ਜੈਵਿਕ ਵਿਭਿੰਨਤਾ ਲਈ ‘ਪ੍ਰੋਜੈਕਟ ਚੀਤਾ’ ਮਹੱਤਵਪੂਰਨ : ਪ੍ਰੋ ਧਾਲੀਵਾਲ
ਪਟਿਆਲਾ, 15 ਸਤੰਬਰ (ਰਾਜੇਸ਼ ਗੌਤਮ)
ਭਾਰਤ ਸਰਕਾਰ ਦਾ ‘ਪ੍ਰੋਜੈਕਟ ਚੀਤਾ’ ਜੈਵਿਕ ਵਿਭਿੰਨਤਾ ਦੇ ਲਿਹਾਜ਼ ਨਾਲ ਮੀਲ ਦਾ ਪੱਥਰ ਸਾਬਤ ਹੋਵੇਗਾ। ਨਾਲ ਹੀ ਇਹ ਪ੍ਰੋਜੈਕਟ ਵਾਤਾਵਰਣ ਮੁੱਦਿਆਂ ਪ੍ਰਤੀ ਭਾਰਤ ਦੀ ਗੰਭੀਰਤਾ ਨੂੰ ਵੀ ਪ੍ਰਗਟ ਕਰਦਾ ਹੈ। ਇਹ ਜਾਣਕਾਰੀ ਖ਼ਾਲਸਾ ਕਾਲਜ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਮੁੱਖੀ ਅਤੇ ਵਾਤਾਵਰਣ ਮਾਹਿਰ ਪ੍ਰੋ ਰਾਜਦੀਪ ਸਿੰਘ ਧਾਲੀਵਾਲ ਨੇ ਦਿੱਤੀ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ‘ਭਾਰਤ ਵਿੱਚ ਚੀਤਾ : ਮੁੜ ਜਾਣ ਪਹਿਚਾਣ’ ਵਿਸ਼ੇ ਤੇ ਆਯੋਜਿਤ ਸੈਮੀਨਾਰ ਨੂੰ ਬਤੌਰ ਮੁੱਖ ਵਕਤਾ ਸੰਬੋਧਿਤ ਕਰ ਰਹੇ ਸਨ। ਸੈਮੀਨਾਰ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਆਰ.ਯੂ., ਅਤੇ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨੀਰਜ ਗੁਪਤਾ, ਪੀਐਫਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਵਣ ਮੰਡਲ (ਜੰਗਲੀ ਜੀਵ) ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ। ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਆਯੋਜਿਤ ਇਸ ਸੈਮੀਨਾਰ ਦੀ ਪ੍ਰਧਾਨਗੀ ਸਕੂਲ ਦੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਨੇ ਕੀਤੀ, ਜਦਕਿ ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਮੁੱਖ ਮਹਿਮਾਨ ਵਜੋਂ ਪਧਾਰੇ। ਵਣ ਰੇੰਜ ਅਫ਼ਸਰ (ਜੰਗਲੀ ਜੀਵ) ਚਰਨਜੀਤ ਸੋਢੀ ਨੇ ਵਿਸ਼ੇਸ ਮਹਿਮਾਨ ਵਜੋੰ ਸ਼ਿਰਕਤ ਕੀਤੀ।
ਪ੍ਰੋ. ਧਾਲੀਵਾਲ ਨੇ ਦੱਸਿਆ ਕਿ ਕਿਸੇ ਵੇਲੇ ਭਾਰਤ ਵਿੱਚ ਹਜ਼ਾਰਾਂ ਦੀ ਸੰਖਿਆ ‘ਚ ਮੌਜੂਦ ਚੀਤੇ ਦੀ ਪ੍ਰਜਾਤੀ ਨੂੰ 1952 ਵਿੱਚ ਲੁਪਤ ਕਰਾਰ ਦੇ ਦਿੱਤਾ ਗਿਆ ਸੀ। ਵਾਤਾਵਰਣ ਚੱਕਰ ਵਿੱਚ ਚੀਤੇ ਦੀ ਮੌਜੂਦਗੀ ਦੇ ਮਹੱਤਵ ਨੂੰ ਸਮਝਦੇ ਹੋਏ ਭਾਰਤ ਸਰਕਾਰ ਨੇ ‘ਭਾਰਤ ਵਿੱਚ ਚੀਤਾ : ਮੁੜ ਜਾਣ-ਪਹਿਚਾਣ’ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸਦੇ ਤਹਿਤ 17 ਸਤੰਬਰ ਨੂੰ ਮੱਧ-ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਏ ਗਏ ਅੱਠ ਚੀਤੇ ਛੱਡੇ ਜਾਣਗੇ। ਮੁੱਖ ਮਹਿਮਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਕੁਦਰਤੀ ਚੱਕਰ ਵਿੱਚ ਜੀਵਾਂ ਅਤੇ ਬਨਸਪਤੀਆਂ ਦੀ ਹਰੇਕ ਪ੍ਰਜਾਤੀ ਦਾ ਵੱਖਰਾ ਮਹੱਤਵ ਹੈ। ਧਰਤੀ ਉੱਪਰ ਮਨੁੱਖਤਾ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਕੁਦਰਤ ਪ੍ਰਤੀ ਸੁਹਿਰਦ ਹੋਕੇ ਵਿਚਰਣਾ ਚਾਹੀਦਾ ਹੈ। ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਨੇ ਸੈਮੀਨਾਰ ਦੇ ਆਯੋਜਨ ਲਈ ਵਣ ਰੇਂਜ (ਵਿਸਥਾਰ) ਦਾ ਧੰਨਵਾਦ ਕੀਤਾ। ਬੀਟ ਅਫ਼ਸਰ ਅਮਨ ਅਰੋੜਾ ਨੇ ਵਾਤਾਵਰਣ ਸੰਭਾਲ ਸੰਬੰਧੀ ਨੁਕਤੇ ਸਾਂਝੇ ਕੀਤੇ। ਵਿਭਾਗ ਵੱਲੋਂ ਸਕੂਲ ਪ੍ਰਬੰਧਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹਿੰਦੀ ਲੈਕਚਰਾਰ ਹਰਪ੍ਰੀਤ ਕੌਰ ਸੰਧੂ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਕਰਵਾਏ ਗਏ ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲਿਆਂ ਦੇ ਜੂਨੀਅਰ ਵਰਗ ਵਿੱਚ ਸੱਤਵੀਂ ਕਲਾਸ ਦੀ ਅੰਜਲੀ ਨੇ ਪਹਿਲਾ ਅਤੇ ਅੱਠਵੀਂ ਕਲਾਸ ਦੀ ਜਸਮੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਦਾ ਹਰਮਨ ਸਿੰਘ ਤੀਜੇ ਸਥਾਨ ਤੇ ਰਿਹਾ। ਸੀਨੀਅਰ ਵਰਗ ਵਿੱਚ ਗਿਆਰਵੀਂ ਦੀ ਸਮਾਈਲਪ੍ਰੀਤ ਕੌਰ ਨੇ ਬਾਜ਼ੀ ਮਾਰੀ। ਗਿਆਰਵੀਂ ਦੀ ਸਿਮਰਨ ਨੇ ਦੂਜਾ ਅਤੇ ਬਾਰ੍ਹਵੀਂ ਦੀ ਮਾਨਸੀ ਦੇਵੀ ਨੇ ਤੀਜਾ ਸਥਾਨ ਹਾਸਲ ਕੀਤਾ।