ਦਵਿੰਦਰ ਡੀ.ਕੇ. ਲੁਧਿਆਣਾ : 24 ਜੁਲਾਈ 2022
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਬੁਲਾਵੇ ਤੇ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ ਨੇ ਕਿਹਾ ਹੈ ਕਿ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਯੁਗ ਕਵੀ ਵਾਰਸ ਸ਼ਾਹ ਸਿਰਫ਼ ਸੁਖਨ ਦੇ ਵਾਰਿਸ ਹੀ ਨਹੀਂ ਯੁਗ ਵੇਦਨਾ ਦੇ ਕਵੀ ਸਨ। ਉਨ੍ਹਾਂ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਮੇਟੀ ਦਾ ਗਠਨ ਕਰਨ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਲਨਾਮਾ ਤਿਆਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਾਰਸ ਸ਼ਾਹ ਉਹ ਕਵੀ ਹੈ ਜਿਸ ਨੇ ਤਿੰਨ ਸਦੀਆਂ ਪਹਿਲਾਂ ਦੇ ਸਮਾਜਿਕ, ਸੱਭਿਆਚਾਰਕ ਤੇ ਭਾਈਚਾਰਕ ਇਤਿਹਾਸ ਨੂੰ ਕਲਮਬੱਧ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਇਸ ਤ੍ਰੈਸ਼ਤਾਬਦੀ ਨੂੰ ਮਨਾਉਣ ਦੀ ਯੋਜਨਾ ਉਲੀਕੀ ਜਾਵੇਗੀ।
ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਤੇ ਕਵੀ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਇੰਡੋ ਪਾਕਿ ਕਵੀ ਦਰਬਾਰ ਪੰਜਾਬ ਦੇ ਮਾਝਾ, ਮਾਲਵਾ, ਦੋਆਬਾ ਤੇ ਪੁਆਧ ਖੇਤਰ ਵਿੱਚ ਕਰਵਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਦੇ ਆਗੂਆਂ ਜਨਾਬ ਫ਼ਖ਼ਰ ਜ਼ਮਾਂ,ਡਾਃ ਦੀਪਕ ਮਨਮੋਹਨ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨਾਲ ਵੀ ਮਸ਼ਵਰਾ ਕੀਤਾ ਜਾਵੇਗਾ ਤਾਂ ਆਉਂਦੇ ਸਮੇਂ ਚ ਹੋਣ ਵਾਲੀ ਕਾਨਫਰੰਸ ਦਾ ਥੀਮ ਇਸ ਸਾਲ ਵਾਰਿਸ ਸ਼ਾਹ ਹੀ ਰੱਖਿਆ ਜਾਵੇ।
One thought on “ਵਾਰਿਸ ਸ਼ਾਹ ਸੁਖਨ ਦਾ ਵਾਰਿਸ ਹੀ ਨਹੀਂ, ਯੁਗ ਵੇਦਨਾ ਦਾ ਸ਼ਾਇਰ ਸੀ- ਦਰਸ਼ਨ ਬੁੱਟਰ”
Comments are closed.