ਔਰਤ ਨੇ ਨਾਇਬ ਤਹਿਸੀਲਦਾਰ ਆਦਿ ਤੇ ਲਾਏ ਗੰਭੀਰ ਇਲਜਾਮ
ਸਬ-ਤਹਿਸੀਲ ਧਨੌਲਾ ਦੇ ਗੇੜੇ ਮਾਰ-ਮਾਰ ਅੱਕੀ ਮਹਿਲਾ ਨੇ ਸਵੱਖਤੇ ਹੀ ਪਾਇਆ ਭੜਥੂ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਰਣਜੀਤ ਕੌਰ ਵਾਸੀ ਮਹਿਮਾ ਸਵਾਈ ਕੋਠੇ ਇੰਦਰ ਸਿੰਘ ਵਾਲੇ (ਬਠਿੰਡਾ) ਨੇ ਦੱਸਿਆ ਕਿ ਉਹ ਮਾਨਾ ਪਿੰਡੀ ਦੇ ਰਹਿਣ ਵਾਲੇ ਭੋਲਾ ਸਿੰਘ ਪੁੱਤਰ ਜੰਗੀਰ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਉਹਨਾ ਦੇ ਦੋ ਬੱਚੇ ਹਨ। 2014 ਦੌਰਾਨ ਉਹਨਾ ਦਾ ਭੋਲਾ ਸਿੰਘ ਨਾਲ ਤਲਾਕ ਹੋਣ ਤੋਂ ਬਾਅਦ ਬੇਟਾ ਆਪਣੇ ਪਿਤਾ ਕੋਲ ਅਤੇ ਬੇਟੀ ਉਹਨਾ ਨਾਲ ਬਠਿੰਡਾ ਵਿਖੇ ਰਹਿ ਰਹੀ ਹੈ।ਆਪਣੇ ਪਿਤਾ ਦੀ ਜਾਇਦਾਦ ਚੋਂ ਬੇਟੀ ਦਾ ਬਣਦਾ ਹੱਕ ਲੈਣ ਲਈ ਉਹਨਾ ਵਲੋਂ ਬੀਤੇ ਕਾਫੀ ਅਰਸੇ ਤੋਂ ਮਾਨਯੋਗ ਅਦਾਲਤ ਬਰਨਾਲਾ ਵਿਖੇ ਕੇਸ ਦਾਇਰ ਕੀਤਾ ਹੋਇਆ ਸੀ । ਜਿਸ ਵਿੱਚ ਮਾਨਯੋਗ ਅਦਾਲਤ ਬੇਟੀ ਦਾ ਬਣਦਾ ਹੱਕ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।ਉਹਨਾ ਦੱਸਿਆ ਕਿ 19 ਮਈ 2022 ਨੂੰ ਉਹਨਾ ਦੇ ਪਤੀ ਭੋਲਾ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਮਾਲ ਵਿਭਾਗ ਧਨੌਲਾ ਦੇ ਅਧਿਕਾਰੀਆਂ ਵਲੋਂ ਮਾਨਯੋਗ ਅਦਾਲਤ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਉਹਨਾ ਦੇ ਸਹੁਰੇ ਮਾਨਾ ਪਿੰਡੀ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰਕੇ ਸਵ:ਭੋਲਾ ਸਿੰਘ ਦੀ ਵਿਰਾਸਤ ਦਾ ਸਾਰਾ ਹਿੱਸਾ ਇਕੱਲੇ ਉਹਨਾ ਦੇ ਬੇਟੇ ਨਾਮ ਕਰ ਦਿੱਤਾ।ਉਹਨਾ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੀ ਬੇਟੀ ਦੇ ਬਣਦੇ ਹਿੱਸੇ ਦਾ ਇੰਤਕਾਲ ਕਰਵਾਉਣ ਲਈ ਉਹਨਾ ਵਲੋਂ ਬੀਤੇ ਅਰਸੇ ਤੋਂ ਧਨੌਲਾ ਦੇ ਨਾਇਬ ਤਹਿਸੀਲਦਾਰ, ਕਾਨੂੰਗੋ ਪਟਵਾਰੀ ਆਦਿ ਦੇ ਕੋਲ ਗੇੜੇ ਮਾਰ ਜਾਣ ਦੇ ਬਾਵਜੂਦ ਉਹਨਾ ਵਲੋਂ ਲਾਰੇ ਲਾ ਕੇ ਸਾਰ ਦਿੱਤਾ ਜਾਂਦਾ ਹੈ।ਉਹਨਾ ਦੋਸ ਲਾਇਆ ਕਿ ਨਾਇਬ ਤਹਿਸੀਲਦਾਰ,ਕਾਨੂੰਗੋ ਆਦਿ ਵਲੋਂ ਉਹਨਾ ਨੂੰ ਬਾਰ-ਬਾਰ ਬੁਲਾ ਕੇ ਉਹਨਾ ਨੂੰ ਗ਼ਲਤ ਨਿਗਾਹਾਂ ਨਾਲ ਤੱਕਦੇ ਹਨ ਅਤੇ ਆਪਣੇ ਸੇਵਾਦਾਰ ਦੇ ਰਾਹੀਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।ਇਹ ਵੀ ਕਿਹਾ ਗਿਆ ਕਿ ਜੇਕਰ 10 ਹਜ਼ਾਰ ਰੁਪਏ ਦੇ ਦੇਣ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾ ਦਾ ਸਾਰਾ ਕੰਮ ਹੋ ਜਾਵੇਗਾ।ਪਰ ਉਹਨਾ ਵਲੋਂ ਅਜਿਹਾ ਨਾ ਕਰਨ ਕਰਕੇ ਉਹਨਾ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਉਹ ਬੇਸਹਾਰਾ ਔਰਤ ਹੈ,ਪਰ ਦੂਜੀ ਧਿਰ ਵਲੋਂ ਉਹਨਾ ਨੂੰ ਧਮਕੀਆਂ ਮਿਲ ਰਹੀ ਹਨ,ਜੇਕਰ ਉਹਨਾ ਦੀ ਬੇਟੀ ਜਾਂ ਖੁਦ ਨੂੰ ਕਿਸੇ ਕਿਸਮ ਦਾ ਕੋਈ ਜਾਨੀ -ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਜ਼ਿੰਮੇਵਾਰੀ ਨਾਇਬ ਤਹਿਸੀਲਦਾਰ ਆਸ਼ੂ ਜੋਸ਼ੀ, ਕਾਨੂੰਗੋ ਜਸਕਰਨ ਸਿੰਘ, ਪਟਵਾਰੀ ਰਣਜੀਤ ਸਿੰਘ ਆਦਿ ਜ਼ਿੰਮੇਵਾਰੀ ਹੋਣਗੇ।