ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ
ਪਟਿਆਲਾ, 30 ਸਤੰਬਰ (ਰਾਜੇਸ਼ ਗੌਤਮ)
ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤਾਂ ਦੀ ਰਹਿੰਦ-ਖੂੰਹਦ ਖਾਸ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਨਿਵੇਕਲਾ ਉਦਮ ਕਰਦਿਆਂ ਨਿਜੀ ਸੰਸਥਾਵਾਂ ਨੂੰ ਆਪਣੇ ਨਾਲ ਜੋੜਿਆ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਬਲਾਕਾਂ ਵਿੱਚ ਨਿਜੀ ਸੰਸਥਾਵਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨ ਸਮੇਤ ਪਰਾਲੀ ਦੇ ਧੂੰਏ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਤੋਂ ਮਨੁੱਖੀ ਸਰੀਰ ਤੇ ਵਾਤਾਵਰਣ ਨੂੰ ਹੁੰਦੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਗੇ ਆਈਆਂ ਹਨ।
ਅੱਜ ਆਪਣੇ ਦਫ਼ਤਰ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਿੰਜੈਂਟਾ ਫਾਊਡੇਸ਼ਨ ਇੰਡੀਆ (ਐਸ.ਐਫ਼.ਆਈ.), ਕੰਨਫੈਰੇਸ਼ਨ ਆਫ਼ ਇੰਡੀਆ (ਸੀ.ਆਈ.ਏ) ਤੇ ਦੀ ਨੇਚਰ ਕੰਜਰਵੈਂਸੀ ਸੰਸਥਾਵਾਂ ਨੇ ਜ਼ਿਲ੍ਹੇ ਅੰਦਰ ਕਿਸਾਨ ਜਾਗਰੂਕਤਾ ਲਈ ਆਪਣਾ ਹੱਥ ਅੱਗੇ ਵਧਾਇਆ ਹੈ।
ਉਨ੍ਹਾਂ ਦੱਸਿਆ ਕਿ ਐਸ.ਐਫ.ਆਈ ਵੱਲੋਂ ਇੱਕ ਕਿਸਾਨ ਨੂੰ ਪਰਾਲੀ ਨਾ ਸਾੜਨ ਬਦਲੇ ਇੱਕ ਏਕੜ ਤੇ ਵੱਧ ਤੋਂ ਵੱਧ ਦੋ ਏਕੜ ਲਈ 1 ਹਜ਼ਾਰ ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਦਿੱਤਾ ਜਾਂਦਾ ਹੈ। ਇਸ ਤੋਂ ਬਿਨ੍ਹਾਂ ਹੈਪੀ ਸੀਡਰ, ਸੁਪਰ ਸੀਡਰ, ਮਲਚਰ ਆਦਿ ਦੇ ਮਾਲਕ ਕਿਸਾਨਾਂ ਦਾ ਰਾਬਤਾ ਬਿਨ੍ਹਾਂ ਮਸ਼ੀਨਾਂ ਵਾਲੇ ਕਿਸਾਨਾਂ ਨਾਲ ਕਰਵਾਇਆ ਜਾਂਦਾ ਹੈ। ਦੂਜੀਆਂ ਸੰਸਥਾਵਾਂ ਵੱਲੋਂ ਵੀ ਕਿਸਾਨ ਜਾਗਰੂਕਤਾ ਸਮੇਤ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਉਮੀਦ ਹੈ ਕਿ ਇਸ ਵਾਰ ਕਿਸਾਨ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਣਗੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤਾਂ ਤੇ ਸਹਿਕਾਰੀ ਸਭਾਵਾਂ ਵੱਲੋਂ ਮਸ਼ੀਨਰੀ ਦੀ ਖਰੀਦ ਕਰਨ, ਅੱਗ ਲੱਗਣ ਵਾਲੇ ਹਾਟ ਸਪਾਟ ਪਿੰਡਾਂ ‘ਤੇ ਤਿੱਖੀ ਨਜ਼ਰ ਰੱਖਣ, ਪਿੰਡ ਪੱਧਰ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਏ ਅਮਲੇ ਨੂੰ ਚੌਕਸ ਕਰਨ, ਅੱਗ ਲੱਗਣ ‘ਤੇ ਵਾਤਾਵਰਨ ਮੁਆਵਜਾ ਇਕੱਤਰ ਕਰਨ ਉਪਰ ਜ਼ੋਰ ਦੇਣ ਤੋਂ ਇਲਾਵਾ ਆਈ ਖੇਤ ਐਪ ਤੇ ਮਸ਼ੀਨਰੀ ਮੈਪਿੰਗ ਦਾ ਜਾਇਜ਼ਾ ਲਿਆ।
ਸਿੰਜੈਂਟਾ ਫਾਊਂਡੇਸ਼ਨ ਤੋਂ ਵਰੁਣ ਯਾਦਵ ਨੇ ਐਸ.ਐਫ.ਆਈ. ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪੜਾ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਤਹਿਸੀਲਦਾਰ (ਸਿ.ਅ) ਮੇਜਰ ਸੁਮਿਤ ਢਿੱਲੋਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।