ਡਿਗਰੀਆਂ ਵਾਲਿਆਂ ਤੇ ਵਰ੍ਹਾਈਆਂ ਬਰਨਾਲਾ ਪੁਲਿਸ ਨੇ ਡਾਂਗਾਂ
ਪੁਰਸ਼ ਪੁਲਿਸ ਮੁਲਾਜਮਾਂ ਨੇ ਭਜਾ-ਭਜਾ ਕੇ ਕੁੱਟੀਆਂ ਕੁੜੀਆਂ
ਪੁਲਿਸ ਨੇ ਅੰਨ੍ਹੇਵਾਹ ਡਾਂਗਾਂ ਨਾਲ ਕੁੱਟ ਕੇ ਰੋਕੇ, ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਵੱਲ ਵੱਧਦੇ ਪ੍ਰੋਫੈਸਰਾਂ ਦੇ ਕਦਮ
ਹਰਿੰਦਰ ਨਿੱਕਾ , ਬਰਨਾਲਾ 19 ਸਤੰਬਰ 2022
ਭਾਂਵੇ ਸੂਬੇ ਦੀ ਸੱਤਾ ਬਦਲ ਗਈ,ਪਰ ਸੂਬੇ ਦੀ ਪੁਲਿਸ ਦਾ ਪ੍ਰਦਰਸ਼ਨਕਾਰੀਆਂ ਨੂੰ ਡਾਂਗਾਂ ਨਾਲ ਖਦੇੜਨ ਦਾ ਢੰਗ ਤਰੀਕਾ ਨਹੀਂ ਬਦਲਿਆ, ਜੇਕਰ ਕੁੱਝ ਬਦਲਿਆ ਹੈ ਤਾਂ ਉਹ ਸਿਰਫ ਕੁੱਟਣ ਲਈ ਚੁਣਿਆ ਗਿਆ ਥਾਂ, ਪਹਿਲਾਂ ਹੱਕ ਮੰਗਦੇ ਲੋਕਾਂ ਨੂੰ ਬਠਿੰਡਾ, ਫਿਰ ਪਟਿਆਲਾ ਤੇ ਹੁਣ, ਸੰਗਰੂਰ ਜਾਂ ਬਰਨਾਲਾ ਵਿਖੇ ਉਵੇਂ ਹੀ ਛੱਡੀਆਂ ਵਾਂਗ ਕੁੱਟਿਆ ਜਾ ਰਿਹਾ ਹੈ, ਜਿਵੇਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਜਾਂ ਚਰਨਜੀਤ ਸਿੰਘ ਚੰਨੀ ਦੀਆਂ ਸਰਕਾਰਾਂ ਸਮੇਂ ਕੁਟਾਪਾ ਚਾੜ੍ਹਿਆ ਜਾਂਦਾ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵੀ, ਸਰਕਾਰ ਜਾਂ ਪੁਲਿਸ ਨੇ, ਹੱਕ ਮੰਗਦੇ ਹੱਥਾਂ ਨੂੰ ਰੋਜਗਾਰ ਦੇਣ ਦੀ ਬਜਾਏ, ਡਾਂਗਾਂ ਨਾਲ ਹੀ, ਉਨ੍ਹਾਂ ਦੀ ਅਵਾਜ ਦਬਾਉਣ ਦਾ ਰਾਹ ਫੜ੍ਹ ਲਿਆ ਹੈ। ਅਜਿਹਾ ਹੀ ਮੰਜਰ ਅੱਜ ਸ਼ਾਮ ਬਰਨਾਲਾ ਵਿਖੇ ਵੇਖਣ ਨੂੰ ਮਿਲਿਆ। ਪੱਗਾਂ ਤੇ ਚੁੰਨੀਆਂ ਲੱਥੀਆਂ, ਬੇਰਹਿਮੀ ਨਾਲ ਜਾਨਵਰਾਂ ਵਾਂਗ ਪਾੜਿਆਂ ਨੂੰ ਕੁੱਟ ਰਹੀ ਪੁਲਿਸ ਨੂੰ ਨਿਹੱਥੇ ਅਤੇ ਸੜਕ ਤੇ ਡਿੱਗੇ ਪਏ ਪ੍ਰੋਫੈਸਰ ਲੜਕੇ/ ਲੜਕੀਆਂ ਤੇ ਵੀ ਭੋਰਾ ਤਰਸ ਨਹੀਂ ਆਇਆ । ਪੁਲਿਸ ਨੇ ਉਚੇਰੀ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਵੱਲ ਰੋਸ ਪ੍ਰਦਰਸ਼ਨ ਕਰਨ ਲਈ ਬੈਰੀਕੇੜ ਤੋੜ ਕੇ ਅੱਗੇ ਵੱਧਦੇ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਕਦਮ ਬਰਨਾਲਾ ਪੁਲਿਸ ਨੇ ਅੰਨ੍ਹੇਵਾਹ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟ ਕੁੱਟ ਕੇ ਰੋਕ ਦਿੱਤੇ। ਪੁਲਿਸ ਦੀਆਂ ਵਰ੍ਹਦੀਆਂ ਡਾਂਗਾਂ ਅੱਗੇ ਵੀ ਵੱਡੀ ਗਿਣਤੀ ਵਿੱਚ ਪ੍ਰੋਫੈਸਰ ਲੜਕੀਆਂ ਤੇ ਲੜਕੇ, ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਸ਼ੀਲੀ ਨਾਅਰੇਬਾਜੀ ਕਰਨੋ ਨਹੀਂ ਰੁਕੇ। ਆਖਿਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਕਰਕੇ, ਖਦੇੜ ਦਿੱਤਾ ਅਤੇ ਪੁਲਿਸ ਬੱਸਾਂ ਅਤੇ ਹੋਰ ਵਹੀਕਲਾਂ ਵਿੱਚ ਧੂਹ ਕੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ ਵੱਖ ਥਾਣਿਆਂ ਵਿੱਚ ਲੈ ਗਈ। ਦਰਅਸਲ ਪਹਿਲਾਂ ਤੋਂ ਹੀ ਐਲਾਨੇ ਰੋਸ ਪ੍ਰਦਰਸ਼ਨ ਤਹਿਤ ਅੱਜ ਸਵੇਰ ਤੋਂ ਹੀ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਬੈਨਰ ਹੇਠ, ਪ੍ਰਦਰਸ਼ਨਕਾਰੀ ਕਚਿਹਰੀ ਚੌਂਕ ਕੋਲ ਇਕੱਠੇ ਹੋ ਗਏ।ਉਹ ਘੰਟਿਆਂ ਤੱਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕਰਦੇ ਰਹੇ ਕਿ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ। ਪਰੰਤੂ ਪ੍ਰਸ਼ਾਸ਼ਨਿਕ ਅਧਿਕਾਰੀ ਬਦਲ ਬਦਲ ਕੇ ਆਉਂਦੇ ਰਹੇ ਤੇ ਟਾਈਮ ਟਪਾਉਂਦੇ ਰਹੇ। ਆਖਿਰ ਪ੍ਰਦਰਸ਼ਨਕਾਰੀਆਂ ਦੇ ਸਿਰ ਤੇ ਟਰਮੀਨੇਸ਼ਨ ਦੀ ਲਟਕਦੀ ਤਲਵਾਰ ਨੇ, ਉਨ੍ਹਾਂ ਮੰਤਰੀ ਦੀ ਕੋਠੀ ਵੱਲ ਜਾਣ ਲਈ ਮਜਬੂਰ ਕਰ ਦਿੱਤਾ। ਕਈ ਘੰਟਿਆਂ ਤੋਂ ਮੀਟਿੰਗ ਮਿਲਣ ਦਾ ਇੰਤਜਾਰ ਕਰਕੇ, ਪ੍ਰਦਰਸ਼ਨਕਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਨਾਅਰੇਬਾਜੀ ਕਰਦੇ ਹੋਏ, ਮੀਤ ਹੇਅਰ ਦੀ ਕੋਠੀ ਵੱਲ ਵੱਧਣ ਲੱਗ ਪਏ। ਸੁਣਵਾਈ ਨਾ ਹੁੰਦੀ ਦੇਖ, ਭੜ੍ਹਕੇ ਪ੍ਰੋਫੈਸਰਾਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਕੋਠੀ ਦੇ ਬਿਲਕੁਲ ਨਜਦੀਕ ਪਹੁੰਚ ਗਏ। ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਤੇ ਸਮਝਾਉਣ ਦੀ ਜਦੋਂ ਸੀਮਾ ਲੰਘ ਗਈ ਤਾਂ ਪੁਲਿਸ ਨੇ, ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਖਦੇੜਨ ਲਈ, ਡਾਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀ। ਪੁਲਿਸ ਦੀ ਕੁੱਟ ਦਾ ਕੁੱਝ ਸਮੇਂ ਤੱਕ ਤਾਂ ਨਿਹੱਥੇ ਪ੍ਰਦਰਸ਼ਨਕਾਰੀਆਂ ਨੇ ਸਬਰ ਨਾਲ ਸਾਹਮਣਾ ਕੀਤਾ। ਆਖਿਰ ਪੁਲਿਸ ਉਨ੍ਹਾਂ ਨੂੰ ਬੱਸਾਂ ਵਿੱਚ ਲੱਦ ਕੇ ਵੱਖ ਵੱਖ ਥਾਣਿਆਂ ਵੱਲ ਲੈ ਤੁਰੀ। ਫਰੰਟ ਦੇ ਕਨਵੀਨਰ ਡਾਕਟਰ ਸੋਹੇਲ, ਕਰਮਜੀਤ ਸਿੰਘ, ਜਗਮੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ, ਸੱਭ ਤੋਂ ਪੜ੍ਹੇ ਲਿਖੇ, ਯਾਨੀ ਪੀਐਚਡੀ ਤੱਕ ਦੀ ਪੜ੍ਹਾਈ ਕਰ ਚੁੱਕੇ ਪ੍ਰੋਫੈਸਰਾਂ ਨਾਲ ਅਜਿਹਾ ਵਰਤਾਉ ਹੋਵੇਗਾ, ਉਨਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 10/12 ਜਾਂ ਬੀ.