ਸਫਾਈ ਮੁਲਾਜਮ ਰਜ਼ਨੀ ਦੀ ਮੌਤ ਦਾ ਮਾਮਲਾ, ਨਗਰ ਕੌਂਸਲ ਨੇ ਸੱਦੀ ਹੰਗਾਮੀ ਮੀਟਿੰਗ

Advertisement
Spread information

ਨਗਰ ਕੌਂਸਲ ਦੇ ਮਤੇ ਤੋਂ ਬਾਅਦ ਹੁਣ ਨੌਕਰੀ ਦੇਣ ਦੀ ਗੇਂਦ ਹੋਵੇਗੀ ਆਪ ਸਰਕਾਰ ਦੇ ਪਾਲੇ ‘ਚ

ਕਾਂਗਰਸ ਸਰਕਾਰ ਦੇ ਕਾਰਜ਼ਕਾਲ ‘ਚ ਹੋਈਆਂ ਸਫਾਈ ਕਰਮਚਾਰੀਆਂ ਦੀਆਂ 4 ਮੌਤਾਂ , ਸਭ ਦੇ ਵਾਰਿਸਾਂ ਨੂੰ ਦਿੱਤੀਆਂ ਗਈਆਂ ਸੀ ਸਰਕਾਰੀ ਨੌਕਰੀਆਂ

ਹਰਿੰਦਰ ਨਿੱਕਾ , ਬਰਨਾਲਾ 27 ਮਈ 2022 

      ਨਗਰ ਕੌਂਸਲ ਦੀ ਸਫਾਈ ਕਰਮਚਾਰੀ ਰਜਨੀ ਰਾਣੀ ਦੀ ਬੀਤੇ ਕੱਲ੍ਹ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਸਫਾਈ ਸੇਵਕ ਮਜਦੂਰ ਯੂਨੀਅਨ ਦੇ ਸੱਦੇ ਤੇ ਅੱਜ ਸ਼ਹਿਰ ਅੰਦਰ ਸਫਾਈ ਦਾ ਕੰਮ ਨਾ ਕਰਕੇ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ ਗਿਆ। ਸਫਾਈ ਕਰਮਚਾਰੀਆਂ ਦੀ ਮ੍ਰਿਤਕ ਦੇ ਵਾਰਿਸ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਦੀ ਪੂਰਤੀ ਲਈ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੇ 28 ਮਈ ਨੂੰ ਹੰਗਾਮੀ ਮੀਟਿੰਗ ਸੱਦ ਲਈ ਗਈ ਹੈ। ਮੀਟਿੰਗ ਦੌਰਾਨ ਸਫਾਈ ਕਰਮਚਾਰੀ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਸਬੰਧੀ ਮਤਾ ਸਰਬਸੰਮਤੀ ਨਾਲ ਹੀ, ਪ੍ਰਵਾਨ ਹੋ ਜਾਣ ਦੀ ਉਮੀਦ ਹੈ। ਜਿਸ ਤੋਂ ਬਾਅਦ ਮਤੇ ਨੂੰ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਜਾਵੇਗਾ। ਮਤਾ ਪਾ ਕੇ ਬੇਸ਼ੱਕ ਨਗਰ ਕੌਂਸਲ ਆਪਣੀ ਤਰਫੋਂ ਸੁਰਖਰੂ ਹੋ ਜਾਵੇਗੀ, ਪਰੰਤੂ ਮਤੇ ਅਨੁਸਾਰ ਨੌਕਰੀ ਦੇਣ ਲਈ ਗੇਂਦ ਆਪ ਸਰਕਾਰ ਦੇ ਪਾਲੇ ਵਿੱਚ ਚਲੀ ਜਾਵੇਗੀ। ਯੂਨੀਅਨ ਦੇ ਆਗੂ ਗੁਲਸ਼ਨ ਕੁਮਾਰ, ਵਿੱਕੀ ਵਾਲਮੀਕੀ ਅਤੇ ਬਿੰਦੂ ਰਾਣੀ, ਰਾਕੇਸ਼ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਵਿਖੇ ਕੰਟਰੈਕਟ ਵੇਸ਼ ਤੇ ਕੰਮ ਕਰਦੀ ਸਫ਼ਾਈ ਸੇਵਕਾ ਰਜਨੀ ਰਾਣੀ ਦੀ ਡਿਊਟੀ ਤੇ ਆਉਣ ਸਮੇਂ ਦੁਰਘਟਨਾ ਦੌਰਾਨ ਮੌਤ ਹੋਈ ਹੈ। ਇਸ ਲਈ ਉਨਾਂ ਦੀ ਮੰਗ ਹੈ ਕਿ ਮ੍ਰਿਤਕਾ ਦੇ ਵਾਰਿਸ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਹਨਾ ਕਿਹਾ ਜਿੰਨੀ ਦੇਰ ਤੱਕ ਸਰਕਾਰ ਵੱਲੋਂ ਮ੍ਰਿਤਕਾ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਨਹੀਂ ਕੀਤੇ ਜਾਂਦੇ, ਓਨੀ ਦੇਰ ਤੱਕ ਮ੍ਰਿਤਕ ਰਜਨੀ ਰਾਣੀ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਹਨਾ ਵਲੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਵੀ ਨਹੀਂ ਕੀਤਾ ਜਾਵੇਗਾ।

      ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਨਗਰ ਕੌਂਸਲ ਮੁਲਾਜ਼ਮ ਦੀ ਇਸ ਦਰਦਨਾਕ ਮੌਤ ਦਾ ਉਹਨਾ ਅਤੇ ਸਾਰੇ ਮੈਂਬਰਾਂ ਨੂੰ ਬੇਹੱਦ ਦੁੱਖ ਹੋਇਆ ਹੈ ।ਉਹਨਾ ਕਿਹਾ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਉਹਨਾ ਵਲੋਂ ਕੱਲ ਮਿਤੀ 28 ਮਈ ਨੂੰ ਸਵੇਰੇ 11 ਵਜੇ ਦਫਤਰ ਵਿਖੇ ਹੰਗਾਮੀ ਮੀਟਿੰਗ ਸੱਦੀ ਗਈ ਹੈ ਅਤੇ ਕੌਂਸਲ ਵਲੋਂ ਸਫਾਈ ਸੇਵਕ ਮਜ਼ਦੂਰ ਯੂਨੀਅਨ ਦੀ ਮੰਗ ਅਨੁਸਾਰ ਮਤਾ ਪਾ ਕੇ ਸਰਕਾਰ ਤੋਂ ਪ੍ਰਵਾਨਗੀ ਲਈ ਭੇਜਣ ਦਾ ਮਤਾ ਪਾਇਆ ਜਾਵੇਗਾ। ਉਹਨਾ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਨਗਰ ਕੌਂਸਲ ਮ੍ਰਿਤਕਾ ਰਜਨੀ ਰਾਣੀ ਦੇ ਪਰਿਵਾਰ ਨਾਲ ਖੜੀ ਹੈ ਅਤੇ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗੀ।   ਇਸੇ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਕਿਹਾ ਕਿ ਉਹਨਾਂ ਵਲੋਂ ਬਰਨਾਲਾ ਕਾਂਗਰਸ ਦੀ ਸਮੁੱਚੀ ਟੀਮ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਮ੍ਰਿਤਕ ਰਜਨੀ ਰਾਣੀ ਦੇ ਪਰਿਵਾਰ ਅਤੇ ਸਫ਼ਾਈ ਸੇਵਕਾਂ ਦਾ ਡਟ ਕੇ ਸਾਥ ਦੇਣ । ਉਹਨਾ ਕਿਹਾ ਕਿ ਬੀਤੇ ਸਮੇਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਅੰਦਰ ਵਾਪਰੀਆਂ ਵੱਖ-ਵੱਖ ਘਟਨਾਵਾਂ ਦੌਰਾਨ ਚਾਰ ਸਫਾਈ ਸੇਵਕਾਂ ਰਮੇਸ਼ ਕੁਮਾਰ, ਟਿੰਕੂ, ਆਸ਼ੂ ਕੁਮਾਰ ਅਤੇ ਬਿੰਟੂ ਕੁਮਾਰ ਦੀ ਮੌਤ ਹੋ ਗਈ ਸੀ। ਜਿਸ ਤੇ ਕਾਂਗਰਸ ਸਰਕਾਰ ਵਲੋਂ ਉਕਤ ਚਾਰਾਂ ਪਰਿਵਾਰਾਂ ਦੇ ਮੈਂਬਰਾਂ ਬਿੰਦੂ ਰਾਣੀ ਪਤਨੀ ਸਵ: ਰਮੇਸ਼ ਕੁਮਾਰ, ਮਧੂ ਬਾਲਾ ਪਤਨੀ ਸਵ: ਟਿੰਕੂ, ਮੋਨੂੰ ਪਤਨੀ ਸਵ:ਆਸ਼ੂ ਅਤੇ ਗੀਤਾ ਪਤਨੀ ਸਵ:ਬਿੰਟੂ ਕੁਮਾਰ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਵੀ ਕਿਹਾ ਗਿਆ ਹੈ ਕਿ ਉਹ ਸਫ਼ਾਈ ਸੇਵਕਾਂ ਦੀ ਮੰਗ ਅਨੁਸਾਰ ਮਤਾ ਪਾਕੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਭੇਜਣ । ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਵਲੋਂ ਜਾਣ ਵਾਲਾ ਮਤੇ ਨੂੰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਮਨਜ਼ੂਰ ਕਰਕੇ ਮ੍ਰਿਤਕਾ ਰਜਨੀ ਰਾਣੀ ਦੇ ਇੱਕ ਵਾਰਸ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕਰਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਮ੍ਰਿਤਕ ਦੇ ਪਰਿਵਾਰ ਨਾਲ ਖੜੀ ਹੈ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਸੰਘਰਸ਼ ਦਾ ਡੱਟ ਕੇ ਸਾਥ ਦੇਵੇਗੀ। 

     ਉੱਧਰ ਸਫ਼ਾਈ ਸੇਵਕਾਂ ਨਾਲ ਧਰਨੇ ਤੇ ਬੈਠੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਜਸਵਿੰਦਰ ਟਿੱਲੂ, ਜਸਮੇਲ ਸਿੰਘ ਡੇਅਰੀਵਾਲਾ, ਸਾਬਕਾ ਕੌਂਸਲਰ ਤਜਿੰਦਰ ਸਿੰਘ ਸੋਨੀ ਜਾਗਲ ਆਦਿ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀ ਮੰਗ ਪ੍ਰਵਾਨ ਨਹੀਂ ਕੀਤੀ ਜਾਂਦੀ,ਉਹ ਉਹਨਾ ਦਾ ਪੂਰਾ ਸਾਥ ਦੇਣਗੇ।ਉਹਨਾ ਕਿਹਾ ਕਿ ਧਰਨੇ ਤੇ ਬੈਠੇ ਮ੍ਰਿਤਕਾ ਰਜਨੀ ਰਾਣੀ ਦੇ ਪਰਿਵਾਰ ਅਤੇ ਸਮੂਹ ਸਫ਼ਾਈ ਸੇਵਕ ਯੂਨੀਅਨ ਨੂੰ ਲੰਗਰ ਆਦਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
Advertisement
Advertisement
Advertisement
Advertisement
error: Content is protected !!