ਸਿਹਤ ਵਿਭਾਗ ਵੱਲੋਂ ‘ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਕੌਮਾਂਤਰੀ ਦਿਵਸ’ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਜਾਗਰੂਕ
ਸੋਨੀ ਪਨੇਸਰ , ਬਰਨਾਲਾ, 8 ਸਤੰਬਰ 2022
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਕੌਮਾਂਤਰੀ ਦਿਵਸ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।ਪ੍ਰਦੂਸ਼ਿਤ ਹਵਾ ਦੇ ਸਿਹਤ ‘ਤੇ ਮਾੜੇ ਪ੍ਰਭਾਵ ਜਿਵੇਂ ਕਿ ਸਿਰ ਦਰਦ, ਚੱਕਰ ਆਉਣਾ, ਅੱਖਾਂ ਵਿਚ ਜਲਣ, ਚਮੜੀ ਤੇ ਜਲਣ, ਸਾਹ ਦਾ ਫੁੱਲਣਾ, ਦਿਲ ਦਾ ਦੌਰਾ, ਫੇਫੜਿਆਂ ਦਾ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਹਰਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਓ, ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਨੂੰ ਨਾ ਜਲਾਓ, ਪਲਾਸਟਿਕ ਦੇ ਪਦਾਰਥਾਂ ਦਾ ਇਸਤੇਮਾਲ ਨਾ ਕਰੋ, ਤੰਬਾਕੂਨੋਸ਼ੀ ਤੋਂ ਦੂਰ ਰਹੋ। ਪ੍ਰਦੂਸ਼ਣ ਘਟਾਉਣ ਲਈ ਜਿੰਨਾ ਹੋ ਸਕੇ ਪੈਦਲ ਚੱਲੋ। ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ, ਦਿਲ, ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਵਿਆਕਤੀਆਂ ਨੂੰ ਇਸ ਸਬੰਧੀ ਵੱਧ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਚੱਕਰ ਆਉਣ, ਸਾਹ ਲੈਣ ਵਿਚ ਤਕਲੀਫ ਹੋਵੇ, ਛਾਤੀ ਵਿਚ ਦਰਦ, ਅੱਖਾਂ ਵਿਚ ਦਰਦ, ਜਲਣ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।