ਡੀ.ਸੀ. ਬਰਨਾਲਾ ਨੂੰ ਇਲਾਕਾ ਨਿਵਾਸੀਆਂ ਨੇ ਸੌਂਪਿਆ ਮੰਗ ਪੱਤਰ, ਕਿਹਾ ਜੇ ਅੰਡਰ ਪਾਸ ਨਾ ਬਣਾਇਆ ਤਾਂ ਕਰਾਂਗੇ ਤਿੱਖਾ ਸੰਘਰਸ਼
ਰਘਵੀਰ ਹੈਪੀ, ਬਰਨਾਲਾ 2 ਸਤੰਬਰ 2022
ਕਚਿਹਰੀ ਚੌਂਕ ਬਰਨਾਲਾ ਤੋਂ ਬਾਜਾਖਾਨਾ ਰੋਡ ਨੂੰ ਜੋੜਨ ਵਾਲੇ ਫਲਾਈੳਵਰ ਦੇ ਹੇਠਾਂ ਪੁਰਾਣੀ ਖੁੱਡੀ ਚੁੰਗੀ ਵਾਲੀ ਸੜਕ ਕੋਲ ਲਗਾਤਾਰ ਹੋ ਰਹੇ ਹਾਦਸਿਆਂ ਤੋਂ ਤੰਗ ਆਏ ਲੋਕਾਂ ਦੇ ਵਫਦ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੂੰ ਇੱਕ ਮੰਗ ਪੱਤਰ ਦੇ ਕੇ, ਅੰਡਰ ਪਾਸ ਬਣਾਉਣ ਲਈ ਜ਼ੋਰਦਾਰ ਅਵਾਜ ਬੁਲੰਦ ਕੀਤੀ। ਡੀਸੀ ਨਈਅਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ, ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕਰਕੇ,ਲੋਕਾਂ ਨੁੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਇਨਕਲਾਬੀ ਕੇਂਦਰ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਪਾਲ, ਨਾਨਕਪੁਰਾ ਪਿੰਡੀ ਧੌਲਾ ਦੇ ਸਰਪੰਚ ਗੁਰਮੇਲ ਸਿੰਘ, ਅਵਤਾਰ ਸਿੰਘ ਸੁਖਪਰਾ ਮੌੜ, ਰਾਕੇਸ਼ ਕੁਮਾਰ , ਬਲਜੀਤ ਸਿੰਘ, ਜਗਜੀਤ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਬਰਨਾਲਾ, ਖੁੱਡੀ ਕਲਾਂ, ਸੁਖਪੁਰਾ, ਮੌੜ, ਢਿਲਵਾਂ ਆਦਿ ਪਿੰਡਾਂ ਨੂੰ ਜਾਣ ਲਈ ਪੁਲ ਹੇਠਾਂ ਅੰਡਰ-ਪਾਸ ਬਣਾਉਣ ਦੀ ਸਖਤ ਜਰੂਰਤ ਹੈ। ਤਕਨੀਕੀ ਤੌਰ ‘ਤੇ ਪੁਲ ਦੇ ਠੀਕ ਨਾ ਬਣੇ ਹੋਣ ਕਾਰਨ ਪੁਲ ਨੇੜੇ ਅਨੇਕਾਂ ਕੀਮਤੀ ਜਾਨਾਂ ਸਾਥੋਂ ਵਿਛੁੜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਅਤੇ ਪਿੰਡ ਖੁੱਡੀ ਕਲਾਂ, ਸੁਖਪੁਰਾ, ਮੌੜ ਢਿਲਵਾਂ ਆਦਿ ਪਿੰਡਾਂ ਦੇ ਵਾਸੀਆਂ ਦੀ ਮੰਗ ਹੈ ਕਿ ਲੋਕਾਂ ਦਾ ਹਰ ਦਿਨ ਹੁੰਦੇ ਹਾਦਸਿਆਂ ਤੋਂ ਖਹਿੜਾ ਛੁੜਾਉਣ ਲਈ, ਜਲਦੀ ਤੋਂ ਜਲਦ ਅੰਡਰ ਪਾਸ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਉਨਾਂ ਕਿਹਾ ਕਿ ਦਰਅਸਲ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਇਆ ਫਲਾਈੳਵਰ ਸ਼ਾਇਦ ਤਕਨੀਕੀ ਤੌਰ ਤੇ ਠੀਕ ਨਾ ਬਣਿਆਂ ਹੋਣ ਕਾਰਣ, ਇਹ ਕੀਮਤੀ ਜਿੰਦੜੀਆਂ ਦਾ ਖੌਅ ਬਣਿਆਂ ਹੋਇਆ ਹੈ, ਹੁਣ ਪ੍ਰਸ਼ਾਸ਼ਨ ਨੂੰ ਹਾਦਸਿਆਂ ਦੇ ਹੱਲ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ, ਸਮੂਹ ਇਲਾਕਾ ਨਿਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ।