100 ਏਕੜ ਵਿੱਚ ਬਣਨਗੇ ਮਿੰਨੀ ਜੰਗਲ, ਵੰਨ-ਸੁਵੰਨੀਆਂ ਬਨਸਪਤੀਆਂ ਤੇ ਜੀਵ-ਜੰਤੂਆਂ ਲਈ ਬਡਬਰ ’ਚ ਬਣੇਗਾ ਵੈੱਟਲੈਂਡ
ਵਾਤਾਵਰਣ ਮੰਤਰੀ ਵੱਲੋਂ ਨੌਜਵਾਨ ਪੀੜੀ ਨੂੰ ‘ਗਰੀਨ ਬ੍ਰਿਗੇਡ’ ਬਣ ਕੇ ਮੁਹਿੰਮ ਦੀ ਅਗਵਾਈ ਦਾ ਸੱਦਾ
ਹਰਿੰਦਰ ਨਿੱਕਾ , ਬਰਨਾਲਾ, 20 ਜੁਲਾਈ 2022
ਪੰਜਾਬ ਸਰਕਾਰ ਸੂਬੇ ਵਿੱਚ ਹਰਿਆਲੀ ਵਧਾਉਣ ਲਈ ਵਚਨਬੱਧ ਹੈ ਤੇ ਇਸ ਸੋਚ ਨੂੰ ਅਮਲੀ ਜਾਮਾ ਪਾਉਣ ਲਈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮੁਹਿੰਮ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਬਰਨਾਲਾ ਵੱਲੋਂ ਇਸ ਸਾਲ 6 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਛੋਟਾ ਖੇਤਰ ਹੋਣ ਦੀ ਬਜਾਏ ਵੱਡੀ ਗਿਣਤੀ ਪੌਦੇ ਲਗਾ ਕੇ ਜ਼ਿਲਾ ਬਰਨਾਲਾ ਇਸ ਲਹਿਰ ਦੀ ਅਗਵਾਈ ਕਰੇਗਾ।
ਇਹ ਪ੍ਰਗਟਾਵਾ ਵਾਤਾਵਰਨ, ਵਿਗਿਆਨ ਅਤੇ ਤਕਨਾਲੋਜੀ, ਖੇਡਾਂ ਅਤੇ ਯੁਵਕ ਸੇਵਾਵਾਂ, ਉਚੇਰੀ ਸਿੱਖਿਆ ਮੰਤਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਵੱਲੋਂ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ 50000 ਬੂਟੇ ਅਤੇ 115 ਤਿ੍ਰਵੇਣੀ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਪਰ ਜ਼ਿਲਾ ਬਰਨਾਲਾ ਨੇ ਨਵੀਂ ਪੁਲਾਂਘਾਂ ਪੁੱਟਦਿਆਂ ਕੁੱਲ 6 ਲੱਖ ਤੇ ਹਰ ਹਲਕੇ ’ਚ 2 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਸਿੱਖਿਆ ਤੇ ਜੰਗਲਾਤ ਵਿਭਾਗ ਦੀ ਸ਼ਮੂਲੀਅਤ ਨਾਲ 2.5 ਲੱਖ ਬੂਟੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਸਾਰੇ 287 ਸਰਕਾਰੀ ਸਕੂਲਾਂ ਵਿੱਚ ਪੌਦੇ ਲਗਾਏ ਜਾ ਰਹੇ ਹਨ ਤੇ ਬਾਕੀ ਰਹਿੰਦੇ ਬੂਟੇ ਵੀ ਛੇਤੀ ਹੀ ਤਰਤੀਬਵਾਰ ਤਰੀਕੇ ਨਾਲ ਲਗਾਏ ਜਾਣਗੇ।ਉਨਾਂ ਕਿਹਾ, “ਜ਼ਿਲਾ ਬਰਨਾਲਾ ’ਚ ਉਨਾਂ ਥਾਵਾਂ ਉੱਤੇ ਪੌਦੇ ਲਗਾਏ ਜਾ ਰਹੇ ਹਨ ਜਿਨਾਂ ਦੇ ਆਸ-ਪਾਸ ਵਾੜ ਹੈ ਜਾਂ ਵਾੜ ਕੀਤੀ ਜਾਵੇਗੀ ਤਾਂ ਜੋ ਬੂਟਿਆਂ ਦੇ ਬਚਣ/ਚੱਲਣ ਦੀ ਦਰ ਵਧ ਸਕੇ। ਅਸੀਂ ਇਸ ਪਹੁੰਚ ਨਾਲ ਪੌਦਿਆਂ ਦੀ ਬਚਣ ਦੀ ਦਰ ਨੂੰ 80 ਪ੍ਰਤੀਸ਼ਤ ਤੱਕ ਸੁਰੱਖਿਅਤ ਕਰਨਾ ਚਾਹੁੰਦੇ ਹਾਂ।’’ ਉਨਾਂ ਅੱਗੇ ਦੱਸਿਆ ਕਿ ਹੰਡਿਆਇਆ, ਤਾਜੋਕੇ, ਜੰਗੀਆਣਾ, ਬੀਹਲਾ, ਠੀਕਰੀਵਾਲ, ਮਹਿਲ ਕਲਾਂ ਤੇ ਮਨਾਲ ਵਿਚ ਮਿੰਨੀ ਜੰਗਲ ਵਿਕਸਤ ਕਰਨ ਲਈ 100 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਗਈ ਹੈ, ਜਦਕਿ ਜ਼ਿਲੇ ਦੇ 300 ਏਕੜ ਰਕਬੇ ਵਿੱਚ ਅਜਿਹੇ ਜੰਗਲ ਵਿਕਸਤ ਕਰਨ ਦਾ ਟੀਚਾ ਹੈ।ਪਿਛਲੇ ਕੁਝ ਸਾਲਾਂ ਦੌਰਾਨ ਬਰਨਾਲਾ ’ਚ ਜ਼ਮੀਨਦੋਜ ਪਾਣੀ ਦੇ ਨਿਰੰਤਰ ਡਿੱਗਦੇ ਪੱਧਰ ’ਤੇ ਚਿੰਤਾ ਪ੍ਰਗਟ ਕਰਦਿਆਂ ਮੰਤਰੀ ਨੇ ਕਿਹਾ ਕਿ ਆਉਦੇ ਸਾਲਾਂ ’ਚ ਇਹ ਸਥਿਤੀ ਬਦਲ ਜਾਵੇਗੀ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਅਤੇ ਛੱਤਾਂ ’ਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਜ਼ਮੀਨ ’ਚ ਰੀਚਾਰਜ ਕਰਨ ਸਬੰਧੀ ਢਾਂਚੇ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵੈਟਲੈਂਡ ਵਿਕਸਤ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਤੇ ਪਿੰਡ ਬਡਬਰ ਵਿਖੇ 100 ਏਕੜ ਜ਼ਮੀਨ ਦੀ ਸ਼ਨਾਖਤ ਇਸ ਵਾਸਤੇ ਕੀਤੀ ਹੈ, ਜਿਸ ਵਿੱਚ ਆਮ ਜੰਗਲਾਂ ਨਾਲੋਂ ਵਧੇਰੇ ਵੰਨ-ਸੁਵੰਨੇ ਬਨਸਪਤੀ ਅਤੇ ਜੀਵ-ਜੰਤੂ ਹੁੰਦੇ ਹਨ।
ਉਨਾਂ ਸਕੂਲੀ ਵਿਦਿਆਰਥੀਆਂ ਨੂੰ ਨੌਜਵਾਨ ਬਿ੍ਰਗੇਡ ਵਜੋਂ ਇਸ ਲਹਿਰ ਦੀ ਅਗਵਾਈ ਕਰਨ ਦਾ ਸੱਦਾ ਦਿੰਦਿਆਂ ਹਰ ਸਾਲ ਘੱਟੋ-ਘੱਟ ਇੱਕ ਬੂਟਾ ਲਗਾਉਣ ਅਤੇ ਉਨਾਂ ਦੀ ਸੰਭਾਲ ਕਰਨ ਲਈ ਕਿਹਾ। ਉਨਾਂ ਨੌਜਵਾਨ ਪੀੜੀ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਅਤੇ ਵਾਤਾਵਰਨ ਪੱਖੀ ਜੀਵਨ ਢੰਗ ਅਪਣਾਉਣ ਸਬੰਧੀ ਪ੍ਰੇਰਤ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ, ਏ.ਡੀ.ਸੀ ਸ੍ਰੀ ਪਰਮਵੀਰ ਸਿੰਘ, ਐਸ.ਡੀ.ਐਮ ਸ੍ਰੀ ਗੋਪਾਲ ਸਿੰਘ, ਜ਼ਿਲਾ ਸਿਖਿਆ ਅਫਸਰ ਸ੍ਰੀ ਸਰਬਜੀਤ ਸਿੰਘ ਤੂਰ, ਡਿਪਟੀ ਜ਼ਿਲਾ ਸਿਖਿਆ ਅਫਸਰ ਹਰਕੰਵਲਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਹਰੇਕ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣੇ ਹਨ ਖਾਸ ਕਿਸਮ ਦੇ ਬੂਟੇ
