ਪਟਿਆਲਾ ਜ਼ਿਲ੍ਹੇ ਅੰਦਰ 101 ਮੰਡੀਆਂ ਸਮੇਤ 73 ਆਰਜ਼ੀ ਖਰੀਦ ਕੇਂਦਰ ਵੀ ਸਥਾਪਤ
ਪਟਿਆਲਾ, 30 ਸਤੰਬਰ (ਰਿਚਾ ਨਾਗਪਾਲ)
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ, ਜਿਸ ਲਈ ਬਾਰਦਾਨਾ, ਟ੍ਰਾਂਸਪੋਰਟ, ਭੰਡਾਰਨ ਸਮੇਤ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਚਾਲੂ ਖਰੀਫ਼ ਸੀਜ਼ਨ ਦੌਰਾਨ ਕਰੀਬ 16 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ, ਸਾਕਸ਼ੀ ਸਾਹਨੀ ਨੇ ਅੱਜ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 101 ਮੰਡੀਆਂ ਖਰੀਦ ਕੇਂਦਰਾਂ ਵਜੋਂ ਅਧਿਸੂਚਿਤ ਕਰ ਦਿੱਤੀਆਂ ਗਈਆਂ ਹਨ ਅਤੇ 73 ਆਰਜ਼ੀ ਖਰੀਦ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜਪੁਰਾ ਅਤੇ ਸਮਾਣਾ ਮੰਡੀਆਂ ਵਿੱਚ ਫ਼ਸਲ ਦੀ ਆਮਦ ਹੋ ਗਈ ਹੈ, ਜਿਸ ਦੀ ਖਰੀਦ 1 ਅਕਤੂਬਰ ਨੂੰ ਸ਼ੁਰੂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਵੱਲੋਂ ਮੰਡੀਆਂ ‘ਚ ਸਫ਼ਾਈ, ਪਾਣੀ, ਪਖਾਨੇ, ਤਰਪਾਲਾਂ, ਲਾਈਟਾਂ ਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਨਮੀ ਮਾਪਕ ਯੰਤਰਾਂ ਦੀ ਵਿਸ਼ੇਸ਼ ਤੌਰ ‘ਤੇ ‘ਕੈਲੀਬ੍ਰੇਸ਼ਨ’ ਕੀਤੀ ਗਈ ਹੈ ਅਤੇ ਮੰਡੀ ਦੇ ਗੇਟ ‘ਤੇ ਹੀ ਇਹ ਮੀਟਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਮੰਡੀਆਂ ‘ਚ ਆਉਣ ਵਾਲੀ ਜਿਣਸ ‘ਚ ਨਮੀ ਤੈਅ ਮਿਆਰਾਂ ਤੋਂ ਵੱਧ ਨਾ ਹੋਵੇ ਇਸ ਲਈ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਮੰਡੀਆਂ ਵਿੱਚ ਗਿੱਲਾ ਝੋਨਾ ਨਾ ਲਿਆਂਦਾ ਜਾਵੇ, ਕਿਉਂਕਿ ਵੱਧ ਨਮੀ ਵਾਲਾ ਝੋਨਾ ਵਾਪਸ ਮੋੜ ਦਿੱਤਾ ਜਾਵੇਗਾ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਲਿਸ ਤੇ ਸਬੰਧਤ ਵਿਭਾਗਾਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਦੂਜੇ ਰਾਜਾਂ (ਹਰਿਆਣਾ ਆਦਿ) ਵਿੱਚੋਂ ਝੋਨਾ ਲਿਆ ਕੇ ਜ਼ਿਲ੍ਹੇ ਅੰਦਰ ਨਾ ਵੇਚਿਆ ਜਾ ਸਕੇ। ਜਦਕਿ ਮੰਡੀਆਂ ਵਿੱਚ ਸ਼ਿਕਾਇਤ ਨਿਵਾਰਨ ਕੇਂਦਰ ਵੀ ਸਥਾਪਤ ਕੀਤੇ ਗਏ ਹਨ ਅਤੇ ਹਰੇਕ ਮੰਡੀ ਲਈ ਜਾਇਜ਼ਾ ਅਤੇ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ।
ਇਸ ਦੇ ਨਾਲ ਹੀ ਚੈਕਿੰਗ ਲਈ ਉਡਣ ਦਸਤੇ ਵੀ ਬਣਾਏ ਗਏ ਹਨ। ਸਬੰਧਤ ਐਸ.ਡੀ.ਐਮਜ ਵੱਲੋਂ ਆੜਤੀਆਂ ਅਤੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਮਾਰਕੀਟ ਕਮੇਟੀਆਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਅ ਲਈ ਰਹਿੰਦ-ਖੂੰਹਦ ਪ੍ਰਬੰਧਨ ਲਈ ਮਸ਼ੀਨਰੀ ਵੀ ਉਪਬਲੱਧ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਭਾਰਤੀ ਖੁਰਾਕ ਨਿਗਮ, ਪਨਗ੍ਰੇਨ, ਮਾਰਕਫ਼ੈਡ, ਪਨਸਪ ਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ ਖਰੀਦ ਕਾਰਜ ਕੀਤੇ ਜਾਣਗੇ।