ਵਿਧਾਇਕ ਗੋਗੀ, ਟੈਕਸੀ ਚਾਲਕਾਂ ਦੇ ਸਹਿਯੋਗ ਲਈ ਆਏ ਅੱਗੇ, ਧਰਨਾ ਲਗਾਉਣ ਆਏ ਚਾਲਕ, ਸਰਕਾਰ ਦੇ ਹੱਕ ‘ਚ ਜੈਕਾਰੇ ਲਾਉਂਦੇ ਪਰਤੇ ਵਾਪਸ
ਲੁਧਿਆਣਾ, 07 ਸਤੰਬਰ (ਦਵਿੰਦਰ ਡੀ ਕੇ)
ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਟੈਕਸੀ ਚਾਲਕ ਕਮੇਟੀ ਦੇ ਸਹਿਯੋਗ ਲਈ ਅੱਗੇ ਆਏ। ਵਿਧਾਇਕ ਗੋਗੀ ਦੇ ਉੱਦਮ ਸਦਕਾ, ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਟ੍ਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਮੌਕੇ ‘ਤੇ ਹੀ ਗੱਲਬਾਤ ਕੀਤੀ ਅਤੇ ਟੈਕਸੀ ਮੁਲਾਜ਼ਮਾਂ ਦੀ ਮੰਗਾਂ ਸਬੰਧੀ ਮੁਲਾਕਾਤ ਦਾ ਸਮਾਂ ਵੀ ਮੰਗਿਆ।
ਇਸ ਸਬੰਧੀ ਵਿਧਾਇਕ ਗੋਗੀ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਗੱਲਬਾਤ ਹੋ ਗਈ ਹੈ ਅਤੇ ਉਹ ਜਲਦ ਟੈਕਸੀ ਚਾਲਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਨ੍ਹਾਂ ਨਾਲ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਟੈਕਸੀ ਚਾਲਕਾਂ ਵੱਲੋਂ ਆਪਣੀਆਂ ਔਕੜਾਂ ਸਬੰਧੀ, ਸਕੱਤਰ, ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.) ਸ. ਨਰਿੰਦਰ ਸਿੰਘ ਧਾਲੀਵਾਲ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ‘ਤੇ ਉਨ੍ਹਾਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਟੈਕਸੀ ਚਾਲਕਾਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ, ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਨਿਬੇੜੇ ਲਈ ਵਚਨਬੱਧ ਹੈ।
ਵਿਧਾਇਕ ਗੋਗੀ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਅੱਜ ਇਨ੍ਹਾਂ ਮੁਲਾਜ਼ਮਾਂ ਨੂੰ ਅਜਿਹਾ ਸੰਘਰਸ਼ ਕਰਨਾ ਪਿਆ, ਜੋਕਿ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਇਹ ਫੈਸਲਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੋਈ ਵੀ ਕੰਮ ਅਜਿਹਾ ਨਹੀਂ ਹੋਵੇਗਾ ਜਿਸ ਨਾਲ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ।