ਸੰਤ ਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ
ਪਰਦੀਪ ਕਸਬਾ, ਬਰਨਾਲਾ 14 ਜੂਨ, 2022
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਅਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਕ ਵਿਭਾਗ) ਵੱਲੋਂ ਵਰਲਡ ਡੋਨਰ ਦਿਵਸ ਮੌਕੇ ਬ੍ਰਾਂਚ ਬਰਨਾਲਾ ਵਿਖੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ 101 ਸ਼ਰਧਾਲੂਆਂ ਨੇ ਨਿਰਸਵਾਰਥ ਖੂਨਦਾਨ ਕੀਤਾ। ਖੂਨ ਇਕੱਠਾ ਕਰਨ ਲਈ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਮੌਜੂਦ ਸੀ।
ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਬਰਨਾਲਾ ਡਾ.ਜਸਵੀਰ ਔਲਖ ਜੀ ਨੇ ਸਭ ਤੋਂ ਪਹਿਲਾਂ ਆਪਣਾ ਖੂਨਦਾਨ ਕਰਕੇ ਕੀਤਾ। ਉਨ੍ਹਾਂ ਖੂਨਦਾਨੀਆਂ ਨੂੰ ਖੂਨਦਾਨ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੀ ਜਾ ਰਹੀ ਸੱਚੀ ਸੇਵਾ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ। ਕਰੋਨਾ ਦੇ ਦੌਰ ਵਿੱਚ ਵੀ ਜਦੋਂ ਵੀ ਸਾਨੂੰ ਖੂਨ ਦੀ ਲੋੜ ਪਈ ਤਾਂ ਅਸੀਂ ਨਿਰੰਕਾਰੀ ਮਿਸ਼ਨ ਤੋਂ ਇਸ ਦੀ ਮੰਗ ਕੀਤੀ, ਉਨ੍ਹਾਂ ਨੇ ਨਾਲ ਦੇ ਨਾਲ ਹੀ ਸੇਵਾਦਾਰਾਂ ਨੂੰ ਬਲੱਡ ਬੈਂਕ ਵਿੱਚ ਭੇਜਿਆ ਅਤੇ ਮਾਨਵਤਾ ਦੀ ਸੇਵਾ ਵਿੱਚ ਨਿਸਵਾਰਥ ਭਾਵ ਖੂਨਦਾਨ ਕੀਤਾ। ਅੱਜ ਵਰਲਡ ਡੋਨਰ ਦਿਵਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਬਰਨਾਲਾ ਨੇ ਖੂਨਦਾਨ ਕੈਂਪ ਲਗਾ ਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਸਿਵਲ ਹਸਪਤਾਲ ਦੀ ਸਮੁੱਚੀ ਟੀਮ ਵੱਲੋਂ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਜ਼ੋਨਲ ਇੰਚਾਰਜ ਡਾ. ਵੀ.ਸੀ ਲੂਥਰਾ ਜੀ ਨੇ ਖੂਨਦਾਨ ਕੈਂਪ ਵਿੱਚ ਹਾਜ਼ਰ ਸਮੂਹ ਪਤਵੰਤੇ ਸੱਜਣਾਂ ਸਮੇਤ ਡਾਕਟਰ ਅਤੇ ਉਨ੍ਹਾਂ ਦੀ ਟੀਮ ਅਤੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮਿਸ਼ਨ ਵੱਲੋਂ ਦਿੱਲੀ ਵਿਖੇ ਨਵੰਬਰ 1986 ਵਿਚ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਮੌਕੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਬਾਬਾ ਹਰਦੇਵ ਸਿੰਘ ਜੀ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਸੀ ਅਤੇ ਇਸ ਮੁਹਿੰਮ ਨੂੰ ਮਿਸ਼ਨ ਦੇ ਸ਼ਰਧਾਲੂਆਂ ਵਲੋਂ ਲਗਾਤਾਰ ਪਿਛਲੇ 36 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਹੁਣ ਤੱਕ 7,250 ਖੂਨਦਾਨ ਕੈਂਪਾਂ ਵਿੱਚੋਂ 12,01,865 ਯੂਨਿਟ ਖੂਨਦਾਨ ਲੋਕਾਂ ਦੀ ਭਲਾਈ ਲਈ ਇਕੱਤਰ ਕਿੱਤੇ ਜਾ ਚੁੱਕੇ ਹਨ। ਬਾਬਾ ਹਰਦੇਵ ਸਿੰਘ ਜੀ ਨੇ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਕਿ – “ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ”। ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਇਸ ਸੰਦੇਸ਼ ਨੂੰ ਪੂਰਾ ਕਰਦੇ ਹੋਏ ਮਾਨਵਤਾ ਦੀ ਸੇਵਾ ਲਈ ਦਿਨ ਰਾਤ ਤਤਪਰ ਰਹਿੰਦੇ ਹਨ ਅਤੇ ਮੌਜੂਦਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਨੂੰ ਨਿਰੰਤਰ ਅੱਗੇ ਵਧਾਇਆ ਜਾ ਰਿਹਾ ਹੈ।
ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸਮੇਂ-ਸਮੇਂ ‘ਤੇ ਵਿਸ਼ਵ ਭਰ ਵਿੱਚ ਜਨਤਾ ਦੇ ਭਲੇ ਲਈ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦਾ ਸਹੀ ਵਿਕਾਸ ਹੋ ਸਕੇ;ਜਿਸ ਵਿੱਚ ਮੁੱਖ ਤੌਰ ‘ਤੇ ਸਫ਼ਾਈ ਮੁਹਿੰਮ, ਪੌਦਾ ਰੋਪਣ, ਮੁਫ਼ਤ ਮੈਡੀਕਲ ਕਾਊਂਸਲਿੰਗ ਸੈਂਟਰ, ਮੁਫ਼ਤ ਅੱਖਾਂ ਦਾ ਕੈਂਪ, ਕੁਦਰਤੀ ਆਫ਼ਤਾਂ ਵਿੱਚ ਲੋੜਵੰਦਾਂ ਦੀ ਸਹਾਇਤਾ ਆਦਿ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ। ਇਹਨਾਂ ਸਾਰੀਆਂ ਸੇਵਾਵਾਂ ਲਈ, ਮਿਸ਼ਨ ਦਾ ਸਮੇਂ-ਸਮੇਂ ‘ਤੇ ਰਾਜ ਸਰਕਾਰਾਂ ਵੱਲੋਂ ਸ਼ਲਾਘਾ ਅਤੇ ਸਨਮਾਨ ਕੀਤਾ ਜਾਂਦਾ ਰਿਹਾ ਹੈ ।