ਯੂਨੀਵਰਸਿਟੀ ਕਾਲਜ ਬੇਨੜ੍ਹਾ (ਧੂਰੀ) ਦਾ ਬੀ.ਐਸ.ਸੀ. ਮੈਡੀਕਲ ਅਤੇ ਨਾਨ-ਮੈਡੀਕਲ ਕੋਰਸਾਂ ਦਾ ਨਤੀਜਾ ਰਿਹਾ ਸ਼ਾਨਦਾਰ
ਧੂਰੀ 07 ਸਤੰਬਰ (ਹਰਪ੍ਰੀਤ ਕੌਰ ਬਬਲੀ)
ਯੂਨੀਵਰਸਿਟੀ ਕਾਲਜ ਬੇਨੜ੍ਹਾ (ਧੂਰੀ) ਦੇ ਸਾਇੰਸ ਵਿਭਾਗ ਦੇ ਭਾਗ ਤੀਜਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਾਇੰਸ ਵਿਭਾਗ ਦੇ ਕੋਆਰਡੀਨੇਟਰ ਡਾ. ਅਸ਼ੋਕ ਕੁਮਾਰ ਨੇ ਇਸ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਸਖਤ ਮਿਹਨਤ ਨੂੰ ਦਿੱਤਾ ਹੈ। ਸਾਇੰਸ ਵਿਭਾਗ ਵਿਚ ਖੁਸਪ੍ਰੀਤ ਸਿੰਘ ਨੇ ਨਾਨ ਮੈਡੀਕਲ ਵਿਚ 84.8 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਰੇਨੂੰ ਅਤੇ ਭਵਨੇਸ਼ ਨੇ ਕ੍ਰਮਵਾਰ 83.9 ਤੇ 83.7 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੇਅੰਤ ਕੌਰ ਨੇ ਮੈਡੀਕਲ ਦੇ ਕੋਰਸ ਵਿਚ 83.5 ਪ੍ਰਤੀਸ਼ਤ ਨਾਲ ਪਹਿਲਾ, ਸੋਨਾਲੀ ਗਰਗ ਨੇ 83.4 ਪ੍ਰਤੀਸ਼ਤ ਨਾਲ ਦੂਜਾ ਅਤੇ ਰਮਨਦੀਪ ਕੌਰ ਨੇ 81.9 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਨੇ ਸਾਇੰਸ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਵਧੀਆ ਨਤੀਜਿਆਂ ਸਦਕਾ ਹੀ ਕਾਲਜ ਵਿਚ ਸੈਸ਼ਨ 2022-23 ਲਈ ਬੀ.ਐਸ.ਸੀ. ਮੈਡੀਕਲ ਅਤੇ ਨਾਨ ਮੈਡੀਕਲ ਕੋਰਸਾਂ ਵਿਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿਚ ਵਧੀਆ ਰੁਝਾਨ ਹੈ।