ਏ. ਤੱਕ ਦੀ ਪੜ੍ਹਾਈ ਕਰਨ ਵਾਲਿਆਂ ਤੋਂ ਸਾਨੂੰ ਕੁੱਟਵਾਇਆ ਹੈ। ਉਨ੍ਹਾਂ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ, ਲਾਠੀਚਾਰਜ ਕਰਨ ਵਾਲਿਆਂ ਅਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਪੁਲਿਸ ਦੇ ਅੱਤਿਆਚਾਰ ਦਾ ਸ਼ਿਕਾਰ ਹੋਈਆਂ ਪ੍ਰੋਫੈਸਰਜ ਨੇ ਕਿਹਾ ਕਿ ਅਸੀਂ ਵਿਭਾਗ ਵੱਲੋਂ ਲਈ ਪ੍ਰੀਖਿਆ ਵਿੱਚ ਟੌਪ ਕੀਤਾ ਹੈ, ਸਰਕਾਰ ਸਾਨੂੰ ਹਿਸ ਦਾ ਇਨਾਮ ਪੁਲਿਸ ਦੀਆਂ ਡਾਂਗਾਂ ਨਾਲ ਕੁੱਟਵਾ ਕੇ ਦੇ ਰਹੀ ਹੈ। ਉਨ੍ਹਾਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਤੋਂ ਮੰਗ ਕੀਤੀ ਕਿ ਔਰਤਾਂ ਨੂੰ ਕੁੱਟਣ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣ। ਪੁਲਿਸ ਲਾਠੀਚਾਰਜ ਦਾ ਜੁਆਬ ਦੇਣ ਲਈ, ਕੋਈ ਵੀ ਅਧਿਕਾਰੀ ਮੀਡੀਆ ਸਾਹਮਣੇ ਨਹੀਂ ਆਇਆ। ਉਹ ਕੁੱਟ ਰਹੇ ਪੁਲਿਸ ਵਾਲਿਆਂ ਨੂੰ ਵਾਰ ਵਾਰ ਪੁੱਛਦੇ ਰਹੇ ਕਿ ਆਖਿਰ ਸਾਡਾ ਕਸੂਰ ਤਾਂ ਦੱਸ ਦਿਉ। ਉੱਧਰ ਪ੍ਰੋਫਸਰਾਂ ਤੇ ਮੰਤਰੀ ਦੀ ਕੋਠੀ ਮੂਹਰੇ ਹੋਏ ਲਾਠੀਚਾਰਜ ਅਤੇ ਬਿਨ੍ਹਾਂ ਕਸੂਰੋਂ ਥਾਣਾ ਸਿਟੀ 2 ਬਰਨਾਲਾ, ਭਦੌੜ,ਅਤੇ ਮਹਿਲ ਕਲਾਂ ਵਿੱਚ ਡੱਕੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਜਨਤਕ ਜਮਹੂਰੀ ਅਤੇ ਕਿਸਾਨ ਜਥੇਬੰਦੀਆਂ ਵੀ ਡੱਟ ਗਈਆਂ ਹਨ। ਸੰਘਰਸ਼ਸ਼ੀਲ ਆਗੂਆਂ ਨੇ ਥਾਣਾ ਸਿਟੀ 2 ਬਰਨਾਲਾ ਦੇ ਬਾਹਰ ਸਰਕਾਰ ਅਤੇ ਪੁਲਿਸ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਵੀ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਡੈਲੀਗੇਟ ਮੱਖਣ ਸ਼ਰਮਾ , ਬਰਨਾਲਾ ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ ਨੇ ਪ੍ਰਦਰਸ਼ਨਕਾਰੀਆਂ ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ, ਪੂਰੀ ਤਰਾਂ ਪ੍ਰਦਰਸ਼ਨਕਾਰੀਆਂ ਦੇ ਹੱਕ ਵਿਚ ਡਟ ਕੇ ਖੜੇਗੀ।