ਬਰਨਾਲਾ ਕਲੱਬ ਦੇ ਸੈਕਟਰੀ ਨੇ ਮੀਤ ਹੇਅਰ ਨੂੰ ਦੁਆਇਆ ਇੱਕ ਹੋਰ ਉਲਾਂਭਾ
ਜੇ.ਐਸ. ਚਹਿਲ, ਬਰਨਾਲਾ 12 ਮਈ 2022
ਕੁੰਢੀਆਂ ਦੇ ਸਿੰਙ ਫਸ ਗਏ, ਹੁਣ ਨਿੱਤਰੂ ਬੜੇਂਵੇ ਖਾਣੀ, ਇਹ ਕਹਾਵਤ ਨਗਰ ਕੌਂਸਲ ਅਤੇ ਬਰਨਾਲਾ ਕਲੱਬ ਦਰਮਿਆਨ ਮਾਮੂਲੀ ਗੱਲ ਤੋਂ ਸ਼ੁਰੂ ਹੋਈ ਜ਼ੋਰ ਅਜ਼ਮਾਇਸ਼ ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਹੋਇਆ ਇਉਂ ਕਿ ਕੁੱਝ ਦਿਨ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ,ਕਲੱਬ ਅੰਦਰ ਮੀਟਿੰਗ ਕਰਨ ਲਈ ਪਹੁੰਚੇ 18/20 ਕੌਂਸਲਰਾਂ ਦੀ ਆਮਦ ਦੀ ਭਿਣਕ ਪੈਂਦਿਆਂ ,ਬਰਨਾਲਾ ਕਲੱਬ ਦੇ ਸੈਕਟਰੀ ਅਤੇ ਮੰਤਰੀ ਮੀਤ ਹੇਅਰ ਦੇ ਕਰੀਬੀ ਡਾਕਟਰ ਰਮਨਦੀਪ ਸਿੰਘ ਨੇ ਕਲੱਬ ਦੇ ਮੁਲਾਜ਼ਮਾਂ ਰਾਂਹੀ, ਕਥਿਤ ਤੌਰ ਤੇ ਹੁਕਮ ਚਾੜ੍ਹਿਆ ਕਿ ਇਨ੍ਹਾਂ ਨੂੰ ਕਲੱਬ ਅੰਦਰ ਦਾਖਿਲ ਹੋਣ ਦੀ ਗੈਸਟ ਫੀਸ ਤੋਂ ਬਿਨਾਂ ਨਾ ਵੜ੍ਹਨ ਦਿੱਤਾ ਜਾਵੇ। ਜਦੋਂ ਕਲੱਬ ਮੁਲਾਜ਼ਮ ਨੇ ਇਸ ਫੁਰਮਾਨ ਬਾਰੇ ,ਬਰਨਾਲਾ ਕਲੱਬ ਦੇ ਮੈਂਬਰ ਅਤੇ ਕੌਸਲਰ ਸਰੋਜ ਰਾਣੀ ਦੇ ਬੇਟੇ ਨੀਰਜ਼ ਜਿੰਦਲ ਨੂੰ ਸੁਨੇਹਾ ਲਾਇਆ ਤਾਂ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ, ਨੀਰਜ਼ ਨੇ ਇਸ ਬਾਰੇ ਤੁਰੰਤ ਕਲੱਬ ਦੇ ਸੈਕਟਰੀ ਨਾਲ ਫੋਨ ਤੇ ਗੱਲ ਕੀਤੀ, ਜਦੋਂ ਸੈਕਟਰੀ ਨੇ ਆਪਣੀ ਗੱਲ ਦੁਹਰਾਈ ਤਾਂ ਅੱਗੋਂ ਨੀਰਜ਼ ਜਿੰਦਲ ਨੇ ਸੁਆਲਾਂ ਦੀ ਝੜੀ ਲਾ ਦਿੱਤੀ, ਕਿ ਕਲੱਬ ਵਿੱਚ ਆਮ ਆਦਮੀ ਪਾਰਟੀ ਦੇ ਉਨ੍ਹਾਂ ਆਗੂਆਂ ਤੋਂ ਵਸੂਲੀ ਗੈਸਟ ਫੀਸ ਦੀ ਕੋਈ ਰਸੀਦ ਦਿਖਾਉ,ਜਿਹੜੇ ਕਲੱਬ ਦੇ ਮੈਂਬਰ ਵੀ ਨਹੀਂ ਤੇ ਉਹ ਅਕਸਰ ਕਲੱਬ ਵਿੱਚ ਆਉਂਦੇ ਹਨ, ਸੈਕਟਰੀ ਤੇ ਜਿੰਦਲ ਦਰਮਿਆਨ ਫੋਨ ਤੇ ਕਾਫੀ ਤਕਰਾਰ ਹੋਈ। ਇਸ ਤਕਰਾਰਬਾਜੀ ਤੋਂ ਬਾਅਦ ਪ੍ਰਧਾਨ ਸਣੇ ਸਾਰੇ ਕੌਸਲਰ, ਬਿਨਾਂ ਮੀਟਿੰਗ ਤੋਂ ਹੀ,ਰੋਸ ਵਜੋਂ, ਵਾਪਿਸ ਮੁੜ ਗਏ। ਕੌਸਲਰਾਂ ਨੇ ਵੀ ਆਪਣੀ ਤਾਕਤ ਦਿਖਾਈ ਤੇ ਕੌਸਲ ਦੇ ਮੁਲਾਜ਼ਮਾਂ ਨੂੰ ਕਲੱਬ ਦਾ ,ਬਿਨਾਂ ਸਰਕਾਰੀ ਫੀਸ ਦੀ ਵਸੂਲੀ ਤੋਂ ਨਾ ਚੁੱਕਣ ਦਾ ਫੁਰਮਾਨ ਜਾਰੀ ਕਰ ਦਿੱਤਾ । ਨਤੀਜੇ ਵੱਜੋਂ, ਕਲੱਬ ਅੰਦਰ ਕੂੜੇ ਦਾ ਢੇਰ ਲੱਗਣਾ ਸ਼ੁਰੂ ਹੋ ਗਿਆ ਯਾਨੀ ਸ਼ਾਹੂਕਾਰਾਂ ਦੇ ਕਲੱਬ ਨੂੰ ਸੈਕਟਰੀ ਨੇ ਨਵੀਂ ਬਿਪਤਾ ਸਹੇੜ ਦਿੱਤੀ ਤੇ ਸਿੱਖਿਆ ਮੰਤਰੀ ਮੀਤ ਹੇਅਰ ਲਈ, ਇੱਕ ਹੋਰ ਉਲਾਂਭਾ ਖੜ੍ਹਾ ਕਰ ਦਿੱਤਾ।
ਵਰਣਨਯੋਗ ਹੈ ਕਿ ਸ਼ਹਿਰ ਅੰਦਰ ਵਪਾਰਕ ਅਦਾਰਿਆਂ ਦਾ ਕੂੜਾ ਚੱਕਣਾ ਨਗਰ ਕੌਂਸਲ ਦੇ ਅਧੀਨ ਨਹੀਂ ਆਉਂਦਾ।ਪਰ ਆਪਸੀ ਭਾਈਵਾਲਤਾ ਦੇ ਤੌਰ ਤੇ ਨਗਰ ਕੌਂਸਲ ਵਲੋਂ ਲਗਾਤਾਰ ਬਰਨਾਲਾ ਕਲੱਬ ਦਾ ਕੂੜਾ ਚੱਕਿਆ ਜਾਂਦਾ ਸੀ। ਪਰੰਤੂ ਸੈਕਟਰੀ ਸਾਹਿਬ ਵਲੋਂ ਕਥਿਤ ਸਿਆਸੀ ਰੰਜ਼ਿਸ਼ ਤਹਿਤ ਕੌਂਸਲਰਾਂ ਦੀ ਤੌਹੀਨ ਕਰਨ ਲਈ ਚਾੜੇ ਹੁਕਮਾਂ ਨੇ ਬਰਨਾਲਾ ਕਲੱਬ ਨੂੰ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ। ਜਿਸ ਦੀ ਬਦੌਲਤ ਆਉਣ ਵਾਲੇ ਦਿਨਾਂ ਅੰਦਰ ਅਮੀਰਾਂ ਦੀ ਸੰਸਥਾ ਬਰਨਾਲਾ ਕਲੱਬ ਅੰਦਰ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਅਤੇ ਸ਼ਾਮ ਸਮੇਂ ਖੜਕਦੇ ਜਾਮ ਤੋਂ ਆਉਂਦੀਆਂ ਖੁਸ਼ਬੂਆਂ ਦੀ ਥਾਂ ਕਲੱਬ ਅੰਦਰ ਬਦਬੂ ਫੈਲਣ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਕਲੱਬ ਅੰਦਰ ਜਿੱਥੇ ਸ਼ਹਿਰ ਦੇ ਬਹੁਤ ਸਾਰੇ ਰਸੂਖਦਾਰ ਲੋਕਾਂ ਦਾ ਆਉਣ-ਜਾਣ ਰਹਿੰਦਾ ਹੈ, ਉੱਥੇ ਹੀ ਕਲੱਬ ਦੇ ਗੈਰਮੈਂਬਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਦਾ ਵੀ ਕਲੱਬ ਅੰਦਰ ਤਾਂਤਾ ਲੱਗਿਆ ਰਹਿੰਦਾ ਹੈ।
ਪਰ ਕਿਸੇ ਦੀ ਵੀ ਕੁੱਝ ਦਿਨ ਪਹਿਲਾਂ ਤੱਕ ਕੋਈ ਗੈਸਟ ਫੀਸ ਨਹੀਂ ਕੱਟੀ ਗਈ। ਸੂਤਰਾਂ ਅਨੁਸਾਰ ਕਲੱਬ ਸੈਕਟਰੀ ਵਲੋਂ ਬਿਨਾਂ ਕਿਸੇ ਅਧਿਕਾਰਿਤ ਚੋਣ ਤੋਂ ਹੀ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕਲੱਬ ਦੀ ਨਵੀਂ ਐਗਜੈਕਟਿਵ ਚੁਣ ਕੇ ਕਲੱਬ ਦੇ ਬੋਰਡ ਤੇ ਚਿਪਕਾ ਦਿੱਤੀ ਗਈ ਸੀ। ਜਦੋਂਕਿ ਸੈਕਟਰੀ ਸਾਬ੍ਹ ਦੀ ਖੁਦ ਦੀ ਗੈਰਸੰਵਿਧਾਨਿਕ ਨਿਯੁਕਤੀ ਦੀ ਫਾਇਲ ਹਾਲੇ ਤੱਕ ਬਰਨਾਲਾ ਕਲੱਬ ਤੱਕ ਨਹੀਂ ਪਹੁੰਚੀ ਅਤੇ ਇਹ ਫਾਇਲ ਡੀ ਸੀ ਬਰਨਾਲਾ ਦੇ ਦਫ਼ਤਰ ਦਾ ਸ਼ਿੰਗਾਰ ਬਣੀ ਹੋਈ ਹੈ । ਇਹ ਵੀ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਕਾਹਲੀ ਵਿੱਚ ਜਾਰੀ ਕੀਤੀ ਸੂਚੀ ਨੂੰ ਬੋਰਡ ਤੋਂ ਹਟਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਸ ਸੂਚੀ ਵਿੱਚ ਕੁੱਝ ਬਦਲਾਅ ਹੋਣ ਦੇ ਚਰਚੇ ਵੀ ਛਿੜੇ ਹੋਏ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਸੈਕਟਰੀ ਸਾਬ੍ਹ ਵਲੋਂ ਨਗਰ ਕੌਂਸਲ ਪ੍ਰਧਾਨ ਨਾਲ ਸੁਲਾਹ ਸਫਾਈ ਕਰਨ ਦੀਆਂ ਕੋਸ਼ਿਸਾਂ ਵਿੱਢੀਆਂ ਗਈਆਂ ਹਨ। ਸੁਲਾਹ ਦੇ ਪਹਿਲੇ ਪੜਾਅ ਦੀ ਮੀਟਿੰਗ ਸੈਕਟਰੀ ਅਤੇ ਨੀਰਜ਼ ਜਿੰਦਲ ਦਰਮਿਆਨ ,ਕਲੱਬ ਅੰਦਰ ਹੋ ਵੀ ਚੁੱਕੀ ਹੈ। ਦੂਜੇ ਪਾਸੇ ਨਗਰ ਕੌਂਸਲ ਵਲੋਂ ਬਰਨਾਲਾ ਕਲੱਬ ਦੀਆਂ ਕਥਿਤ ਬੇ-ਨਿਯਮੀਆਂ ਦੀ ਘੋਖ ਪੜਤਾਲ ਤੇ ਕਲੱਬ ਤੇ ਨੋਟਿਸ ਦਾ ਤਿੱਖਾ ਹਮਲਾ ਕਰਨ ਲਈ, ਕੌਂਸਲ ਦਾ ਕਲੱਬ ਨਾਲ ਸਬੰਧਿਤ ਰਿਕਾਰਡ ਖੰਗਾਲਨਾ ਦਾ ਵੀ ਬੀੜਾ ਚੁੱਕਿਆ ਗਿਆ ਹੈ।
ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਫੋਨ ਰਿਸੀਵ ਨਹੀਂ ਕੀਤਾ ਪਰੰਤੂ ਉਕਤ ਜਿਕਰਯੋਗ ਘਟਨਾਕ੍ਰਮ ਦੀ ਪੁਸ਼ਟੀ ਨੀਰਜ਼ ਜਿੰਦਲ ਨੇ ਮਲਮੀ ਜਿਹੀ ਜੀਭ ਨਾਲ ਕਰ ਦਿੱਤੀ, ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਕਲੱਬ ਦੀਆਂ ਬੇਨਿਯਮੀਆਂ ਸਬੰਧੀ ਲਿਖਤੀ ਸ਼ਕਾਇਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਈ.ਉ. ਨੂੰ ਦੇਣਗੇ।
ਜਦੋਂ ਇਸ ਸੰਬੰਧੀ ਕਲੱਬ ਦੇ ਸੈਕਟਰੀ ਡਾ: ਰਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਨਵੀਂ ਚੁਣੀ ਐਗਜੈਕਟਿਵ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਕਲੱਬ ਅੰਦਰ ਦਾਖ਼ਲ ਹੋਣ ਵਾਲੇ ਹਰ ਗੈਰਮੈਂਬਰ ਦੀ ਗੈਸਟ ਫੀਸ ਵਸੂਲੀ ਜਾਵੇਗੀ। ਕਲੱਬ ਅੰਦਰ ਪੈਦਾ ਹੋਈ ਕੂੜੇ ਦੀ ਸਮੱਸਿਆ ਬਾਰੇ ਉਹਨਾ ਕਿਹਾ ਕਿ ਇਸ ਦੇ ਹੱਲ ਬਾਰੇ ਉਹ ਵਿਚਾਰ ਚਰਚਾ ਕਰ ਰਹੇ ਹਨ।