ਪੁਲਿਸੀਆਂ ਡਾਂਗਾਂ ਦੀਆਂ ਝੰਭੀਆਂ PHD ਕਰਨ ਵਾਲੀਆਂ ਟੌਪਰ ਕੁੜੀਆਂ ਦੇ ਅੱਖਾਂ ‘ਚੋਂ ਹੰਝੂ ਵਹਿ ਤੁਰੇ,,
ਹਰਿੰਦਰ ਨਿੱਕਾ , ਬਰਨਾਲਾ 19 ਸਤੰਬਰ 2022
ਉੱਚੇਰੀ ਸਿੱਖਿਆ ਹਾਸਿਲ ਕਰਨ ਲਈ ਦਿਨ ਰਾਤ ਇੱਕ ਕਰਕੇ, ਮਹਿੰਗੀਆਂ ਪੜ੍ਹਾਈਆਂ ਕਰ ਕਰਕੇ, ਮੁਕਾਬਲੇ ਦੀ ਪ੍ਰੀਖਿਆ ਦੀਆਂ ਟੌਪਰ ਕੁੜੀਆਂ ਨੂੰ ਅੱਜ ਜਦੋਂ ਉਚੇਰੀ ਸਿੱਖਿਆ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦੀ ਨੇੜੇ, ਪੁਲਿਸ ਅਧਿਕਾਰੀਆਂ ਨੇ ਡਾਂਗਾਂ ਨਾਲ ਝੰਭਿਆ ਤਾਂ, ਉਨਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਤੇ ਜੁਬਾਨ ਕੰਬਣ ਲੱਗ ਪਈ ਤੇ ਬੁੱਲ੍ਹ ਫਰਕਣ ਲੱਗ ਪਏ। ਹਰ ਕਿਸੇ ਨੇ ਆਪਣੀ ਘਰੇਲੂ ਮੰਦਹਾਲੀ ਵਾਲੇ ਹਾਲਤ ਤੇ ਟੌਪਰ ਬਣਨ ਤੱਕ ਦੀ ਦਾਸਤਾਂ ਬਿਆਨ ਕੀਤੀ ਤਾਂ ਨੇੜੇ ਖੜ੍ਹੇ, ਇਨਸਾਨੀਅਤ ਦਾ ਮਾਦਾ ਜਹਿਨ ਵਿੱਚ ਰੱਖਣ ਵਾਲਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪੀਐਚਡੀ ਪਾਸ ਐਸੀਸਟੈਂਟ ਪ੍ਰੋਫੈਸਰ ਤੇਜਿੰਦਰ ਕੌਰ ਨੇ ਹੁਬਕੀ ਹੁਬਕੀ ਰੋਂਦਿਆਂ ਕਿਹਾ, ਮੈਂ ਨੌਵੀਂ ਕਲਾਸ ਵਿੱਚ ਪੜ੍ਹਦੀ ਸੀ ਤੇ ਮੇਰੇ ਪਾਪਾ ਪੂਰੇ ਹੋ ਗਏ, ਮੈਨੂੰ ਪਤੈ ਕਿਵੇਂ, ਰਿਸ਼ਤੇਦਾਰਾਂ ਤੇ ਹੋਰ ਲੋਕਾਂ ਤੋਂ ਮੰਗ ਮੰਗ ਕੇ ਪੜ੍ਹਾਈ ਪੂਰੀ ਕੀਤੀ। ਬੜੇ ਚਾਅ ਨਾਲ ਐਸੀਸਟੈਂਟ ਪ੍ਰੋਫੈਸਰ ਦੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕੀਤੀ। ਪ੍ਰੀਖਿਆ ਵਿੱਚੋਂ ਟੌਪ ਕੀਤਾ, ਨੌਕਰੀ ਮਿਲੀ ਤਾਂ ਲੱਗਿਆ ਜਿੰਦਗੀ ਵਿੱਚ ਝੱਲਿਆ ਦਰਦ, ਹੁਣ ਦੂਰ ਹੋ ਜਾਵੇਗਾ। ਪਰੰਤੂ, ਸਰਕਾਰ ਨੂੰ ਇਹ ਵੀ ਮਨਜੂਰ ਨਹੀਂ ਹੋਇਆ। ਪ੍ਰੋਫੈਸਰ ਤੇਜਿੰਦਰ ਕੌਰ ਨੇ ਕਿਹਾ ਅਸੀਂ ਇੱਥੇ ਡੰਡੇ ਖਾਣ ਨਹੀਂ ਸੀ ਆਏ, ਅਸੀਂ ਮੀਟਿੰਗ ਹੀ ਤਾਂ ਮੰਗੀ ਸੀ, ਹੋਰ ਕੀ ਮੰਗ ਲਿਆ ਸੀ, ਸਰਕਾਰ ਤੋਂ। ਭਰੇ ਮਨ ਨਾਲ ਉਸ ਨੇ ਕਿਹਾ, ਸਾਡੀਆਂ ਵੋਟਾਂ ਨਾਲ ਹੀ ਸਰਕਾਰ ਬਣੀ ਹੈ, ਹੁਣ ਪੜਾਈ ਤੇ ਵੋਟਾਂ ਦਾ ਇਨਾਮ, ਇਹ ਡਾਂਗਾਂ ਨਾਲ ਕੁੱਟ ਕੁੱਟ ਕੇ ਦੇ ਰਹੇ ਹਨ, । ਉਸ ਨੇ ਕਿਹਾ ਹੁਣ ਸਾਡੀ ਨੌਕਰੀ ਤੇ ਟਰਮੀਨੇਸ਼ਨ ਦੀ ਤਲਵਾਰ ਲਟਕਦੀ ਹੈ, ਪਰ ਸਰਕਾਰ ਤੋਂ ਅਸੀਂ, ਪੈਨਲ ਮੀਟਿੰਗ ਹੀ ਮੰਗ ਰਹੇ ਸੀ, ਉਹ ਵੀ ਨਹੀਂ ਦਿੱਤੀ, ਉਲਟਾ ਪੁਲਿਸ ਵਾਲਿਆਂ ਨੇ ਸਿਰ ਵਿੱਚ ਡਾਂਗਾਂ ਮਾਰੀਆਂ। ਪ੍ਰੋਫੈਸਰ ਤੇਜਿੰਦਰ ਕੌਰ ਨੇ ਆਪਣੇ ਨਾਲ ਖੜ੍ਹੀ ਹੋਰ ਪ੍ਰੋਫੈਸਰ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਇਹਦੇ ਪਤਾ ਜੀ ਦੀ, ਪ੍ਰੀਖਿਆ ਵਾਲੇ ਦਿਨ ਮੌਤ ਹੋ ਗਈ ਸੀ, ਫਿਰ ਵੀ, ਇਸ ਨੇ ਹੌਸਲਾ ਰੱਖ ਕੇ ਚੰਗੇਰੇ ਭਵਿੱਖ ਦੀ ਉਮੀਦ ਨਾਲ ਮੁਕਾਬਲੇ ਦੀ ਪ੍ਰੀਖਿਆ ਵਿੱਚੋਂ ਟੌਪ ਕੀਤਾ, ਹੋ ਇਸ ਨਾਲ ਵੀ ਬਾਕੀਆਂ ਵਾਲਾ ਹੀ, ਦੋਵਾਂ ਲੜਕੀਆਂ ਨੇ ਕਿਹਾ ਹੁਣ ਘਰਾਂ ਨੂੰ ਪਰਤਣ ਲਈ ਵੀ, ਕਦਮ ਸਾਥ ਨਹੀਂ ਦੇ ਰਹੇ। ਕੱਦ ਪੱਖੋਂ ਛੋਟੀ ਪਰ ਪੜ੍ਹਾਈ ਵਿੱਚ ਟੌਪਰ ਕੁੜੀ ਨੇ ਕਿਹਾ, ਜਦੋਂ ਮੈਨੂੰ ਮਸੀਂ ਦਸ ਕੁ ਜਮਾਤਾਂ ਪੜ੍ਹਿਆ ਥਾਣੇਦਾਰ, ਡੰਡੇ ਨਾਲ ਕੁੱਟ ਰਿਹਾ ਸੀ ਤਾਂ ਮੈਂ ਉਸ ਤੋਂ ਪੁੱਛਦੀ ਰਹੀ ਕਿ ਸਾਡਾ ਕੀ ਕਸੂਰ ਐ, ਅਸੀਂ ਪੜ੍ਹੇ ਹੋਏ ਹਾਂ, ਜੇ ਤੁਹਾਡੀਆਂ ਨੌਕਰੀਆਂ ਦੀ ਟਰਮੀਨੇਸ਼ਨ ਦੀ ਗੱਲ ਆ ਜਾਵੇ।, ਫਿਰ ਤੁਹਾਨੂੰ ਪਤਾ ਲੱਗੇ, ਸਿਰ ਤੇ ਲਟਕਦੀ ਤਲਵਾਰ ਕੀ ਹੁੰਦੀ ਹੈ। ਭਦੌੜ ਥਾਣੇ ਵਿੱਚ ਡੱਕਿਆ ਜਸਪ੍ਰੀਤ ਸਿੰਘ ਸਿਵੀਆਂ ਵੀ ਦਿਹਾੜੀਆਂ ਕਰਕੇ, ਪੀਐਚਡੀ ਕਰ ਗਿਆ। ਐਸੀਸਟੈਂਟ ਪ੍ਰੋਫੈਸਰ ਦੀ ਨੌਕਰੀ ਮਿਲ ਗਈ, ਜਦੋਂ ਕੁੱਝ ਸੁੱਖ ਦੇ ਦਿਨ ਆਉਣ ਦਾ ਮੌਕਾ ਮਿਲਿਆ, ਹੁਣ ਸਰਕਾਰ ਨੇ ਫਿਰ ਬੇਰੁਜਗਾਰ ਕਰ ਦਿੱਤੇ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਬਹੁਤੇ ਐਸੀਸਟੈਂਟ ਪ੍ਰੋਫੈਸਰ ਪੀਐਚਡੀ ਦੀ ਡਿਗਰੀ ਪ੍ਰਾਪ਼ਤ ਹਨ। ਅਫਸੋਸ, ਕਿ ਇੱਨ੍ਹਾਂ ਦੀਆਂ ਡਿਗਰੀਆਂ ਦਾ ਸਨਮਾਨ ਅੱਜ ਬਰਨਾਲਾ ਦੇ ਜੁਝਾਰੂ ਲੋਕਾਂ ਦੀ ਧਰਤੀ ਤੇ ਪੁਲਿਸ ਨੇ ਡਾਂਗਾਂ ਨਾਲ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ 40 ਪ੍ਰਦਰਸ਼ਨਕਾਰੀਆਂ ਨੂੰ ਥਾਣਾ ਭਦੌੜ, 27 ਨੂੰ ਮਹਿਲ ਕਲਾਂ ਅਤੇ 6/7 ਨੂੰ ਥਾਣਾ ਸਿਟੀ 2 ਬਰਨਾਲਾ ਵਿਖੇ ਡੱਕਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਮਨਜੀਤ ਧਨੇਰ , ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ, ਡਾਕਟਰ ਰਜਿੰਦਰ ਪਾਲ , ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਅਤੇ ਪੰਜਾਬ ਪਲਸ ਮੰਚ ਦੇ ਕੌਮੀ ਆਗੂ ਅਮੋਲਕ ਸਿੰਘ ਨੇ ਪੁਲਿਸ ਅੱਤਿਆਚਾਰ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆਂ ਕੀਤੀ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹ ਕਰਦਿਆਂ ਕਿਹਾ ਕਿ ਇੱਨ੍ਹਾਂ ਨੇ ਤਾਂ ਪਹਿਲਾਂ ਵਾਲੇ ਹਾਕਮਾਂ ਤੋਂ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ ਹੈ। ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੁਝਾਰੂ ਲੋਕਾਂ ਦੀ ਧਰਤੀ ਬਰਨਾਲਾ ਤੇ ਪੁਲਿਸ ਅੱਤਿਆਚਾਰ ਦਾ ਜਮਹੂਰੀ ਜਨਤਕ ਜਥੇਬੰਦੀਆਂ ਮੂੰਹ ਤੋੜਵਾਂ ਜੁਆਬ ਦੇਣਗੀਆਂ। ਮਹਿਲ ਕਲਾਂ ਤੇ ਭਦੌੜ ਥਾਣੇ ਵਿੱਚ ਬੰਦ ਕੁੜੀਆਂ ਨੇ ਫੋਨ ਕਰਕੇ, ਕਿਹਾ ਕਿ ਉਨਾਂ ਤੋਂ ਜਬਰਦਸਤੀ ਦਸਤਖਤ ਕਰਵਾਏ ਜਾ ਰਹੇ ਹਨ। ਤਾਂਕਿ ਕੋਈ ਝੂਠਾ ਕੇਸ ਬਣਾਇਆ ਜਾ ਸਕੇ।
One thought on “Police ਕਹਿਰ ਦੀ ਕਹਾਣੀ, ਟੌਪਰ ਕੁੜੀਆਂ ਦੀ ਜੁਬਾਨੀ”
Comments are closed.