ਕਿਸਾਨ ਆਗੂਆਂ ਨੇ ਕਿਹਾ, ਫੈਕਟਰੀ ਮਾਲਿਕ ,ਫੈਕਟਰੀ ਕਰਮਚਾਰੀਆਂ ਨੂੰ ਫੈਕਟਰੀ ਬੰਦ ਕਰਨ ਲਈ ਕਹਿ ਕੇ, ਪੈਦਾ ਕਰ ਰਿਹੈ,ਭਰਮ
ਹਰਿੰਦਰ ਨਿੱਕਾ , ਬਰਨਾਲਾ 21 ਜੁਲਾਈ 2022
ਸੰਸਾਰ ਬੈਂਕ ਤੋਂ ਪਾਣੀ ਬਚਾਓ ਅਤੇ ਖੇਤੀ ਬਚਾਓ ਮੁਹਿੰਮ ਤਹਿਤ ਸ਼ੁਰੂ ਕੀਤੇ ਸੰਘਰਸ਼ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤਾਲਮੇਲਵੇਂ ਸੱਦੇ ਤੇ ਬਰਨਾਲਾ ਨੇੜੇ ਅੱਜ ਟਰਾਈਡੈਂਟ ਫੈਕਟਰੀ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿਨ ਰਾਤ ਦਾ ਪੰਜ ਰੋਜਾ ਮੋਰਚਾ ਸ਼ੁਰੂ ਕਰ ਦਿੱਤਾ ਹੈ।। ਬਾਰਿਸ਼ ਦੇ ਬਾਵਜੂਦ ਅੱਜ ਜਿਲਾ ਬਠਿੰਡਾ, ਮਾਨਸਾ ਅਤੇ ਬਲਾਕ ਬਰਨਾਲਾ ਦੇ ਕਿਸਾਨ ਔਰਤਾਂ ਸਮੇਤ ਟਰੈਕਟਰ ਟਰਾਲੀਆਂ ਉੱਪਰ ਆਪਣਾ ਰਹਿਣ ਅਤੇ ਰਾਸ਼ਨ ਦਾ ਪ੍ਰਬੰਧ ਕਰ ਕੇ ਪੂਰੀ ਤਿਆਰੀ ਨਾਲ ਮੋਰਚੇ ਵਿਚ ਪਹੁੰਚੇ , ਜਿਸ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਪੰਜਾਬ ਦੇ ਪਾਣੀਆਂ ਤੇ ਸੰਸਾਰ ਬੈਂਕ ਦੀਆਂ ਹਦਾਇਤਾਂ ਅਨੁਸਾਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ।ਪੰਜਾਬ ਦੇ ਲੋਕਾਂ ਨੂੰ ਪਾਣੀ ਮੁੱਲ ਵੇਚਣ ਲਈ ਪਾਣੀ ਸੋਧਣ ਵਾਲੇ ਵੱਡੇ ਵੱਡੇ ਪ੍ਰਾਜੈਕਟ ਸੂਬੇ ਵਿਚ ਲੱਗਣੇ ਸ਼ੁਰੂ ਹੋ ਗਏ ਹਨ । ਇਨ੍ਹਾਂ ਕੰਪਨੀਆਂ ਤੋਂ ਪਾਣੀ ਮੁੱਲ ਲੈ ਕੇ ਪੀਣ ਲਈ ਲੋਕਾਂ ਨੂੰ ਮਜਬੂਰ ਕਰਨ ਵਾਸਤੇ ਟਰਾਈਡੈਂਟ ਕੰਪਨੀ ਸਮੇਤ ਵੱਡੇ ਸਨਅਤੀ ਘਰਾਣਿਆਂ ਵੱਲੋਂ ਫੈਕਟਰੀਆਂ ਦਾ ਤੇਜ਼ਾਬੀ ਅਤੇ ਗੰਦਾ ਪਾਣੀ ਦਰਿਆਵਾਂ ,ਨਦੀਆਂ, ਨਾਲਿਆਂ ਵਿੱਚ ਸੁੱਟ ਕੇ ਕੁਦਰਤੀ ਸੋਮਿਆਂ ਦਾ ਪਾਣੀ ਪੀਣ ਯੋਗ ਨਹੀਂ ਛੱਡਿਆ । ਉਨ੍ਹਾਂ ਦੋਸ਼ ਲਾਇਆ ਕਿ ਟਰਾਈਡੈਂਟ ਕੰਪਨੀ ਦਾ ਮਾਲਿਕ ਰਜਿੰਦਰ ਗੁਪਤਾ ਆਪਣੇ ਅੰਨ੍ਹੇ ਮੁਨਾਫ਼ੇ ਲਈ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਧਰਤੀ ਵਿੱਚ ਪਾ ਰਿਹਾ ਹੈ ਅਤੇ ਫੈਕਟਰੀ ਨਾਲ ਲੱਗਦੀ ਡਰੇਨ ਵਿੱਚ ਵੀ ਬਿਨਾਂ ਸੋਧਿਆ ਸੁੱਟ ਰਿਹਾ ਹੈ । ਜਿਸ ਨਾਲ ਇਲਾਕੇ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਹੀ ਨਹੀਂ ਸਗੋਂ ਖੇਤੀ ਲਈ ਵੀ ਨੁਕਸਾਨਦਾਇਕ ਹੋ ਗਿਆ ਹੈ । ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੈਕਟਰੀ ਮਾਲਕ ਨੇ ਫੈਕਟਰੀ ਬੰਦ ਕਰ ਕੇ ਮੁਲਾਜ਼ਮਾਂ ਨੂੰ ਆਪੋ ਆਪਣੇ ਘਰੀਂ ਤੋਰ ਦਿੱਤਾ ਹੈ ਤਾਂ ਕਿ ਇਨ੍ਹਾਂ ਕਾਮਿਆਂ ਦੇ ਪਰਿਵਾਰਾਂ ਵਿੱਚ ਭੁਲੇਖਾ ਖੜਾ ਹੋ ਸਕੇ ਕਿਸਾਨਾਂ ਨੇ ਫੈਕਟਰੀ ਘੇਰਨੀ ਹੈ ਜਦੋਂ ਕਿ ਜਥੇਬੰਦੀਆਂ ਦਾ ਅਜੇ ਫੈਕਟਰੀ ਘੇਰਨ ਦਾ ਕੋਈ ਫੈਸਲਾ ਨਹੀਂ । ਉਨ੍ਹਾਂ ਕਿਹਾ ਕਿ ਇਹ ਮੋਰਚਾ ਸਰਕਾਰ ਤੋਂ ਪਾਣੀਆਂ ਤੇ ਸੰਸਾਰ ਬੈਂਕ ਦਾ ਕਬਜ਼ਾ ਬੰਦ ਕਰਵਾਉਣ , ਧਰਤੀ ਅਤੇ ਦਰਿਆਈ ਪਾਣੀਆਂ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ, ਦਰਿਆਵਾਂ ਅਤੇ ਹੜ੍ਹਾਂ ਦੇ ਪਾਣੀ ਦੀ ਸੰਭਾਲ ਦਾ ਪ੍ਰਬੰਧ ਕਰਵਾਉਣ,ਪਾਣੀ ਨੂੰ ਜ਼ਹਿਰੀਲਾ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਕਾਰਵਾਈ ਕਰਾਉਣ ਅਤੇ ਹਰ ਖੇਤ ਤਕ ਨਹਿਰੀ ਪਾਣੀ। ਪੁੱਜਦਾ ਕਰਨ ਲਈ,ਝੋਨੇ ਖੇਤੀ ਦੇ ਬਦਲ ਹੋਰਨਾਂ ਫ਼ਸਲਾਂ ਦਾ ਲਾਹੇਵੰਦ ਭਾਅ ਮਿਥ ਕੇ ਉਨ੍ਹਾਂ ਦਾ ਸਰਕਾਰੀ ਖਰੀਦ ਦੀ ਗਾਰੰਟੀ ਕਰਵਾਉਣ ਆਦਿ ਮੰਗਾਂ ਲਈ ਹੈ ।
ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ,ਜ਼ਿਲ੍ਹਾ ਬਠਿੰਡਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਬਰਨਾਲਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਔਰਤ ਜੱਥੇਬੰਦੀ ਦੇ ਸੂਬਾ ਆਗੂ ਹਰਿੰਦਰ ਬਿੰਦੂ ਨੇ ਵੀ ਸੰਬੋਧਨ ਕੀਤਾ ।
One thought on “Trident ਮੂਹਰੇ, ਕਿਸਾਨਾਂ ਦਾ ਧਰਨਾ ਸ਼ੁਰੂ , ਫੈਕਟਰੀ ਮਾਲਿਕ ਗਰਜੇ ਕਿਸਾਨ”
Comments are closed.