ਹਰਿੰਦਰ ਨਿੱਕਾ , ਬਰਨਾਲਾ 12 ਜੂਨ 2022
ਬਰਨਾਲਾ-ਬਾਜਾਖਾਨਾ ਰੋਡ ਤੇ ਪੈਂਦੇ ਵਾਲੀਆ ਪੈਟ੍ਰੌਲ ਪੰਪ ਦੇ ਨੇੜੇ ਲੰਘੀ ਰਾਤ ਕਰੀਬ ਸਾਢੇ ਦਸ ਵਜੇ, ਭਿਅੰਕਰ ਸੜਕ ਹਾਦਸੇ ਵਿੱਚ ਇੱਕ ਕਾਰ ਸਵਾਰ ਨੇ ਗਲਤ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ। ਜਖਮੀ ਮਨਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ, ਪਰ ਉਨਾਂ ਲਾਸ਼ ਨੂੰ ਹਸਪਤਾਲ ਵਿੱਚ ਨਹੀਂ ਪਹੁੰਚਾਇਆ,ਜਿਸ ਕਾਰਣ, ਮ੍ਰਿਤਕ ਦਾ ਭਰਾ ਖੁਦ ਹੀ ਭੁੱਬਾਂ ਮਾਰਦਾ, ਕਿਸੇ ਤਰਾਂ ਆਪਣੇ ਮਾਂ ਜਾਏ ਭਰਾ ਨੂੰ ਹਸਪਤਾਲ ਲੈ ਕੇ ਪਹੁੰਚਿਆ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਹਾਦਸੇ ਸਮੇਂ ਕਾਰ ਤੇ ਲੱਗੀ ਪਈ, ਨੰਬਰ ਪਲੇਟ ਵੀ ਕਿਸੇ ਨੇ ਆਸਾ ਪਾਸਾ ਵੇਖ ਕੇ ਲਾਹ ਦਿੱਤੀ। ਪਰੰਤੂ ਪਲੇਟ ਲਾਹੇ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੇ ਸਕੇ ਸਬੰਧੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਜਾ ਚੜ੍ਹਿਆ। ਸਵੇਰ ਹੋਈ ਤਾਂ ਮ੍ਰਿਤਕ ਦੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਇਕੱਠ ਹਾਦਸੇ ਵਾਲੀ ਥਾਂ ਤੇ ਹੋ ਗਿਆ। ਜਿੱਥੇ, ਕੈਨੇਡੀਅਨ ਟੂਰ ਐਂਡ ਟ੍ਰੈਵਲ ਵਾਲਿਆਂ ਤੇ ਲੋਕਾਂ ਨੇ ਗਿਲਾ ਕੀਤਾ ਕਿ ਉਨਾਂ ਹਾਦਸੇ ਦੇ ਜਿੰਮੇਵਾਰ ਕਾਰ ਡਰਾਈਵਰ ਨੂੰ ਆਪਣੇ ਦਫਤਰ ਅੰਦਰ ਲਕੋਇਆ ਹੋਇਆ ਹੈ। ਲੋਕ ਦਫਤਰ ਨੂੰ ਖੋਹਲ ਕੇ ਦਿਖਾਉਣ ਲਈ ,ਜਿੱਦ ਕਰਨ ਲੱਗੇ । ਇਸੇ ਦੌਰਾਨ ਮ੍ਰਿਤਕ ਦੇ ਵਾਰਿਸਾਂ ਨੂੰ ਕੈਨੇਡੀਅਨ ਟੂਰ ਐਂਡ ਟ੍ਰੈਵਲ ਵਾਲਿਆਂ ‘ਚੋਂ ਇੱਕ ਜਣੇ ਨੇ ਮ੍ਰਿਤਕ ਦੇ ਵਾਰਿਸਾਂ ਨਾਲ ਤਕਰਾਰਬਾਜੀ ਕਰਦਿਆਂ ਗਾਲੀ ਗਲੋਚ ਸ਼ੁਰੂ ਕਰ ਦਿੱਤਾ। ਜਿਸ ਤੋਂ ਭੜ੍ਹਕੇ ਵਾਰਿਸਾਂ ਨੇ ਗਾਲੀ ਗਲੋਚ ਕਰਨ ਵਾਲੇ ਵਿਅਕਤੀ ਦੀ ਛਿੱਤਰ ਪਰੇਡ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਭਜਾਅ ਭਜਾਅ ਕੇ ਕੁੱਟਿਆ। ਲੋਕਾਂ ਨੇ ਮੰਗ ਸ਼ੁਰੂ ਕਰ ਦਿੱਤੀ ਕਿ ਦੋਸ਼ੀ ਡਰਾਈਵਰ ਨੂੰ ਪਨਾਹ ਦੇਣ ਤੇ ਲੋਕਾਂ ਨੂੰ ਗਾਲ੍ਹਾਂ ਕੱਢਣ ਵਾਲੇ ਟੂਰ ਐਂਡ ਟ੍ਰੈਵਲ ਵਾਲੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਹਾਲਤ ਤਣਾਅਪੂਰਣ ਹੋਣ ਦੀ ਭਿਣਕ ਪੈਂਦਿਆਂ ਹੀ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ,ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ, ਸੋਹਲ ਪੱਤੀ ਨੇ ਦੱਸਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਸ਼ਨੀਵਾਰ ਦੀ ਰਾਤ ਕਰੀਬ ਸਾਢੇ ਦਸ ਵਜੇ, ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਜਦੋਂ ਉਹ ਵਾਲੀਆ ਪੈਟ੍ਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਬੜੀ ਤੇਜ ਰਫਤਾਰ ਕਾਰ ਨੰਬਰ HR 26 BQ 8277 ਦੇ ਡਰਾਇਵਰ ਨੇ ਲਾਪਰਵਾਹੀ ਨਾਲ , ਰੌਂਗ ਸਾਈਡ ਤੇ ਜਾ ਕੇ ਮੋਟਰਸਾਈਕਲ ਨੂੰ ਦਰੜ ਦਿੱਤਾ।
ਹਾਦਸੇ ਵਿੱਚ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਉਨਾਂ ਦੋਸ਼ ਲਾਇਆ ਕਿ ਪੁਲਿਸ ਮੌਕੇ ਤੇ ਪਹੁੰਚੀ ,ਪਰੰਤੂ ਉਨਾਂ ਮਨਪ੍ਰੀਤ ਸਿੰਘ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ, ਦੋਸ਼ੀ ਕਾਰ ਡਰਾਈਵਰ ਨੂੰ ਕੈਨੇਡੀਅਨ ਟੂਰ ਐਂਡ ਟ੍ਰੈਵਲ ਵਾਲਿਆਂ ਦੇ ਦਫਤਰ ਵਿੱਚ ਬਿਠਾ ਦਿੱਤਾ, ਹਾਦਸੇ ਸਮੇਂ ਕਾਰ ਦੇ ਨੰਬਰ ਪਲੇਟ ਲੱਗੀ ਹੋਈ ਸੀ, ਜਿਸ ਦੀ ਫੋਟੋ ਮੌਕੇ ਤੇ ਖਿੱਚੀ ਗਈ। ਪਰੰਤੂ ਸਵੇਰ ਤੱਕ ਕਾਰ ਤੋਂ ਨੰਬਰ ਪਲੇਟ ਉਤਾਰ ਦਿੱਤੀ ਗਈ। ਉਨਾਂ ਕਿਹਾ ਕਿ ਪੁਲਿਸ ਦੋਸ਼ੀ ਕਾਰ ਡਰਾਇਵਰ ਨੂੰ ਬਚਾਉਣ ਤੇ ਲੱਗੀ ਹੋਈ ਹੈ। ਐਸ.ਐਚ.ਉ ਲਖਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ, ਕਿੰਨ੍ਹਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ।
ਉੱਧਰ ਲੋਕਾਂ ਦੀ ਕੁੱਟ ਦਾ ਸ਼ਿਕਾਰ ਵਿਅਕਤੀ ਨੇ ਕਿਹਾ ਕਿ ਅਸੀਂ, ਕਾਰ ਡਰਾਇਵਰ ਨੂੰ ਨਹੀਂ ਜਾਣਦੇ, ਰਾਤ ਮੌਕੇ ਤੇ ਪਹੁੰਚੀ, ਪੁਲਿਸ ਨੇ ਹੀ, ਉਸਨੂੰ ਸਾਡੀ ਦੁਕਾਨ ਵਿੱਚ ਬਿਠਾ ਦਿੱਤਾ ਸੀ। ਬਾਅਦ ਵਿੱਚ ਉਹ ਚਲਾ ਗਿਆ।