ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਸ਼ੂਆਂ ਨੂੰ ਸੜਕਾਂ ‘ਤੇ ਘੁਮਾਉਣ, ਫਿਰਾਉਣ ਅਤੇ ਚਰਾਉਣ ਤੇ ਪਾਬੰਦ
ਫਿਰੋਜ਼ਪੁਰ 2 ਸਤੰਬਰ, 2022( ਬਿੱਟੂ ਜਲਾਲਾਬਾਦੀ)
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਅਮ੍ਰਿਤ ਸਿੰਘ ਆਈ.ਏ.ਐੱਸ ਵੱਲੋਂ ਫੌਜਦਾਰੀ ਜਾਬਤਾ, ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਜਾਰੀ ਹੋਏ ਹੁਕਮਾਂ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਸੜਕਾਂ ‘ਤੇ ਲੋਕਾਂ ਵੱਲੋਂ ਪਸ਼ੂਆਂ ਦੇ ਘੁਮਾਉਣ, ਫਿਰਾਉਣ ਅਤੇ ਚਰਾਉਣ `ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੁਝ ਲੋਕ ਪਸ਼ੂਆਂ ਨੂੰ ਚਾਰੇ ਲਈ ਸੜਕਾਂ ‘ਤੇ ਲੈ ਕੇ ਆਉਂਦੇ ਹਨ। ਪਸ਼ੂਆਂ ਨੂੰ ਸੜਕਾਂ ‘ਤੇ ਚਰਾਉਣ ਕਾਰਨ ਇਨ੍ਹਾਂ ਪਸ਼ੂਆਂ ਵੱਲੋਂ ਸੜਕਾਂ ‘ਤੇ ਲੱਗੇ ਪੌਦਿਆਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਖਾ ਲਏ ਜਾਂਦੇ ਹਨ। ਇਹਨਾਂ ਪਸ਼ੂਆਂ ਵੱਲੋਂ ਕਈ ਵਾਰ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਵੀ ਕੀਤਾ ਜਾਂਦਾ ਹੈ ਜਿਸ ਨਾਲ ਕਿਸਾਨਾਂ ਅਤੇ ਪਸ਼ੂ ਮਾਲਕਾਂ ਦਾ ਆਪਸ ਵਿੱਚ ਤਕਰਾਰ ਹੋਣ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸੜਕਾਂ ‘ਤੇ ਪਸ਼ੂਆਂ ਦੇ ਘੁਮਾਉਣ, ਫਿਰਾਉਣ ਅਤੇ ਚਰਾਉਣ ਉੱਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 2 ਅਕਤੂਬਰ, 2022 ਤੱਕ ਲਾਗੂ ਰਹਿਣਗੇ।