TRIDENT-ਫੈਕਟਰੀ ਦੇ ਕਈ ਯੂਨਿਟ ਪੰਜ ਦਿਨ ਰਹਿਣਗੇ ਬੰਦ !
ਡਰੇਨ ਦਾ ਪਾਣੀ ਵੀ ਹੋਇਆ ਸਾਫ
ਫੈਕਟਰੀ ਮਾਲਿਕ ਦੀ ਬੋਲਬਾਣੀ ਵਿੱਚ ਸਾਫ ਦਿਖ ਰਿਹੈ, ਸੱਤਾ ‘ਚ ਹੋਏ ਬਦਲਾਅ ਦਾ ਅਸਰ
ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਕਿਸਾਨ ਸੰਘਰਸ਼ ਦਰਮਿਆਨ ਕਦੇ ਵੀ ਇੱਕ ਦਿਨ ਲਈ ਵੀ ਬੰਦ ਨਹੀਂ ਹੋਈ ਫੈਕਟਰੀ
ਹਰਿੰਦਰ ਨਿੱਕਾ , ਬਰਨਾਲਾ, 20 ਜੁਲਾਈ 2022
ਟ੍ਰਾਈਡੈਂਟ ਫੈਕਟਰੀ ਕਾਰਣ ਇਲਾਕੇ ਦਾ ਪੌਣ-ਪਾਣੀ ਕਥਿਤ ਤੌਰ ਤੇ ਪ੍ਰਦੂਸ਼ਿਤ ਹੋਣ ਦੇ ਮੁੱਦੇ ਤੇ ਕਿਸਾਨਾਂ ਵੱਲੋਂ ਫੈਕਟਰੀ ਦੇ ਬਾਹਰ ਪੰਜ ਦਿਨਾਂ ਲਈ ਧਰਨਾ ਦਿੱਤੇ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਫੈਕਟਰੀ ਦੇ ਨੇੜਿਉਂ ਲੰਘਦੀ ਡਰੇਨ ਦਾ ਪਾਣੀ ਸਾਫ ਹੋਣਾ ਸ਼ੁਰੂ ਹੋ ਗਿਆ ਹੈ । ਜਦੋਂਕਿ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਫੈਕਟਰੀ ‘ਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੰਜ ਦਿਨ ਲਈ ਫੈਕਟਰੀ ਦੇ ਕਾਫੀ ਯੂਨਿਟ ਬੰਦ ਕਰਕੇ ਛੁੱਟੀ ਰੱਖਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੇਅਰਮੈਨ ਦੁਆਰਾ ਇਸ ਸਬੰਧੀ, ਬਕਾਇਦਾ ਇੱਕ ਆਡੀੳ ਮੈਸੇਜ਼ ਭੇਜਿਆ ਗਿਆ ਹੈ। ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਹੁਦੇਦਾਰਾਂ ਨੇ ਦੁਹਰਾਇਆ ਹੈ ਕਿ ਉਨਾਂ ਵੱਲੋਂ ਐਲਾਨਿਆਂ ਪੰਜ ਦਿਨਾਂ ਰੋਸ ਧਰਨਾ 21 ਜੁਲਾਈ ਤੋਂ ਧੌਲਾ ਫੈਕਟਰੀ ਦੇ ਬਾਹਰ ਲਾਉਣ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਟੂਡੇ ਨਿਊਜ ਦੀ ਟੀਮ ਦੁਆਰਾ ਅੱਜ ਫੈਕਟਰੀ ਦੇ ਨੇੜੇ ਦੌਰਾ ਕੀਤਾ ਤਾਂ ਡਰੇਨ ਦੇ ਹਾਲਤ ਵਿੱਚ ਹੈਰਨੀਜਨਕ ਬਦਲਾਅ ਦੇਖਣ ਨੂੰ ਮਿਲਿਆ। ਕਾਫੀ ਲੰਬੇ ਅਰਸੇ ਤੋਂ ਡਰੇਨ ਵਿੱਚ ਵਹਿੰਦਾ ਕੈਮੀਕਲ ਯੁਕਤ ਗੰਦਗੀ ਵਾਲਾ ਪਾਣੀ, ਅੱਜ ਸਾਫ ਸਾਫ ਨਜ਼ਰ ਆਇਆ ਤੇ ਬਦਬੂ ਦੀ ਵੀ ਅਣਹੋਂਦ ਮਹਿਸੂਸ ਹੋਈ । ਇੱਨ੍ਹਾਂ ਹੀ ਨਹੀਂ, ਡਰੇਨ ਵਿੱਚ ਹਰ ਸਮੇਂ ਵਹਿੰਦੇ ਪਾਣੀ ਦੀ ਬਜਾਏ ਅੱਜ ਸਿਰਫ ਇੱਕ ਚੌਥਾਈ ਪਾਣੀ ਹੀ ਵਹਿ ਰਿਹਾ ਹੈ। ਬੇਸ਼ੱਕ ਕੁੱਝ ਦਿਨਾਂ ਲਈ ਹੀ ਸਹੀ, ਇਲਾਕੇ ਦੇ ਲੋਕਾਂ ਨੂੰ ਸ਼ੁੱਧ ਹਵਾ ਵਿੱਚ ਸਾਂਹ ਲੈਣ ਦਾ ਮੌਕਾ ਪ੍ਰਦਾਨ ਹੋਵੇਗਾ।
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ RG ਨੇ ਭਾਵੁਕ ਹੋ ਕੇ ਕਿਹਾ !
