ਘਰ ਦੀ ਰਸੋਈ ਚ’ ਪਿਆ ਸਮਾਨ ਵੀ ਰੱਖ ਸਕਦੈ ਸਿਹਤਮੰਦ
ਚੰਗੀ ਰੋਗ ਪ੍ਰਤੀਰੋਧੀ ਸ਼ਕਤੀ ਅਤੇ ਦ੍ਰਿੜ ਮਨੋਬਲ ਜ਼ਿੰਦਗੀ ਲਈ ਵਰਦਾਨ
ਹਰਿੰਦਰ ਨਿੱਕਾ ਬਰਨਾਲਾ 29 ਅਪ੍ਰੈਲ 2020
ਦੇਸ਼ ਅੰਦਰ 38 ਦਿਨ ਤੋਂ ਲੌਕਡਾਉਨ ਜਾਰੀ ਹੈ। ਲੋਕ ਘਰਾਂ ਅੰਦਰ ਹੀ ਬੰਦ ਹਨ । ਫਿਰ ਵੀ ਨਾ ਤਾਂ ਲੋਕਾਂ ਦੇ ਮਨਾਂ ਅੰਦਰ ਵਸਿਆ ਕੋਰੋਨਾ ਵਾਇਰਸ ਦਾ ਭੈਅ ਖਤਮ ਹੋਇਆ ਹੈ ਅਤੇ ਨਾ ਹੀ ਹਾਲੇ ਤੱਕ ਦੁਨੀਆਂ ਚ, ਕੋਰੋਨਾ ਦਾ ਕੋਈ ਇਲਾਜ਼ ਸਾਹਮਣੇ ਆਇਆ ਹੈ। ਮੌਜੂਦਾ ਅਤਿ ਅਧੁਨਿਕ ਯੁੱਗ ਅੰਦਰ ਮਨੁੱਖੀ ਜੀਵਨ ਲਈ ਪੈਦਾ ਹੋਏ ਅਜਿਹੇ ਸੰਕਟਮਈ ਹਾਲਤ ਚ, ਵੱਡੀ ਸੰਖਿਆ ਵਿੱਚ ਲੋਕਾਂ ਦੇ ਜ਼ਿਹਨ ਅੰਦਰ 2 ਹੀ ਗੱਲਾਂ ਹਰ ਸਮੇਂ ਘੁੰਮਦੀਆਂ ਹਨ। ਸਭ ਤੋਂ ਪਹਿਲਾਂ ਅਦਿੱਖ ਕੋਰੋਨਾ ਵਾਇਰਸ ਦੇ ਹਰ ਥਾਂ ਮੌਜੂਦ ਹੋਣ ਦਾ ਖਤਰਾ ਅਤੇ ਦੂਜੇ ਨੰਬਰ ਤੇ ਅਜਿਹੀ ਬੇਵਸੀ ਦੀ ਹਾਲਤ ਚ’ ਅਦਿੱਖ ਰੱਬ ਤੋਂ ਬਚਾਅ ਦੀ ਕਦੇ ਵੀ ਨਾ ਮੁੱਕਣ ਵਾਲੀ ਉਮੀਦ । ਫਿਰ ਵੀ ਲੋਕ, ਆਪਣੇ ਪੱਧਰ ਤੇ ਕੋਈ ਨਾ ਕੋਈ ਘਰੇਲੂ ਇਲਾਜ਼ ਦੇ ਓਹੜ-ਪੋਹੜ ਕਰਕੇ ਖੁਦ ਨੂੰ ਕੋਰੋਨਾ ਤੋਂ ਬਚਾਉਣ ਲਈ ਜੱਦੋ-ਜਹਿਦ ਕਰਨ ਵਿੱਚ ਲੱਗੇ ਹੋਏ ਹਨ । ਲੋਕਾਂ ਦੀ ਜਾਣਕਾਰੀ ਚ’ ਵਾਧਾ ਕਰਨ ਲਈ ਕੋਰੋਨਾ ਤੋਂ ਬਚਾਅ ਦੇ ਉਪਾਅ ਅਤੇ ਸੁਝਾਅ ਜਾਣਨ ਲਈ ਬਰਨਾਲਾ ਟੂਡੇ ਦੀ ਟੀਮ ਨੇ ਆਯੁਰਵੇਦਾ ਮਾਹਿਰ ਡਾਕਟਰ ਮਲਕੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ।
