ਸਭ ਦਾ ਮੈਡੀਕਲ ਹੋਇਆ, ਅੱਜ ਪ੍ਰਸ਼ਾਸ਼ਨ ਕਸ਼ਮੀਰੀਆਂ ਨੂੰ ਕਰੇਗਾ ਰਵਾਨਾ
,,,ਈਦ ਤੋਂ ਪਹਿਲਾਂ ਹੀ ਮਿਲੀ ਈਦ ਵਰਗੀ ਖੁਸ਼ੀ ,,,
ਹਰਿੰਦਰ ਨਿੱਕਾ ਬਰਨਾਲਾ 2 ਮਈ 2020
ਲੌਕਡਾਉਨ ਦੇ ਦੌਰਾਨ ਬਰਨਾਲਾ ਚ, ਫਸੇ 60 ਕਸ਼ਮੀਰੀਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਭਲਕੇ ਐਤਵਾਰ ਨੂੰ ਕਠੂਆ-ਜੰਮੂ ਲਈ ਰਵਾਨਾ ਕਰੇਗਾ। ਕਸ਼ਮੀਰ ਭੇਜਣ ਦੀ ਤਿਆਰੀ ਵੱਜੋਂ ਪ੍ਰਸ਼ਾਸ਼ਨ ਨੇ ਕਿਲਾ ਮੁਹੱਲਾ ਤੇ ਪੱਤੀ ਰੋਡ ਤੇ ਰਹਿੰਦੇ ਕਸ਼ਮੀਰੀਆਂ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਚੈਕਅੱਪ ਵੀ ਕਰਵਾਇਆ ਗਿਆ। ਆਪਣੇ ਵਤਨ ਪਰਤਣ ਦੀ ਸੂਚਨਾ ਮਿਲਦਿਆਂ ਹੀ ਕਸ਼ਮੀਰੀਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ। ਸਾਰਿਆਂ ਨੇ ਚਾਂਈ-ਚਾਂਈ ਹਸਪਤਾਲ ਚ, ਮੈਡੀਕਲ ਕਰਵਾਇਆ। ਪ੍ਰਸ਼ਾਸ਼ਨ ਨੇ ਕਸ਼ਮੀਰੀਆਂ ਨੂੰ ਕਠੂਆ ਜੰਮੂ ਸੁਰੱਖਿਅਤ ਛੱਡਣ ਲਈ ਵਹੀਕਲ ਪਹਿਲਾਂ ਹੀ ਤਿਆਰ ਕਰ ਰੱਖਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜੰਮੂ ਕਸ਼ਮੀਰ ਪੁਲਿਸ ਦੇ ਕਾਂਸਟੇਬਲ ਮੰਜੂਰ ਅਹਿਮਦ ਸ਼ੇਖ ਤੇ ਹੋਰਨਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਸਹਿਯੋਗ ਲਈ ਸ਼ੁਕਰੀਆਂ ਅਦਾ ਕੀਤਾ। ਉਨਾਂ ਬਰਨਾਲਾ ਟੂਡੇ ਦਾ ਧੰਨਵਾਦ ਕਰਦਿਆ ਕਿਹਾ ਕਿ ਘਰਾਂ ਅੰਦਰ ਬੰਦ ਕਸ਼ਮੀਰੀਆਂ ਦੀ ਅਵਾਜ ਸਭ ਤੋਂ ਪਹਿਲਾਂ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਨਾਲਾ ਟੂਡੇ ਉਨ੍ਹਾਂ ਦੀ ਅਵਾਜ ਨਾ ਬਣਦਾ, ਫਿਰ ਪਤਾ ਨਹੀਂ ਕਿੰਨੇ ਦਿਨਾਂ ਤੱਕ ਉਨ੍ਹਾਂ ਨੂੰ ਲੌਕਡਾਉਨ ਦੀ ਕੈਦ ਭੁਗਤਣ ਨੂੰ ਮਜਬੂਰ ਹੋਣਾ ਪੈਂਦਾ। ਵਰਨਣਯੋਗ ਹੈ ਕਿ ਸਹਿਮ ਤੇ ਭੁੱਖ ਦੇ ਸਾਏ ਹੇਠ ਦਿਨ ਕੱਟਦੇ ਕਸ਼ਮੀਰੀਆਂ ਦਾ ਦਰਦ ਬਰਨਾਲਾ ਟੂਡੇ ਨੇ ਪ੍ਰਮੁੱਖਤਾ ਨਾਲ ਪ੍ਰਸ਼ਾਸ਼ਨ ਤੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਸੀ। ਪ੍ਰਸ਼ਾਸ਼ਨਿਕ ਸੂਤਰਾਂ ਨੇ ਦੱਸਿਆ ਕਿ ਕਸ਼ਮੀਰੀਆਂ ਨੂੰ ਕਠੂਆ ਛੱਡਣ ਦੇ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸਵੇਰੇ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਜਾਵੇਗਾ।