ਅੰਡਰਬ੍ਰਿਜ ਬੰਦ ਤੇ ਢਹਿ ਢੇਰੀ ਹੋਈ ਅਫਸਰਾਂ ਦੇ ਇਲਾਕੇ ਦੀ ਕੰਧ
ਹਰਿੰਦਰ ਨਿੱਕਾ , ਬਰਨਾਲਾ, 21 ਜੁਲਾਈ 2022
ਮੌਨਸੂਨ ਦੀ ਖੁੱਲ੍ਹ ਕੇ ਹੋਈ ਪਹਿਲੀ ਬਾਰਿਸ਼ ਨਾਲ ਹੀ, ਸ਼ਹਿਰ ਅੰਦਰ ਪਾਣੀ ਪਾਣੀ ਹੋ ਗਿਆ। ਘਰਾਂ ਵਿੱਚ ਬੈਠੇ ਲੋਕ, ਸਵੇਰੇ ਆਪੋ-ਆਪਣੇ ਕੰਮਾਂ ਕਾਰਾਂ ਦੇ ਲਈ ਘਰੋਂ ਬਾਹਰ ਨਿੱਕਲਣ ਲੱਗੇ ਤਾਂ ਉਨ੍ਹਾਂ ਖੁਦ ਨੂੰ ਚੁਫੇਰਿਉਂ, ਪਾਣੀ ਵਿੱਚ ਘਿਰਿਆ ਪਾਇਆ । ਸ਼ਹਿਰ ਦਾ ਲੱਗਭੱਗ ਕੋਈ ਵੀ ਅਜਿਹਾ ਖੇਤਰ ਨਹੀਂ ਹੋਵੇਗਾ, ਜਿੱਥੇ ਬਾਰਿਸ਼ ਦੇ ਜਮ੍ਹਾਂ ਪਾਣੀ ਨੇ ਲੋਕਾਂ ਦਾ ਰਾਹ ਨਹੀਂ ਰੋਕਿਆ ਹੋਵੇਗਾ। ਸ਼ਹਿਰ ਦੀਆਂ ਅੰਦਰੂਨ ਸੜ੍ਹਕਾਂ ਨੇ ਨਹਿਰਾਂ ਦਾ ਰੂਪ ਧਾਰਿਆ ਹੋਇਆ ਹੈ। ਕੁੱਝ ਘੰਟਿਆਂ ਦੀ ਬਾਰਿਸ਼ ਨੇ ਹੀ, ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਲਈ, ਖਰਚੇ ਕਰੋੜਾਂ ਰੁਪਏ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹ ਪਹਿਲਾਂ ਮੌਕਾ ਹੀ ਹੋਵੇਗਾ ਕਿ ਬਰਸਾਤਾਂ ਤੋਂ ਪਹਿਲਾਂ , ਨਗਰ ਕੌਂਸਲ ਵੱਲੋਂ, ਨਿਕਾਸੀ ਨਾਲਿਆਂ ਅਤੇ ਸੀਵਰੇਜ ਦੀ ਸਫਾਈ ਹੀ ਨਹੀਂ ਕਰਵਾਈ, ਜਿਸ ਦੀ ਬਦੌਲਤ ਅੱਜ ਸੀਵਰੇਜ ਸਿਸਟਮ ਜਾਮ ਹੋ ਗਿਆ ਤੇ ਹਾਲੇ ਕਈ ਘੰਟੇ, ਸ਼ਹਿਰ ਦੇ ਲੋਕਾਂ ਨੂੰ ਸ਼ਹਿਰ ਦੀਆਂ ਗਲੀਆਂ/ਮੁਹੱਲਿਆਂ ਅਤੇ ਬਜਾਰਾਂ ਵਿੱਚ ਭਰੇ ਪਾਣੀ ਤੋਂ ਨਿਜਾਤ ਮਿਲਣ ਦੇ ਕੋਈ ਆਸਾਰ, ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੇ। ਬਾਰਿਸ਼ ਦਾ ਪਾਣੀ, ਜਮ੍ਹਾਂ ਹੋ ਜਾਣ ਤੋਂ ਬਾਅਦ, ਨਗਰ ਕੌਂਸਲ ਦੇ ਈੳ` ਮਨਪ੍ਰੀਤ ਸਿੰਘ ਅਤੇ ਜੇਈ ਸਲੀਮ ਮੁਹੰਮਦ ਜੱਲ੍ਹਾ ਨੇ ਸਰਕਾਰੀ ਜੀਪ ਵਿੱਚ ਘੁੰਮ ਕੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਥੰਮ੍ਹ ਗਈ ਵਹੀਕਲਾਂ ਦੀ ਰਫਤਾਰ
ਸ਼ਹਿਰ ਦੇ ਵਂਖ ਵੱਖ ਪਾਸਿਆਂ ਤੋਂ ਬਾਜਾਰਾਂ ਵੱਲ ਜਾਂਦੇ ਲੱਗਭੱਗ ਸਾਰੇ ਹੀ ਮੁੱਖ ਰਾਸਤਿਆਂ ਤੇ ਪਾਣੀ ਭਰਿਆ ਹੋਣ ਕਾਰਣ, ਵਹੀਕਲਾਂ ਦੀ ਰਫਤਾਰ , ਥੰਮ੍ਹ ਜਿਹੀ ਗਈ। ਮੋਟਰਸਾਈਕਲ,ਸਕੂਟਰ,ਸਕੂਟਰੀਆਂ ਅਤੇ ਛੋਟੀਆਂ ਗੱਡੀਆਂ ਪਾਣੀ ਵਿੱਚ ਬੰਦ ਹੁੰਦੀਆਂ ਦਿਖੀਆ। ਲੋਕ ਪੈਦਲ ਹੀ, ਆਪਣੇ ਵਹੀਕਲਾਂ ਨੂੰ ਪਾਣੀ ਵਿੱਚੋਂ ਖਿੱਚ ਕੇ ਲਿਜਾਣ ਲਈ, ਮਜਬੂਰ ਹੋ ਗਏ। ਬਜਾਰਾਂ ਦੀਆਂ ਬਹੁਤੀਆਂ ਦੁਕਾਨਾਂ ਖਬਰ ਲਿਖੇ ਜਾਣ ਤੱਕ, ਬੰਦ ਹੀ ਹਨ। ਸ਼ਹਿਰ ਦਾ ਇਕਲੌਤਾ ਅੰਡਰਬ੍ਰਿਜ ਵੀ, ਬਾਰਿਸ਼ ਦੇ ਪਾਣੀ, ਅੱਗੇ ਬੇਵੱਸ ਜਿਹਾ ਨਜ਼ਰ ਆਇਆ।
ਪਾਣੀ ‘ਚ ਢਹਿ ਢੇਰੀ ਹੋ ਗਈ, ਅਫਸਰਾਂ ਦੇ ਰਿਹਾਇਸ਼ੀ ਇਲਾਕੇ ਦੀ ਦੀਵਾਰ
ਜਿਲ੍ਹਾ ਅਦਾਲਤੀ ਕੰਪਲੈਕਸ ਦੇ ਬਿਲਕੁਲ ਸਾਹਮਣੇ ਅਤੇ ਪੀਡਬਲਿਯੂਡੀ ਰੈਸਟ ਹਾਊਸ ਦੇ ਨਾਲ ਲੱਗਦੀ ਆਲ੍ਹਾ ਅਧਿਕਾਰੀਆਂ ਅਤੇ ਜਿਊਡੀਸ਼ਅਲ ਅਧਿਕਾਰੀਆਂ ਦੇ ਰਿਹਾਇਸ਼ੀ ਇਲਾਕੇ ਦੀ ਚਾਰਦੀਵਾਰੀ, ਬਾਰਿਸ਼ ਕਾਰਣ, ਢਹਿ ਢੇਰੀ ਹੋ ਗਈ। ਬੇਸ਼ੱਕ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰੰਤੂ ਸੁਰੱਖਿਆ ਦੇ ਪੱਖ ਤੋਂ ਕਾਫੀ ਅਹਿਮੀਅਤ ਰੱਖਦਾ ਇਹ ਰਿਹਾਇਸ਼ੀ ਖੇਤਰ ਦੀਵਾਰ ਡਿੱਗ ਜਾਣ ਕਾਰਣ, ਅਸੁਰੱਖਿਅਤ ਹੋ ਗਿਆ। ਬਾਰਿਸ਼ ਨਾਲ, ਹੀ ਚਾਰਦੀਵਾਰੀ ਦੇ ਇਸ ਢੰਗ ਨਾਲ ਢਹਿ ਢੇਰੀ ਹੋਣ ਤੋਂ ਬਾਅਦ, ਦੀਵਾਰ ਲਈ ਵਰਤੇ ਮੈਟੀਰੀਅਲ ਤੇ ਵੀ ਉੱਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੀਆਂ ਕਈ ਕਲੋਨੀਆਂ ਦੇ ਪਾਣੀ ਨਿਕਾਸੀ ਦੇ ਨਾਖਿਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਵੱਖ ਵੱਖ ਕਲੋਨੀਆਂ ਵਿੱਚ ਰਹਿੰਦੇ, ਲੋਕਾਂ ਨੇ ਆਪੋ-ਆਪਣੀਆਂ ਕਲੋਨੀਆਂ ਅੰਦਰ, ਬਾਰਿਸ਼ ਤੋਂ ਬਾਅਦ ਪੈਦਾ ਹੋਈ ਹਾਲਤ ਨੂੰ ਬਿਆਨ ਕਰਦੀਆਂ ਤਸਵੀਰਾਂ ਤੇ ਵੀਡੀਉ ਜਨਤਕ ਕੀਤੀਆਂ ਹਨ। ਨਗਰ ਕੌਂਸਲ ਦੇ ਖੇਤਰ ਅੰਦਰ ਬਰਸਾਤ ਤੋਂ ਬਾਅਦ ਪੈਦਾ ਹੋਈ ਨਿਕਾਸੀ ਦੀ ਸਮੱਸਿਆ ਬਾਰੇ, ਈਉ ਮਨਪ੍ਰੀਤ ਸਿੰਘ ਦਾ ਪੱਖ ਜਾਣਨ ਲਈ, ਫੋਨ ਕੀਤਾ, ਪਰੰਤੂ ਉਨ੍ਹਾਂ ਦਾ ਫੋਨ ਵਿਜੀ ਹੀ ਚਲਦਾ ਰਿਹਾ।