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਆਯੁਰਵੇਦਾ ਪੱਧਤੀ ਵਿੱਚ ਭਾਂਵੇ ਮੌਜੂਦਾ ਕੋਰੋਨਾ ਵਾਇਰਸ ਦਾ ਖਾਸ ਤੌਰ ਤੇ ਕੋਈ ਜ਼ਿਕਰ ਨਹੀਂ ਹੈ। ਆਯੁਰਵੇਦਾ ਵਿੱਚ ਵਾਤ, ਪਿੱਤ ਤੇ ਕਫ ਨੂੰ ਆਧਾਰ ਮੰਨ ਕੇ ਹੀ ਵੱਖ-ਵੱਖ ਬਿਮਾਰੀਆਂ ਦਾ ਇਲਾਜ਼ ਯੁੱਗਾਂ-ਯੁਗਾਂਤਰਾਂ ਤੋਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਸਾਹਮਣੇ ਆਈਆਂ ਬੀਮਾਰੀਆਂ ਦੇ ਲੱਛਣਾਂ ਮੁਤਾਬਕ ਆਯੁਰਵੈਦਿਕ ਦਵਾਈਆਂ ਕੁਦਰਤ ਦੇ ਅਸੀਮ ਭੰਡਾਰ ਵਿੱਚੋਂ ਪ੍ਰਾਪਤ ਵੱਖ-ਵੱਖ ਜੜੀ-ਬੂਟੀਆਂ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਦਾ ਸ਼ਰੀਰ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ । ਪਰੰਤੂ ਇਨ੍ਹਾਂ ਜੜੀ-ਬੂਟੀਆਂ / ਖਾਧ ਪਦਾਰਥਾਂ ਦੀ ਜਰੂਰਤ ਤੋਂ ਜ਼ਿਆਦਾ ਅਤੇ ਆਯੁਰਵੇਦਾ ਮਾਹਿਰਾਂ ਦੀ ਸਲਾਹ ਤੋਂ ਬਿਨ੍ਹਾਂ ਕੀਤੀ ਵਰਤੋਂ ਸ਼ਰੀਰ ਲਈ ਘਾਤਕ ਵੀ ਸਿੱਧ ਹੁੰਦੀ ਹੈ।
ਰੋਗੀ ਦਾ ਇਲਾਜ਼ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਿਕ ਸ਼ਕਤੀ ,ਉੱਚ ਮਨੋਬਲ ਤੇ ਸਕਾਰਾਤਮਕ ਸੋਚ ਤੇ ਵੀ ਨਿਰਭਰ
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਬੀਮਾਰੀ ਕੋਈ ਵੀ ਹੋਵੇ, ਉਸ ਦਾ ਇਲਾਜ਼ ਰੋਗੀ ਦੇ ਰੋਗ ਨਾਲ ਲੜਨ ਦੀ ਪ੍ਰਤੀਰੋਧਿਕ ਸ਼ਕਤੀ/ਐਮਿਊਨਟੀ ਸਿਸਟਮ ਤੇ ਹੀ ਨਿਰਭਰ ਕਰਦਾ ਹੈ। ਜਿਨ੍ਹੀਂ ਕਿਸੇ ਜੀਵ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਰੇ ਹੁੰਦੀ ਹੈ। ਉਨ੍ਹਾਂ ਹੀ ਉਹ ਭਿਆਨਕ ਤੋਂ ਭਿਆਨਕ ਬੀਮਾਰੀ ਦਾ ਟਾਕਰਾ ਕਰਕੇ ਉਸ ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਅਤੇ ਸਿਹਤਮੰਦ ਵੀ ਰਹਿ ਸਕਦਾ ਹੈ। ਉਨ੍ਹਾਂ ਇਸ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ ਦੁਨੀਆਂ ਚ, ਕਿੱਧਰੇ ਵੀ ਕੋਰੋਨਾ ਵਾਇਰਸ ਦੀ ਦਵਾਈ ਹੁਣ ਤੱਕ ਤਿਆਰ ਨਹੀਂ ਹੋਈ। ਪਰੰਤੂ ਹਜ਼ਾਰਾਂ ਦੀ ਗਿਣਤੀ ਚ, ਕੋਰੋਨਾ ਪੌਜੇਟਿਵ ਮਰੀਜ਼ਾਂ ਨੇ ਆਪਣੇ ਮਜਬੂਤ ਐਮਿਊਨਟੀ ਸਿਸਟਮ ਅਤੇ ਉੱਚ ਮਨੋਬਲ ਦੇ ਬਲਬੂਤੇ ਕੋਰੋਨਾ ਤੇ ਜਿੱਤ ਵੀ ਹਾਸਿਲ ਕੀਤੀ ਹੈ।
-ਵਿਟਾਮਿਨ ‘ਸੀ’ ਸ਼ਰੀਰ ਦੀ ਪ੍ਰਤੀਰੋਧਿਕ ਸ਼ਕਤੀ ਵਧਾਕੇ , ਬੀਮਾਰੀਆਂ ਦੇ ਬਾਹਰੀ ਹਮਲਿਆਂ ਤੋਂ ਸਰੀਰ ਨੂੰ ਸੁਰੱਖਿਆ ਪ੍ਰਦਾਨ ਕਰਦੈ ,,
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਗੱਲ ਠੀਕ ਹੈ ਕਿ ਵਿਟਾਮਿਨ ਸੀ ਦਾ ਇਸਤੇਮਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ‘ਸੀ’ ਸ਼ਰੀਰ ਦੀ ਪ੍ਰਤੀਰੋਧਿਕ ਸ਼ਕਤੀ ਵਧਾਕੇ , ਬੀਮਾਰੀਆਂ ਦੇ ਬਾਹਰੀ ਹਮਲਿਆਂ ਤੋਂ ਸਰੀਰ ਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਇਸ ਲਈ ਇਨ੍ਹਾਂ ਦਿਨਾਂ ਚ, ਲੋਕ ਕਿੰਨੂ ,ਸੰਤਰੇ ਅਤੇ ਨਿੰਬੂਆਂ ਦੀ ਬਹੁਤ ਜ਼ਿਆਦਾ ਵਰਤੋਂ ਵੀ ਕਰ ਰਹੇ ਹਨ। ਪਰੰਤੂ ਲੋੜ ਤੋਂ ਵੱਧ ਯਾਨੀ ਬੇਲੋੜੀ ਵਿਟਾਮਿਨ ਸੀ ਦੀ ਮਾਤਰਾ ਚਮੜੀ ਅਤੇ ਜ਼ਿਗਰ ਦੇ ਰੋਗ ਵੀ ਉਤਪੰਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਭੋਜਨ ਵਿੱਚ ਵਿਟਾਮਿਨ ਸੀ ਦੀ ਲੋੜੀਂਦੀ ਮਾਤਰਾ ਹੀ ਸ਼ਰੀਰ ਲਈ ਫਾਇਦੇਮੰਦ ਹੈ। ਵਿਟਾਮਨ ਸੀ ਯੁਕਤ ਫਲਾਂ ਦੀ ਵਧੇਰੇ ਵਰਤੋਂ ਨਾਲ ਸ਼ਰੀਰ ਚ,ਐਸਕੌਰਬਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਨਾਲ ਪੇਟ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ ।
-ਕੀ – ਕੁੱਝ ਅਤੇ ਕਿਵੇਂ ਵਰਤੀਏ !
