ਸਾਰੇ ਯਾਤਰੀਆਂ ਨੂੰ 14 ਦਿਨ ਤੱਕ ਘਰਾਂ ਵਿੱਚ ਕੀਤਾ ਇਕਾਂਤਵਾਸ
-ਪੰਜਾਬ ਸਰਕਾਰ ਕੋਟਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਨੂੰ ਵੀ ਵਾਪਸ ਲਿਆਏਗੀ
-ਸਿਵਲ ਹਸਪਤਾਲ ਜਗਰਾਂਉ ਤੋਂ ਇੱਕ ਹੋਰ ਮਰੀਜ਼ ਤੰਦਰੁਸਤ ਹੋ ਕੇ ਘਰ ਪਹੁੰਚਿਆ
-ਸਪੱਸ਼ਟ ਕੀਤਾ, ਸਨਅਤਾਂ ਨੂੰ ਲੇਬਰ ਲਈ ਟਰਾਂਸਪੋਰਟੇਸ਼ਨ ਸਹੂਲਤ ਦੇਣੀ ਹੀ ਪਵੇਗੀ
ਦਵਿੰਦਰ ਡੀ.ਕੇ. ਲੁਧਿਆਣਾ, 26 ਅਪ੍ਰੈਲ 2020
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਲਾਜ਼ ਪ੍ਰਾਪਤ ਕਰ ਰਹੇ 7 ਮਰੀਜ਼ ਬਿਲਕੁਲ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਇਨ੍ਹਾਂ ਵਿੱਚ 6 ਜ਼ਿਲ੍ਹਾ ਲੁਧਿਆਣਾ ਨਾਲ ਅਤੇ 1 ਜ਼ਿਲ੍ਹਾ ਜਲੰਧਰ ਨਾਲ ਸੰਬੰਧਤ ਹੈ। ਉਨ੍ਹਾਂ ਦੱਸਿਆ ਕਿ ਅੱਜ ਇੱਕ ਮਰੀਜ਼ ਸਿਵਲ ਹਸਪਤਾਲ ਜਗਰਾਂਉ ਤੋਂ ਛੁੱਟੀ ਲੈ ਕੇ ਘਰ ਪਹੁੰਚਿਆ।ਸ੍ਰੀ ਅਗਰਵਾਲ ਨੇ ਦੱਸਿਆ ਕਿ 26 ਅਪ੍ਰੈੱਲ, 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 1707 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1465 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 1444 ਨਮੂਨੇ ਨੈਗੇਟਿਵ ਪਾਏ ਗਏ ਹਨ। 21 ਨਮੂਨੇ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚ 18 ਜ਼ਿਲ੍ਹਾ ਲੁਧਿਆਣਾ ਨਾਲ ਅਤੇ ਬਾਕੀ ਹੋਰ ਜ਼ਿਲਿ੍ਹਆਂ ਨਾਲ ਸੰਬੰਧਤ ਹਨ। ਉਨ੍ਹਾਂ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਾ ਪਤੀ ਦਾ ਨਮੂਨਾ ਵੀ ਪਾਜ਼ੀਟਿਵ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਬਦਕਿਸਮਤੀ ਨਾਲ 5 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 6 ਮਰੀਜ਼ (5 ਲੁਧਿਆਣਾ ਦੇ ਅਤੇ 1 ਜਲੰਧਰ ਦਾ) ਠੀਕ ਹੋਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 9 ਮਰੀਜ਼ (8 ਜ਼ਿਲ੍ਹਾ ਲੁਧਿਆਣਾ ਦੇ ਅਤੇ 1 ਹੋਰ ਜ਼ਿਲ੍ਹੇ ਤੋਂ) ਜ਼ਿਲ੍ਹਾ ਲੁਧਿਆਣਾ ਵਿੱਚ ਇਲਾਜ਼ ਅਧੀਨ ਹਨ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਮੂਨੇ ਲੈਣ ਅਤੇ ਜਾਂਚ ਕਰਾਉਣ ਵਿੱਚ ਲਗਾਤਾਰ ਕੀਤੀ ਜਾ ਰਹੀ ਤੇਜ਼ੀ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਵਧੀਆ ਇਲਾਜ਼ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ 56 ਯਾਤਰੀਆਂ ਦਾ ਪਹਿਲਾ ਜੱਥਾ ਦੋ ਵਿਸ਼ੇਸ਼ ਬੱਸਾਂ ਰਾਹੀਂ ਨੰਦੇੜ ਤੋਂ ਲੁਧਿਆਣਾ ਪਹੁੰਚ ਚੁੱਕਾ ਹੈ। ਜ਼ਿਲ੍ਹਾ ਲੁਧਿਆਣਾ ਦੇ 174 ਯਾਤਰੀਆਂ ਨੂੰ ਨੰਦੇੜ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਯਾਤਰੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਨ ਉਪਰੰਤ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਹੀ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਸ੍ਰੀ ਅਗਰਵਾਲ ਨੇ ਦੱਸਿਆ ਕਿ ਵਾਪਸ ਮੁੜੇ ਯਾਤਰੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਲੋਕਾਂ ਦੇ ਮਨ੍ਹਾਂ ਵਿੱਚ ਇਨ੍ਹਾਂ ਯਾਤਰੀਆਂ ਦੇ ਤੰਦਰੁਸਤ ਹੋਣ ਬਾਰੇ ਸ਼ੰਕੇ ਸਨ। ਪਰ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਇਨ੍ਹਾਂ ਸਾਰੇ ਯਾਤਰੀਆਂ ਦੀ ਬਕਾਇਦਾ ਸਿਹਤ ਵਿਭਾਗ ਵੱਲੋਂ ਦੋ ਵਾਰ ਸਕਰੀਨਿੰਗ ਕੀਤੀ ਜਾ ਚੁੱਕੀ ਹੈ।ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਟਾ (ਰਾਜਸਥਾਨ) ਵਿੱਚ ਕੋਚਿੰਗ ਲੈ ਰਹੇ ਪੰਜਾਬ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਮਿਤੀ 27 ਅਪ੍ਰੈੱਲ ਨੂੰ ਲੁਧਿਆਣਾ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਵੀ ਸਕਰੀਨ ਕਰਨ ਤੋਂ ਬਾਅਦ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਵੇਗਾ।
ਸ੍ਰੀ ਅਗਰਵਾਲ ਨੇ ਕਿਹਾ ਕਿ ਕੁਝ ਸਨਅਤਕਾਰਾਂ ਵੱਲੋਂ ਆਪਣੀਆਂ ਸਨਅਤਾਂ ਤਾਂ ਖੋਲ੍ਹੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਸੰਬੰਧੀ ਕੁਝ ਸ਼ੰਕੇ ਹਨ। ਇਹ ਸ਼ੰਕੇ ਟਰਾਂਸਪੋਰਟੇਸ਼ਨ ਸਹੂਲਤ ਮੁਹੱਈਆ ਕਰਾਉਣ ਜਾਂ ਨਾ ਕਰਵਾਉਣ ਬਾਰੇ ਹੈ। ਉਨ੍ਹਾਂ ਕਿਹਾ ਕਿ ਸਨਅਤਾਂ ਕੋਲ ਦੋ ਤਰ੍ਹਾਂ ਦਾ ਸਟਾਫ ਹੁੰਦਾ ਹੈ। ਇੱਕ ਤਾਂ ਪ੍ਰਬੰਧਕੀ ਅਹੁਦਿਆਂ ‘ਤੇ ਹੁੰਦੇ ਹਨ, ਜੋ ਆਮ ਤੌਰ ‘ਤੇ ਚਾਰ ਪਹੀਆ ਵਾਹਨਾਂ ‘ਤੇ ਆਉਂਦੇ ਹਨ, ਜਦਕਿ ਦੂਜੇ ਹੁੰਦੇ ਹਨ ਮਜ਼ਦੂਰ, ਜੋ ਬੱਸ, ਸਾਈਕਲ, ਦੁਪੱਹੀਆ ਵਾਹਨ ਰਾਹੀਂ ਪਹੁੰਚਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਨਅਤਾਂ ਨੂੰ ਆਪਣੀ ਲੇਬਰ ਜਾਂ ਮਜ਼ਦੂਰਾਂ ਨੂੰ ਟਰਾਂਸਪੋਰਟੇਸ਼ਨ ਸਹੂਲਤ (ਸਿਰਫ਼ 30-40 ਫੀਸਦੀ ਸਮਰੱਥਾ) ਮੁਹੱਈਆ ਕਰਵਾਉਣੀ ਪੈਣੀ ਹੈ ਕਿਉਂਕਿ ਅਜਿਹੇ ਲੋਕਾਂ ਦੀ ਆਵਾਜਾਈ ਵਿਅਕਤੀਗਤ ਤੌਰ ‘ਤੇ ਮਨਾਹੀ ਹੈ। ਲੇਬਰ ਦੀ ਢੋਆ-ਢੁਆਈ ਵੇਲੇ ਸਨਅਤਕਾਰਾਂ ਨੂੰ ਵਾਹਨਾਂ ਵਿੱਚ ਲੇਬਰ ਦੀ ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ ‘ਤੇ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਅਹੁਦਿਆਂ ‘ਤੇ ਕੰਮ ਕਰਨ ਵਾਲੇ ਕਰਮਚਾਰੀ ਕਾਰ ਪੂਲਿੰਗ ਕਰ ਸਕਦੇ ਹਨ ਪਰ ਇੱਕ ਚਾਹ ਪਹੀਆ ਵਾਹਨ ਵਿੱਚ 2 ਤੋਂ ਵੱਧ ਲੋਕ ਨਹੀਂ ਸਫ਼ਰ ਕਰਨੇ ਚਾਹੀਦੇ।