ਮੈਂ ਖੁਸ਼ ਹਾਂ, ਵੱਡੀਆਂ ਗੱਡੀਆਂ ਤੇ ਚਿੱਟੇ ਕੁੜਤਿਆਂ ਵਾਲਿਆਂ ਤੋਂ ਕਾਂਗਰਸ ਦਾ ਖਹਿੜਾ ਛੁੱਟ ਰਿਹਾ ਹੈ, ਅਸੀਂ ਨਵੀਂ ਕਾਂਗਰਸ ਬਣਾਉਣ ਤੇ ਲੱਗੇ ਹਾਂ- ਰਾਜਾ ਵੜਿੰਗ
ਹਰਿੰਦਰ ਨਿੱਕਾ , ਬਰਨਾਲਾ 11 ਜੂਨ 2022
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੜੇ ਬੇਬਾਕ ਲਹਿਜੇ ਵਿੱਚ ਕਿਹਾ, ਲੋਕਾਂ ਨੇ ਆਪ ਨੂੰ ਨਹੀਂ ਜਿਤਾਇਆ, ਕਾਂਗਰਸ ਤੇ ਅਕਾਲੀਆਂ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਵੱਡੀਆਂ ਗੱਡੀਆਂ ਤੇ ਚਿੱਟੇ ਕੁੜਤਿਆਂ ਵਾਲਿਆਂ ਤੋਂ ਕਾਂਗਰਸ ਦਾ ਖਹਿੜਾ ਛੁੱਟ ਰਿਹਾ ਹੈ, ਮੈਂ ਬਹੁਤ ਖੁਸ਼ ਹਾਂ, ਨਵੇਂ ਬੰਦਿਆਂ ਨੂੰ ਮੌਕਾ ਮਿਲੇਗਾ । ਇਹ ਸ਼ਬਦ ਰਾਜਾ ਵੜਿੰਗ ਨੇ ਅੱਜ ਬਰਨਾਲਾ ਦੇ ਹੰਡਿਆਇਆ ਬਜ਼ਾਰ ਵਿੱਚ , ਲੋਕ ਸਭਾ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਚੋਣ ਦਫਤਰ ਦਾ ਉਦਘਾਟਨ ਤੋਂ ਬਾਅਦ, ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਰਾਜਾ ਵੜਿੰਗ ਨੇ ਆਪਣੇ ਭਾਸ਼ਣ ਨਾਲ , ਲੋਕਾਂ ਨੂੰ ਪਹਿਲਾਂ ਤਾਂ ਮਾੜੇ ਹਾਲਤਾਂ ਤੋਂ ਜਾਣੂ ਕਰਵਾਕੇ ਡਰਾਇਆ ਅਤੇ ਬਾਅਦ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਸ਼ਾਤੀ ਨੂੰ ਚੇਤਾਇਆ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਭਰ ਵਿੱਚ ਭਾਜਪਾ ਦੀ ਸਰਕਾਰ ਅਤੇ ਪੰਜਾਬ ਅੰਦਰ ਆਪ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਅਮਨ ਚੈਨ ਨੂੰ ਖਤਰਾ ਪੈਦਾ ਹੋਇਆ ਹੈ, ਲੋਕ ਘਰਾਂ ਅੰਦਰੋਂ ਬਾਹਰ ਨਿਕਲਣ ਸਮੇਂ ਡਰਦੇ ਹਨ । ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਸਾਫ ਕਰ ਦਿੱਤਾ ਕਿ ਉਹ ਸੂਬੇ ਅੰਦਰ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਦੇ ਨਾਲ ਹਨ।