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪਿਆਜ਼ ਨੂੰ ਰਸੋਈ ਦਾ ਰਾਜ਼ਾ ਮੰਨਿਆ ਜਾਂਦਾ ਹੈ। ਪਿਆਜ਼ ਹਵਾ ਅਤੇ ਸ਼ਰੀਰ ਅੰਦਰ ਸਾਰੇ ਵਿਸ਼ੈਲੇ ਕਣਾਂ/ਰੇਡੀਏਸ਼ਨ ਆਦਿ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ । ਜਿਹੜਾ ਹਰ ਘਰ ਵਿੱਚ ਮੌਜੂਦ ਹੁੰਦਾ ਹੈ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੈ। ਇਹ ਰੋਗਾਣੂ ਰੋਧਕ ਤੱਤਾਂ ਅਤੇ ਐਂਟੀਔਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਜਿਨ੍ਹਾਂ ਦੀ ਮੱਦਦ ਨਾਲ ਸ਼ਰੀਰ ਦੀ ਪਾਚਣ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਜਿਸ ਨਾਲ ਮਨੁੱਖ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ। ਪਿਆਜ਼ ਅੰਦਰ ਗੰਧਕ ਤੱਤ ਦੀ ਮੌਜੂਦਗੀ ਰੋਗਾਣੂਆਂ ਅਤੇ ਵਿਸ਼ਾਣੂਆਂ ਨੂੰ ਨਸ਼ਟ ਕਰਦੀ ਹੈ। ਇਸ ਲਈ ਪਿਆਜ਼ ਦੀ ਸੀਮਤ ਮਾਤਰਾ ਵੀ ਕੋਰੋਨਾ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਲਾਹੇਵੰਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਆਣਿਆ ਦਾ ਕਥਨ ਹੈ ਕਿ ਲੋੜੋਂ ਵੱਧ ਖਾਧਾ ਘਿਉ ਵੀ ਮਾੜਾ ਹੁੰਦੈ ਅਤੇ ਸੀਮਿਤ ਮਾਤਰਾ ਚ, ਦਵਾਈ ਦੇ ਤੌਰ ਤੇ ਵਰਤਿਆ ਜ਼ਹਿਰ ਵੀ ਜਿੰਦਗੀ ਬਚਾ ਸਕਦਾ ਹੈ। ਇਸ ਲਈ ਕੱਚੇ ਪਿਆਜ ਦੀ ਵਰਤੋਂ ਵੀ 5 ਤੋਂ 10ਗ੍ਰਾਮ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ। ਪਰੰਤੂ ਇਹ ਵੀ ਧਿਆਨ ਰੱਖੋ ਕਿ ਸਿਰਕੇ ਚ, ਭਿੱਜਿਆ ਕੱਚਾ ਪਿਆਜ਼ ਵੀ ਸ਼ਰੀਰ ਲਈ ਬਹੁਤਾ ਫਾਇਦੇਮੰਦ ਨਹੀਂ ਰਹਿੰਦਾ।
– ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਤੰਦਰੁਸਤ ਰਹਿਣ ਲਈ ਆਂਵਲੇ ਯਾਨੀ ਔਲੇ ਦਾ ਸੇਵਨ ਵੀ ਬਹੁਤ ਲਾਹੇਵੰਦ ਹੈ। ਆਂਵਲਾ ਖਾਣ ਨਾਲ ਵੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਪਰੰਤੂ ਕੱਚਾ ਆਂਵਲਾ ਹਰ ਮੌਸਮ ਚ, ਹਰ ਥਾਂ ਮਿਲਣਾ ਸੰਭਵ ਵੀ ਨਹੀਂ ਹੁੰਦਾ। ਇਸ ਲਈ ਕੱਚੇ ਆਂਵਲੇ ਦੀ ਅਣਹੋਂਦ ਵਿੱਚ ਆਂਵਲੇ ਦੀ ਚਟਣੀ, ਆਚਾਰ ਤੋਂ ਇਲਾਵਾ ਆਂਵਲਾ ਬੇਸ ਚਵਨਪ੍ਰਾਸ਼ ਵੀ ਹਰ ਸਮੇਂ , ਹਰ ਮੌਸਮ ਵਿੱਚ ਬਜ਼ਾਰ ,ਚ ਉਪਲੱਬਧ ਹੁੰਦਾ ਹੈ। ਜਿਸ ਦੀ ਇਸ ਸਮੇਂ ਵੀ ਵਰਤੋਂ ਲਾਭਦਾਇਕ ਹੈ।