ਕਰੋਨਾ ਕਾਲ ਦੌਰਾਨ , ਜਦੋਂ ਪ੍ਰਦੇਸ਼ ਹੀ ਨਹੀਂ, ਪੂਰੇ ਦੇਸ਼ ਅੰਦਰ , ਵੱਡੇ ਛੋਟੇ , ਹਰ ਕਿਸਮ ਦੇ ਸਾਰੇ ਕਾਰੋਬਾਰ ਬੰਦ ਕਰਵਾ ਦਿੱਤੇ ਗਏ ਸਨ। ਉਦੋਂ ਵੀ, ਸਰਕਾਰ ਅਤੇ ਪ੍ਰਸ਼ਾਸ਼ਨ ਦੀ ਸਹਿਮਤੀ ਨਾਲ ਫੈਕਟਰੀ ਮਾਰੋ-ਮਾਰ ਚੱਲਦੀ ਰਹੀ ਸੀ। ਪਰੰਤੂ ਹੁਣ ਫੈਕਟਰੀ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਾਫੀ ਭਰੇ ਮਨ ਅਤੇ ਭਾਵੁਕ ਅੰਦਾਜ਼ ਵਿੱਚ ਫੈਕਟਰੀ ਦੇ ਸੰਘੇੜਾ ਅਤੇ ਧੌਲਾ ਕੰਪਲੈਕਸ ਵਿੱਚ ਹਰ ਹਾਲਤ ਵਿੱਚ 24 ਘੰਟੇ ਚਾਲੂ ਰਹਿੰਦੇ ਕਈ ਯੂਨਿਟ ਪੰਜ ਦਿਨ ਲਈ, ਬੰਦ ਰੱਖਣ ਦਾ ਨਿਰਣਾ ਲਿਆ ਹੈ। ਰਜਿੰਦਰ ਗੁਪਤਾ ਦੀ ਆਡੀੳ ਵਿੱਚ , ਕਿਸਾਨ ਸੰਘਰਸ਼ ਮੂਹਰੇ, ਉਸ ਦੀ ਬੇਵੱਸੀ ਦੀ ਝਲਕ ਪੈਂਦੀ ਹੈ। ਉਨਾਂ ਕਿਹਾ ਕਿ ਬੇਸ਼ੱਕ ਸਾਡੀ ਫੈਕਟਰੀ ਵਿੱਚ ਕੋਈ ਕਮੀ ਨਹੀਂ, ਫਿਰ ਵੀ ਅਸੀਂ, ਪ੍ਰਦਰਸ਼ਨਕਾਰੀਆਂ ਨਾਲ ਕਿਸੇ ਕਿਸਮ ਦਾ ਟਕਰਾਉ ਨਹੀਂ ਕਰਨਾ ਚਾਹੁੰਦੇ। ਹਰ ਕਿਸਮ ਦੇ ਸੰਭਾਵਿਤ ਟਕਰਾਉ ਦੀ ਸ਼ੰਕਾ ਪ੍ਰਗਟ ਕਰਦਿਆਂ ਗੁਪਤਾ ਨੇ ਕਿਹਾ ਕਿ ਕਾਰੋਬਾਰ ਦੇ ਹੋਏ ਨੁਕਸਾਨ ਦੀ ਭਰਪਾਈ ਤਾਂ ਹੋ ਜਾਂਦੀ ਹੈ, ਕਿਸੇ ਨੂੰ ਸੱਟ-ਫੇਟ , ਕੋਈ ਰੋਕ –ਟੋਕ, ਕੋਈ ਬਦਅਮਨੀ ਬਹੁਤ ਮੁਸ਼ਕਿਲ ਹੁੰਦੀ ਹੈ। ਆਪਣੇ ਵਰਗੇ ਲੋਕਾਂ ਨੂੰ ਫੇਸ ਕਰਨਾ ਪੈਂਦਾ ਹੈ। ਮੈਂ ਆਪਣੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕਿਸੇ ਵੀ ਕੀਮਤ ਤੇ, ਕੋਈ ਵੀ, ਕੁੱਝ ਵੀ ਹੋ ਜਾਵੇ, ਕਾਰੋਬਾਰ ਬੰਦ ਕਰਨੇ ਮਨਜੂਰ ਨੇ, ਘਰ ਜਾਣਾ ਮਨਜੂਰ ਐ, ਆਸੇ ਪਾਸੇ ਦੇ ਬੱਚੇ, ਜਿਹੜੇ ਦੂਰ ਦਰਾਜ਼ ਦੇ ਨੇ, ਹੋਸਟਲ ਵਿੱਚ ਰਹਿੰਦੇ ਹਨ, ਹਰ ਹਾਲਤ ਵਿੱਚ 20 ਜੁਲਾਈ ਦੀ ਸ਼ਾਮ ਨੂੰ ਹੀ ਆਪੋ-ਆਪਣੇ ਘਰ ਚਲੇ ਜਾਣ, ਕੋਈ ਬੱਸਾਂ ਨਾ ਚਲਾਉਣ, ਕੰਮ ਚਲਾਉਣ ਦੀ ਕੋਸ਼ਿਸ਼ ਨਾ ਕਰਨ । ਚਾਹੇ ਉਹ ਐਲਟੀਐਲ ਹੈ, ਚਾਹੇ ਬਾਥਰੋਬ, ਚਾਹੇ ਟੈਰੀਟਾਵਲ ਹੈ, ਚਾਹੇ ਸੰਘੇੜਾ ਯਾਰਨ ਹੈ। ਆਪਾਂ ਕਿਸੇ ਕਿਸਮ ਦੀ, ਜੋ ਉਨ੍ਹਾਂ ਬੰਦ ਕਰਨ ਲਈ ਕਾਲ ਦਿੱਤੀ ਹੈ, ਆਪਾਂ ਉਨਾਂ ਨੂੰ ਸਹਿਯੋਗ ਕਰੀਏ, ਆਪਣੀ ਕੋਈ ਤਾਕਤ ਵੀ ਨਹੀਂ ਹੈ, ਆਪਣੀ ਕੋਈ ਵਜ਼੍ਹਾ ਨਹੀਂ ਕਿ ਆਪਾਂ ਉਨਾਂ ਦੀ ਕੋਈ ਵਿਰੋਧਤਾ ਕਰੀਏ, ਕਰਨੀ ਵਾ ਨਹੀਂ ਚਾਹੀਦੀ। ਆਪਾਂ ਆਪਣਾ ਆਪਣਾ ਕੰਮ ਬੰਦ ਕਰ ਦੇਈਏ, ਕੋਈ ਉੱਚਾ ਨੀਵਾਂ ਬੋਲਦਾ ਹੈ, ਉਹ ਸਹਿਣਾ ਹੈ, ਕੋਈ ਐਸੀ ਸਥਿਤੀ/ਪ੍ਰਸਥਿਤੀ ਪੈਦਾ ਨਾ ਕਰੀਏ, ਜਿਸ ਨਾਲ ਆਪਣੀ ਬਦਨਾਮੀ ਹੋਵੇ, ਸਹਿਜਤਾ ਰੱਖਦੇ ਹੋਏ ਰਹਿਣਾ ਆਉਣਾ ਚਾਹੀਦਾ ਹੈ। ਕਾਰੋਬਾਰ ਚੱਲਦੇ ਰਹਿੰਦੇ ਨੇ, ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਘਰੇ ਰਹਿਣ। ਪ੍ਰਸ਼ਾਸ਼ਨ ਨਾਲ ਸਲਾਹ ਕਰਕੇ, ਤੁਹਾਨੂੰ ਸੱਦਾ ਦੇ ਕੇ ਘਰੋਂ ਬੁਲਾ ਲਵਾਂਗੇ। ਇਹ ਵਕਤ ਹੁੰਦੇ ਨੇ, ਵਕਤ ਦੀ ਨਜਾਕਤ, ਵਕਤ ਦੇ ਹਿਸਾਬ ਨਾਲ ਚੱਲਣਾ ਆਉਣਾ ਚਾਹੀਦਾ ਹੈ। ਗੁਪਤਾ ਨੇ ਕਿਹਾ ਕਿ ਅਸੀਂ ਉਨ੍ਹਾਂ ਮੂਹਰੇ ਗੋਡੇ ਟੇਕ ਦਿੱਤੇ ਹਨ,ਸਾਡੀ ਕੋਈ ਤਾਕਤ ਨਹੀਂ, ਅਸੀਂ ਉਨ੍ਹਾਂ ਦਾ ਮੁਕਾਬਲਾ ਕਰ ਸਕੀਏ ,ਅਸੀਂ ਉਨ੍ਹਾਂ ਦੇ ਵਿਰੋਧ ਦਾ ਸਬਰ ਨਾਲ ਸਾਹਮਣਾ ਕਰਾਂਗੇ, ਹਰ ਹਾਲਤ ਵਿੱਚ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ ਹੈ। ਕਾਰੋਬਾਰ ਚੱਲਦੇ ਰਹਿੰਦੇ ਹਨ, ਦੁੱਖ ਸੁੱਖ , ਵਾਧਾ ਘਾਟਾ, ਜੀਵਨ ਮਰਨ, ਹਾਨੀ ਲਾਭ, , ਸਭ ਪ੍ਰਮਾਤਮਾ ਦੇ ਹੱਥ ਡੋਰੀ ਹੈ। ਧੰਨਵਾਦ, ਜੈ ਹਿੰਦ, ਸਤਿ ਸ੍ਰੀ ਅਕਾਲ।