ਰਘਵੀਰ ਹੈਪੀ, ਬਰਨਾਲਾ 22 ਜੁਲਾਈ 2022
ਦੇਸ਼ ਤੇ ਰਾਜ ਕਰਦੀ ਭਾਜਪਾ ਹਕੂਮਤ ਨੇ ਜਿੱਥੇ ਘੱਟ ਗਿਣਤੀ ਮੁਸਲਿਮ ਤਬਕੇ, ਦਲਿਤਾਂ, ਬੁੱਧੀਜੀਵੀਆਂ,ਪੱਤਰਕਾਰਾਂ ਖਿਲਾਫ਼ ਫਿਰਕੂਫਾਸ਼ੀ ਹੱਲਾ ਤੇਜ਼ ਕੀਤਾ ਹੋਇਆ ਹੈ, ਉੱਥੇ ਹੀ ਨਵੇਂ ਆਰਥਿਕ ਹੱਲੇ ਰਾਹੀਂ ਲੋਕ ਦੁਸ਼ਮਣੀ ਦੀ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ ਹੈ। ਲੁਟੇਰੀ ਜਮਾਤ ਦੀ ਨੁਮਾਇੰਦਾ ਹਕੂਮਤ ਨੇ ਹੁਣ ਆਮ ਗਰੀਬ ਜਨਤਾ, ਛੋਟੇ ਕਿਰਤੀ ਵਰਗ ਦੀਆਂ ਆਂਦਰਾਂ ਨੂੰ ਹੱਥ ਪਾ ਲਿਆ ਹੈ। ਇਹ ਵਿਚਾਰ ਅੱਜ ਇੱਥੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ, ਸੂਬਾ ਕਮੇਟੀ ਮੈਂਬਰ ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮਹੱਬਤ ਨੇ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ਰਮੀ,ਢੀਠਤਾਈ ਤੇ ਲੋਕ ਦੁਸ਼ਮਣੀ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾਉਂਦਿਆਂ ਆਮ ਲੋਕਾਈ ਦੀਆਂ ਬੁਨਿਆਦੀ ਲੋੜਾਂ ਡਿੱਬਾ ਬੰਦ ਖਾਧ ਪਦਾਰਥਾਂ, ਚਾਵਲ,ਆਟਾ,ਦਾਲ, ਮੈਦਾ, ਸੂਜੀ,ਦਹੀਂ,ਕਾਗਜ,ਪੈਨਸਿਲ,ਸਿਆਹੀ,ਢਾ ਬੇ ਦੀ ਰੋਟੀ ਅਤੇ ਹੋਰ ਦਰਜਨਾਂ ਵਸਤਾਂ ਤੇ ਹੋਰ 5 ਪ੍ਰਤੀਸ਼ਤ ਜੀ ਐਸ ਟੀ ਮੜ੍ਹ ਕੇ ਆਮ ਲੋਕਾਂ ਦਾ ਕਚੂਮਰ ਕਢ ਦਿੱਤਾ ਹੈ। ਇਸ ਤੋਂ ਬਿਨਾਂ ਹਸਪਤਾਲ ‘ਚ ਇਲਾਜ, ਹੋਟਲ ‘ਚ ਰਹਿਣ ਤੇ ਵੀ 5 ਪ੍ਰਤੀਸ਼ਤ ਜੀ ਐਸ ਟੀ ਦਾ ਵਾਧਾ ਅਤਿਅੰਤ ਨਿੰਦਾਜਨਕ ਹੈ।
ਉਨਾਂ ਕਿਹਾ ਕਿ ਦੇਸ਼ ਭਰ ਚ ਰੋਜ ਦੀ ਰੋਜ ਕਮਾਕੇ ਢਿੱਡ ਨੂੰ ਝੁਲਕਾ ਦੇਣ ਵਾਲਾ ਬਹੁਗਿਣਤੀ ਗਰੀਬ ਵਰਗ ਹੁਣ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੋਵੇਗਾ।ਉਨਾਂ ਕਿਹਾ ਕਿ ਪਹਿਲਾਂ ਹੀ ਪੂੰਜੀਪਤੀ ਲੁਟੇਰੇ ਵਰਗ ਨੇ ਆਮ ਵਸਤਾਂ ਦੀਆਂ ਕੀਮਤਾਂ ਪੂਰੀ ਦੁਨੀਆਂ ‘ਚ ਹੀ ਦੁੱਗਣੀਆਂ ਕਰ ਦਿੱਤੀਆਂ ਹਨ। ਲੋਕੀਂ ਤ੍ਰਾਹ ਤ੍ਰਾਹ ਕਰ ਰਹੇ ਹਨ। ਪਿਛਲੇ ਸਮੇਂ ‘ਚ ਬੇਰੁਜ਼ਗਾਰੀ ਨੇ ਸਿਖਰਾਂ ਛੋਹੀਆਂ ਹਨ। ਕਾਰੋਬਾਰ ਬੰਦ ਹੋਣ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋਏ ਹਨ । ਬਹੁਗਿਣਤੀ ਲੋਕ ਵਕਤ ਨੂੰ ਜਿਵੇਂ ਕਿਵੇਂ ਧੱਕਾ ਦੇ ਰਹੇ ਹਨ। ਉਨਾਂ ਕਿਹਾ ਕਿ ਪੜਾਈ, ਦਵਾਈ, ਸਫਰ ਤਾਂ ਪਹਿਲਾਂ ਹੀ ਲੋਕਾਂ ਦੇ ਵਿਤ ਤੋਂ ਬਾਹਰ ਹੈ। ਤੇਲ ਤੇ ਰਸੋਈ ਗੈਸ ਕੀਮਤਾਂ ‘ਚ ਨਿਰੰਤਰ ਵਾਧੇ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਭਾਰਤ ਭਰ ‘ਚ ਜੀ ਐਸ ਟੀ ਦੁਨੀਆਂ ਭਰ ਦੇ ਦੇਸ਼ਾਂ ਤੋਂ ਸਭ ਤੋਂ ਵੱਧ ਹੈ। ਲੋਕ ਕਲਿਆਣ ਦੀਆਂ ਸਕੀਮਾਂ ਢੱਠੇ ਖੂਹ ‘ਚ ਸੁੱਟ ਕੇ ਲੋਕਾਂ ਦੀ ਦਾਲ ਰੋਟੀ ਖੋਹ ਕੇ ਜੋ ਅੱਤਿਆਚਾਰ ਮੋਦੀ ਸਰਕਾਰ ਢਾਹ ਰਹੀ ਹੈ ਉਸ ਦਾ ਹਸ਼ਰ ਲੰਕਾ ਦੇ ਰਾਜੇ ਵਾਲਾ ਹੋਣਾ ਲਾਜਮੀ ਹੈ। ਆਗੂਆਂ ਨੇ ਸਮੂਹ ਲੋਕ ਪੱਖੀ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਇਸ ਵੱਡੇ ਹਮਲੇ ਖਿਲਾਫ ਇਕਜੁੱਟ ਹੋ ਕੇ ਜੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
One thought on “ਮੋਦੀ ਹਕੂਮਤ ਵੱਲੋਂ ਆਮ ਲੋਕਾਂ ਤੇ ਬੋਲਿਆ ਆਰਥਿਕ ਹੱਲਾ ਬਰਦਾਸ਼ਤਯੋਗ ਨਹੀਂ-ਇਨਕਲਾਬੀ ਕੇਂਦਰ”
Comments are closed.