ਜ਼ਿਲ੍ਹੇ ਵਿੱਚ 27 ਫਰਵਰੀ ਤੋਂ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ- ਡੀ.ਸੀ
- ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਕੋਵਿਡ ਵੈਕਸੀਨੇਸ਼ਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ
- ਪੋਲੀਓ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 23 ਫਰਵਰੀ 2022
ਪੋਲੀਓ ਵਰਗੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਪਲਸ ਪੋਲੀਓ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਅਧੀਨ ਜ਼ਿਲ੍ਹੇ ਵਿੱਚ 27 ਫਰਵਰੀ ਤੋਂ 1 ਮਾਰਚ 2022 ਤੱਕ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਅਸਰਦਾਰ ਢੰਗ ਨਾਲ ਚਲਾਉਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਆਪਣਾ ਸਹਿਯੋਗ ਦੇਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਪੋਲੀਓ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਕੀਤੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤੀ । ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਵੀ ਹਾਜ਼ਰ ਸਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 27 ਫਰਵਰੀ ਦਿਨ ਐਤਵਾਰ ਨੂੰ ਬੂਥਾਂ ਤੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। 28 ਫਰਵਰੀ ਸੋਮਵਾਰ ਅਤੇ 1 ਮਾਰਚ ਮੰਗਲਵਾਰ ਨੂੰ ਹਾਊਸ ਟੂ ਹਾਊਸ (ਡੋਰ ਟੂ ਡੋਰ) ਵਿਜ਼ਟ ਕਰਕੇ ਇਹ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਪੋਲੀਓ ਬੂੰਦਾਂ ਝੁੱਗੀਆਂ, ਭੱਠਿਆਂ, ਨਿਰਮਾਣ ਅਧੀਨ ਇਮਾਰਤਾਂ, ਹਾਈ ਰਿਸਕ ਏਰੀਏ ਅਤੇ ਰੇਲਵੇ ਸਟੇਸ਼ਨਾਂ ਤੇ ਜਾ ਕੇ ਪਿਲਾਈਆਂ ਜਾਣਗੀਆਂ। ਜ਼ਿਲ੍ਹੇ ਦੇ ਸਮੂਹ ਵਾਸੀ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ ਤਾਂ ਜੋ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਜੜੋ ਖਤਮ ਕੀਤਾ ਜਾ ਸਕੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਕੋਵਿਡ ਵੈਕਸੀਨੇਸ਼ਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ ਵੈਕਸੀਨੇਸ਼ਨ ਦੀ ਹੁਣ ਤੱਕ ਪਹਿਲੀ ਡੋਜ਼ ਦੀ ਖ਼ੁਰਾਕ 1212883 (95%) ਲੋਕਾਂ ਨੂੰ ਲੱਗ ਚੁੱਕੀ ਹੈ, ਜਿਨ੍ਹਾਂ 5%ਵਿਅਕਤੀਆਂ ਨੂੰ ਹੁਣ ਤੱਕ ਪਹਿਲੀ ਡੋਜ਼ ਨਹੀਂ ਲੱਗੀ ਉਨ੍ਹਾਂ ਨੂੰ ਵੀ ਆਪਣੀ ਪਹਿਲੀ ਡੋਜ਼ ਜ਼ਰੂਰ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ। ਪਹਿਲੀ ਵੈਕਸੀਨ ਉਪਰੰਤ ਦੂਜੀ ਕੋ ਵੈਕਸੀਨ 28 ਦਿਨਾਂ ਬਾਅਦ ਅਤੇ ਕੋਵੀਸ਼ੀਲਡ ਵੈਕਸੀਨ 84 ਦਿਨਾਂ ਬਾਅਦ ਯੋਗ ਵਿਅਕਤੀ ਜ਼ਰੂਰ ਲਗਵਾਉਣਾ ਯਕੀਨੀ ਬਣਾਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਦੌਰਾਨ ਜਿਨ੍ਹਾਂ ਵਿਅਕਤੀਆਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ, ਉਨ੍ਹਾਂ ਵਿਅਕਤੀਆਂ ਨੂੰ ਘੱਟ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਹਰ ਇੱਕ ਯੋਗ ਵਿਅਕਤੀ ਨੂੰ ਕੋਵਿਡ ਦੀ ਅਗਲੀ ਲਹਿਰ ਆਉਣ ਤੋਂ ਪਹਿਲਾਂ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ 9 ਮਹੀਨੇ ਬਾਅਦ ਬੂਸਟਰ ਡੋਜ਼ ਜ਼ਰੂਰ ਲਗਾਉਣੀ ਚਾਹੀਦੀ ਹੈ ਤਾਂ ਕਿ ਕੋਵਿਡ ਦੀ ਆਉਣ ਵਾਲੀ ਅਗਲੀ ਲਹਿਰ ਤੋਂ ਅਸੀਂ ਬਚਾਅ ਕਰ ਸਕੀਏ।
ਇਸ ਤੋਂ ਬਾਅਦ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਨੇ ਦੱਸਿਆ ਕਿ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਪਲਸ ਪੋਲੀਓ ਰਾਊਂਡ ਅਧੀਨ ਜ਼ਿਲੇ ਵਿੱਚ 0 ਤੋਂ 5 ਸਾਲ ਤੱਕ ਦੇ 110099 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ ਜਾਣਗੀਆਂ। ਉਹਨਾਂ ਕਿਹਾ ਕਿ ਮਿਤੀ 27 ਫਰਵਰੀ ਤੋਂ 01 ਮਾਰਚ 2022 ਤੱਕ ਜ਼ਿਲੇ ਅੰਦਰ 0-5 ਸਾਲ ਦੇ ਬੱਚਿਆਂ ਲਈ ਚਲਾਏ ਜਾਣ ਵਾਲੇ ਇਸ ਵਿਸ਼ੇਸ਼ ਪਲਸ ਪੋਲੀਓ ਰਾਊਂਡ ਵਿੱਚ ਸਿਹਤ ਵਿਭਾਗ ਦੀਆਂ 1164 ਟੀਮਾਂ ਵੱਲੋਂ ਝੁੱਗੀਆਂ, ਭੱਠਿਆਂ, ਪਥੇਰਾਂ,ਨਿਰਮਾਨ ਅਧੀਨ ਇਮਾਰਤਾਂ, ਫੈਕਟਰੀਆਂ ਅਤੇ ਹੋਰ ਹਾਈ ਰਿਸਕ ਖੇਤਰਾਂ ਦਾ ਦੌਰਾ ਕਰਕੇ ਲਾਭਪਾਤਰੀ ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਵਿਸ਼ੇਸ਼ ਖੁਰਾਕ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕੁੱਲ 634 ਬੂਥ ਲਗਾਏ ਜਾਣਗੇ ਜਿਨ੍ਹਾਂ ਵਿੱਚੋਂ 27 ਫਰਵਰੀ ਨੂੰ ਪਹਿਲੇ ਦਿਨ ਰੈਗੂਲਰ ਬੂਥਾਂ ਤੇ ਦੂਸਰੇ ਅਤੇ ਤੀਸਰੇ ਦਿਨ 28 ਫਰਵਰੀ ਅਤੇ 01 ਮਾਰਚ ਨੂੰ ਡੋਰ ਟੂ ਡੋਰ ਪਲਸ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ, ਡਿਪਟੀ ਡੀਈਓ ਕੋਮਲ ਅਰੋੜਾ, ਡਾ. ਮੀਨਾਕਸੀ ਢੀਗੜਾ ਜ਼ਿਲ੍ਹਾ ਟੀਕਾਕਰਨ ਅਫਸਰ, ਡਿਪਟੀ ਮੈਡੀਕਲ ਕਮਿਸਨਰ ਡਾ. ਰਜਿੰਦਰ ਮਨਚੰਦਾ, ਡਾ. ਮੇਘਾ, ਡਾ. ਬਲਕਾਰ, ਡਾ. ਵਿਨੀਤਾ ਭੁੱਲਰ, ਰਜਨੀਕ ਕੌਰ, ਹਰੀਸ ਕਟਾਰੀਆਂ, ਡਾਂ ਰੇਖਾ ਭੱਟੀ, ਅੰਕੁਸ਼ ਭੰਡਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।