ਸਕੂਲਾਂ ਵਿੱਚ ਬੂਟੇ ਲਾਉਣ ਦੇ ਖਾਕੇ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਚੌਥੀ, ਪੰਜਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਮਰੂਦ ਦੇ ਬੂਟੇ, ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਿੰਮ ਜਾਂ ਬਰਮਾ ਡੇਕ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਾਮੁਨ ਦੇ ਬੂਟੇ ਦਿੱਤੇ ਜਾ ਰਹੇ ਹਨ। ਨੌਵੀਂ ਤੋਂ +2 ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਆਂਵਲਾ ਅਤੇ ਇਸੇ ਜਮਾਤ ਦੇ ਲੜਕਿਆਂ ਨੂੰ ਆਂਵਲੇ ਦੇ ਬੂਟੇ ਦਿੱਤੇ ਜਾਣਗੇ, ਜੋ ਕਿ ਸੰਘਣੇ ਛਾਂ ਦੇ ਦਰੱਖਤ ਬਣ ਜਾਣਗੇ।
ਹੋਣਹਾਰ ਵਿਦਿਆਰਥੀ ਸਨਮਾਨਿਤ
ਸਮਾਗਮ ਵਿੱਚ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੂੰ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਸੂਬੇ ’ਚੋਂ ਅੱਵਲ ਆਉਣ ਤੇ ਸਰਕਾਰੀ ਸਕੂਲ ਜੁਮਲਾ ਮਾਲਕਣ ਦੀ ਰਿਚਿਕਾ ਨੂੰ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਸੂਬੇ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਵਿੱਚੋਂ ਸਰਕਾਰੀ ਸਕੂਲ ਛਾਪਾ ਦੇ ਗੁਰਸੇਵਕ ਸਿੰਘ ਨੂੰ ਸੂਬੇ ਵਿੱਚੋਂ ਸੱਤਵਾਂ ਸਥਾਨ ਪ੍ਰਾਪਤ ਕਰਨ ਲਈ, ਸਰਕਾਰੀ ਸਕੂਲ ਬਰਨਾਲਾ ਦੇ ਨਿਆਮਤ ਏ ਮੀਤ ਨੂੰ ਰਾਜ ਵਿੱਚੋਂ 10ਵਾਂ ਸਥਾਨ ਪ੍ਰਾਪਤ ਕਰਨ ਲਈ ਅਤੇ ਨਵਜੋਤ ਕੌਰ ਨੂੰ ਰਾਜ ਵਿੱਚੋਂ 14ਵਾਂ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਮਨਦੀਪ ਕੌਰ ਨੂੰ +2 ਜਮਾਤ ਵਿੱਚ ਸੂਬੇ ਵਿੱਚੋਂ 8ਵਾਂ ਰੈਂਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।
ਖੇਡ ਮੰਤਰੀ ਵੱਲੋਂ ਹਰੀਗੜ ਸਕੂਲ ’ਚ ਓਪਨ ਜਿਮ ਦਾ ਉਦਘਾਟਨ
ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ ’ਚ ਸਮਾਗਮ ਦੌਰਾਨ ਅੱਜ ਕੌਮੀ ਪੱਧਰ ’ਤੇ ਫੁੱਟਬਾਲ ਵਿਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਸਨਮਾਨ ਕੀਤਾ ਅਤੇ ਸਕੂਲ ’ਚ ਓਪਨ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਸਕੂਲ ’ਚ ਫੁੱਟਬਾਲ ਦਾ ਆਧੁਨਿਕ ਮੈਦਾਨ ਤਿਆਰ ਕਰਵਾਇਆ ਜਾਵੇਗਾ ਤਾਂ ਜੋ ਫੁੱਟਬਾਲ ਖੇਡ ਨੂੰ ਹੋਰ ਹੁਲਾਰਾ ਮਿਲ ਸਕੇ। ਇਸ ਮੌਕੇ ਉਨਾਂ ਬੋਰਡ ਦੀਆਂ ਜਮਾਤਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।