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਤੁਲਸੀ ਵੀ ਵਿਅਕਤੀ ਨੂੰ ਰੋਗ ਮੁਕਤ ਕਰਨ ਵਿੱਚ ਰਾਮ ਬਾਣ ਸਾਬਿਤ ਹੁੰਦੀ ਹੈ। ਇਸ ਲਈ ਹੀ ਧਾਰਮਿਕ ਲੋਕ ਤੁਲਸੀ ਦਾ ਪੌਦਾ ਘਰ ਵਿੱਚ ਲਗਾ ਕੇ ਰੱਖਣ ਦੀ ਸਲਾਹ ਹਮੇਸ਼ਾਂ ਦਿੰਦੇ ਰਹਿੰਦੇ ਹਨ। ਪੰਚ ਤੁਲਸੀ ਦੀਆਂ 2 ਬੂੰਦਾਂ ਦਾ ਸੇਵਨ ਵੀ ਵਧੇਰੇ ਲਾਭਦਾਇਕ ਹੈ।
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਲਸਣ ਨੂੰ ਵੀ ਆਯੁਰਵੈਦ ਚ, ਸੁਰੱਖਿਆ ਕਵਚ ਕਿਹਾ ਜਾਂਦਾ ਹੈ। ਲਸਣ ਨੂੰ ਵੀ ਹਰ ਰੋਜ਼ ਦੇ ਭੋਜ਼ਨ ਚ, ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਚੰਗੇ ਮੈਟਾਬੋਲਿਜ਼ਮ ਲਈ ਉਪਯੋਗੀ ਹੈ ।ਇਸ ਨਾਲ ਸ਼ਰੀਰ ਦਾ ਪਾਚਣ ਤੰਤਰ ਵੀ ਮਜ਼ਬੂਤ ਹੁੰਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਚ, ਵਾਧਾ ਵੀ ਹੁੰਦਾ ਹੈ।
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਫਟਕੜੀ ਦਾ ਵੀ ਫਲ ਅਤੇ ਸਬਜ਼ੀਆਂ ਨੂੰ ਸ਼ੁੱਧ ਕਰਨ ਚ, ਅਹਿਮ ਯੋਗਦਾਨ ਹੈ। ਇਸ ਲਈ ਲੋਕਾਂ ਨੂੰ ਸਬਜੀਆਂ ਅਤੇ ਫਲਾਂ ਨੂੰ ਧੋਣ ਲਈ ਪਾਣੀ ਵਿੱਚ ਫਟਕੜੀ ਦੇ ਟੁਕੜੇ ਨੂੰ 15-20 ਵਾਰ ਘੁੰਮਾਕੇ , ਇਸ ਵਿੱਚ ਧੋਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਸਾਫ਼ ਪਾਣੀ ਨਾਲ ਧੋਕੇ ਵਰਤਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਬਜੀਆਂ ਤੇ ਫਲ ਰੋਗਾਣੂ ਮੁਕਤ ਹੋ ਜਾਂਦੇ ਹਨ।
-ਕੋਰੋਨਾ ਤੋਂ ਡਰਨ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ
ਡਾਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਘਰਾਂ ਚ, ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ । ਪਰੰਤੂ ਕੋਰੋਨਾ ਦਾ ਡਰ ਸ਼ਰੀਰ ਚ, ਤਣਾਅ ਪੈਦਾ ਕਰ ਰਿਹਾ ਹੈ। ਇਸ ਹਾਲਤ ਵਿੱਚ ਲੋਕਾਂ ਦੀ ਵੱਡੀ ਗਿਣਤੀ ਮਨੋਰੋਗਾਂ ਦੀ ਗਿਰਫਤ ਚ, ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਹੀ ਸਮੇਂ ਦੀ ਅਹਿਮ ਤੇ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਹਾਲਾਤ ਵਿੱਚ ਸਕਾਰਾਤਮਿਕ ਸੋਚ ਅਤੇ ਉੱਚ ਮਨੋਬਲ ਰੱਖਣ ਨਾਲ ਸ਼ਰੀਰ ਚ, ਸਕਾਰਾਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ ਜੋ ਮਨੁੱਖ ਦੀ ਸਿਹਤਯਾਬੀ ਵਿੱਚ ਹਮੇਸ਼ਾ ਅਤਿ ਮਹੱਤਵਪੂਰਣ ਹੈ।