਕਾ ,ਬਰਨਾਲਾ 4 ਅਕਤੂਬਰ 2022
ਕਿਸੇ ਨੇ ਸੱਚ ਹੀ ਕਿਹਾ ਹੈ, ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊ, ਅਜਿਹਾ ਉਦੋਂ ਵਾਪਰਿਆ ਜਦੋਂ , ਵਿਜੀਲੈਂਸ ਬਿਊਰੋ ਨੇ ਕਰੀਬ ਸਾਢੇ ਨੌ ਮਹੀਨੇ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ,ਪਨਸਪ ਦੇ ਇੰਸਪੈਕਟਰ ਰਮਨ ਗੌੜ ਨੂੰ ਦੋਸ਼ੀ ਨਾਮਜਦ ਕਰਕੇ, ਅੱਜ ਬਾਅਦ ਦੁਪਹਿਰ ਉਸਨੂੰ ਜਿਲ੍ਹਾ ਦਫਤਰ ਚੋਂ ਗਿਰਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਬਿਊਰੋ ਨੇ 23 ਦਿਸੰਬਰ 2021 ਨੂੰ ਮੁਕੱਦਮਾ ਨੰਬਰ 25 ਦਰਜ ਕਰਕੇ, ਰਮਨ ਗੌੜ ਨਾਲ ਗੱਡੀ ਵਿੱਚ ਬੈਠੇ ਇੱਕ ਹੋਰ ਪਨਸਪ ਦੇ ਇੰਸਪੈਕਟਰ ਨੂੰ ਗਿਰਫਤਾਰ ਕਰ ਲਿਆ ਸੀ। ਪਰੰਤੂ ਵਿਜੀਲੈਂਸ ਬਿਊਰੋ ਦੀ ਟੀਮ ਨੇ ਰਮਨ ਗੌੜ ਨੂੰ ਵਿਜੀਲੈਂਸ ਦਫਤਰ ਸੰਗਰੂਰ ਤੋਂ ਬਿਨਾਂ ਕੋਈ ਕਾਨੂੰਨੀ ਕਾਰਵਾਈ ਤੋਂ ਹੀ ਛੱਡ ਦਿੱਤਾ ਗਿਆ ਸੀ। ਜਿਸ ਮੰਡੀ ਦੇ ਆੜਤੀ ਨੇ ਰਿਸ਼ਵਤ ਲੈਣ ਦੀ ਸ਼ਕਾਇਤ ਕੀਤੀ ਸੀ, ਉਸ ਮੰਡੀ ਵਿੱਚ ਇੰਸਪੈਕਟਰ ਰਮਨ ਗੌੜ ਹੀ ਤਾਇਨਾਤ ਸੀ, ,ਜਦੋਂ ਕਿ ਵਿਜੀਲੈਂਸ ਦੀ ਟੀਮ ਨੇ, ਜਿਸ ਇੰਸਪੈਕਟਰ ਨੂੰ ਰੰਗੇ ਹੱਥੀ, 25 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਜਾਣ ਦਾ ਦਾਅਵਾ ਕੀਤਾ ਸੀ, ਉਸਦੀ ਸਬੰਧਿਤ ਅਨਾਜ ਮੰਡੀ ਵਿਖੇ ਡਿਊਟੀ ਹੀ ਨਹੀਂ ਸੀ, ਵਿਜੀਲੈਂਸ ਬਿਊਰੋ ਦੀ ਤਤਕਾਲੀ ਟੀਮ ਦੀ ਇਸ ਕਾਰਵਾਈ ਤੇ, ਉਦੋਂ ਕਾਫੀ ਉਂਗਲੀਆਂ ਉੱਠੀਆਂ ਸਨ। ਸ਼ਾਇਦ ਇਸੇ ਵਜ੍ਹਾ ਕਰਕੇ ਹੀ,ਵਿਜੀਲੈਂਸ ਟੀਮ ,ਉਦੋਂ ਤੋਂ ਲੈਕੇ ਹੁਣ ਤੱਕ ਵੀ ਅਦਾਲਤ ਵਿੱਚ ਚਲਾਨ ਪੇਸ਼ ਕਰਨ ਵਿੱਚ ਨਾਕਾਮ ਹੋ ਗਈ ਸੀ। ਮਾਨਯੋਗ ਬਰਨਾਲਾ ਅਦਾਲਤ ਨੇ, ਉਕਤ ਗਰਾਉਂਡ ਦੇ ਆਧਾਰ ਤੇ ਫੜੇ ਗਏ ਇੰਸਪੈਕਟਰ ਪੁਖਰਾਜ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਸੀ। ਇੰਸਪੈਕਟਰ ਰਮਨ ਗੌੜ ਦੀ ਅੱਜ ਹੋਈ ਗਿਰਫਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਦਰਜ ਐਫਆਈਆਰ ਨੰਬਰ 25/ 2021 ਦੀ ਪੜਤਾਲ ਦੌਰਾਨ ਉਕਤ ਇੰਸਪੈਕਟਰ ਪਨਸਪ ਨੂੰ ਮੁਲਜ਼ਮ ਵਜੋਂ ਨਾਮਜਦ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਸ ‘ਤੇ ਦੋਸ਼ ਹਨ ਕਿ ਉਸ ਨੇ ਪਨਸਪ ਦੇ ਇਕ ਹੋਰ ਇੰਸਪੈਕਟਰ ਪੁਖਰਾਜ ਨਾਲ ਮਿਲ ਕੇ ਇਕ ਆੜਤੀਏ ਕੋਲੋਂ ਉਸ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ 25,000 ਰੁਪਏ ਦੀ ਰਿਸ਼ਵਤ ਲਈ ਸੀ। ਵਿਜੀਲੈਂਸ ਟੀਮ ਨੇ ਤਲਾਸ਼ੀ ਦੌਰਾਨ ਇੰਸਪੈਕਟਰ ਰਮਨ ਗੌੜ ਕੋਲੋਂ 3.40 ਲੱਖ ਰੁਪਏ ਦੀ ਰਕਮ ਬਰਾਮਦ ਵੀ ਕੀਤੀ ਗਈ ਹੈ।