ਉਨਾਂ ਸਿਮਰਨਜੀਤ ਸਿੰਘ ਮਾਨ ਬਾਰੇ ਵੀ ਕਿਹਾ ਕਿ ਉਹ ਵੀ ਸੂਬੇ ਦੇ ਅਮਨ ਭਾਈਚਾਰੇ ਲਈ ਵੱਡਾ ਖਤਰਾ ਹਨ । ਉਨਾਂ ਕਿਹਾ ਕਿ ਜਦੋਂ ਸੂਬੇ ਅੰਦਰ ਅੱਤਵਾਦ ਚਰਮ ਸੀਮਾ ਤੇ ਸੀ, ਉਦੋਂ ਬਾਦਲ ਅਤੇ ਮਾਨ ਹੋਰਾਂ ਨੇ ਆਪਣੇ ਪਰਿਵਾਰਾਂ ਨੂੰ ਵਿਦੇਸ਼ ਭੇਜਿਆ ਹੋਇਆ ਸੀ। ਰਾਜਾ ਵੜਿੰਗ ਨੇ ਕਿਹਾ ਕਿ 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਬਾਦਲ ਅਤੇ ਮਾਨ ਹੋਰਾਂ ਨੇ ਅੱਤਵਾਦੀਆਂ ਦੇ ਡਰ ਕਾਰਣ, ਚੋਣ ਮੈਦਾਨ ਉਤਰਨ ਦੀ ਵੀ ਹਿੰਮਤ ਨਹੀਂ ਕੀਤੀ ਸੀ । ਜਦੋਂਕਿ ਕਾਂਗਰਸ ਪਾਰਟੀ ਨੇ ਚੋਣ ਲੜੀ ਵੀ ਤੇ ਜਿੱਤ ਕੇ ਸੂਬੇ ਅੰਦਰ ਪਹਿਲੇ ਡੇਢ ਸਾਲ, ਅੰਦਰ ਹੀ ਅੱਤਵਾਦ ਦਾ ਸਫਾਇਆ ਕਰ ਦਿੱਤਾ ਸੀ। ਉਨਾਂ ਆਪਣੇ ਪ੍ਰਾਣਾਂ ਦੀ ਬਲੀ ਦੇ ਕੇ ਵੀ, ਸੂਬੇ ਅੰਦਰ ਲੋਕਾਂ ਨੂੰ ਚੈਨ ਦੀ ਨੀਂਦ ਸੌਣ ਦਾ ਮੌਕਾ ਪ੍ਰਦਾਨ ਕੀਤਾ।
ਰਾਜਾ ਵੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ, ਤੁਸੀਂ ਚਾਹੁੰਦੇ ਹੋ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜ ਸਾਲ, ਲੋਕਾਂ ਦੇ ਹਿੱਤ ਵਿੱਚ ਫੈਸਲੇ ਕਰਕੇ, ਚੋਣ ਵਾਅਦੇ ਪੂਰੇ ਕਰਵਾਉਣੇ ਹਨ ਤਾਂ ਆਪ ਨੂੰ ਲੋਕ ਸਭਾ ਚੋਣ ਵਿੱਚ ਝਟਕਾ ਦੇਣ ਦੀ ਲੋੜ ਹੈ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਲੋਕ ਸਭਾ ਸੀਟ ਆਪ ਦੇ ਹਾਰ ਜਾਣ, ਨਾਲ ਕੋਈ ਸਰਕਾਰ ਨਹੀਂ ਡਿੱਗੇਗੀ, ਪਰੰਤੂ ਉਨਾਂ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਮੌਕਾ ਪ੍ਰਦਾਨ ਜਰੂਰ ਕਰੇਗੀ। ਇਸ ਮੌਕੇ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ, ਜਥੇਦਾਰ ਕਰਮਜੀਤ ਸਿੰਘ ਬਿੱਲੂ, ਮੱਖਣ ਸ਼ਰਮਾ , ਮਹੇਸ਼ ਲੋਟਾ, ਪਰਮਜੀਤ ਸਿੰਘ ਮਾਨ, ਸੂਰਤ ਸਿੰਘ ਬਾਜਵਾ , ਰਣਧੀਰ ਕੌਸ਼ਲ , ਸੁਖਜੀਤ ਕੌਰ ਸੁੱਖੀ, ਕੁਲਦੀਪ ਸਿੰਘ ਤਾਜਪੁਰੀਆ, ਬਲਵਿੰਦਰ ਸਿੰਘ ਦੁੱਗਾ ਆਦਿ ਆਗੂ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।