ਕਿਹਾ ! ਮਾਲਵਾ ਇਲਾਕੇ ‘ਚ ਬਣਾਵਾਂਗੇ ਮੈਗਾ ਟੈਕਸਟਾਈਲ ਪਾਰਕ
ਪਿਊਸ਼ ਗੋਇਲ ਦੇ ਮੂੰਹੋਂ ਛਲਕਿਆ ਭਾਜਪਾ ਸਰਕਾਰ ਨੂੰ ਭਗਵੰਤ ਮਾਨ ਤੋਂ ਹੁੰਦੀ ਪੀੜਾ ਦਾ ਦਰਦ
ਪਿਊਸ਼ ਗੋਇਲ ਦਾ ਦੋਸ਼- ਆਪ ਅਰਾਜਕਤਾ ਫੈਲਾਉਣ ਵਾਲੀ ਪਾਰਟੀ ਐ ਤੇ ਕਾਂਗਰਸ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ,,
ਪੈਲੇਸ ਵਿੱਚ ਲਗਾਈ 600 ਕੁਰਸੀ ਵੀ ਨਹੀਂ ਭਰ ਸਕੇ ਭਾਜਪਾ ਦੀ ਲੀਡਰਸ਼ਿਪ
ਹਰਿੰਦਰ ਨਿੱਕਾ , ਬਰਨਾਲਾ 14 ਫਰਵਰੀ 2022
ਬਰਨਾਲਾ ਵਿਧਾਨ ਸਭਾ ਹਲਕੇ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਧੀਰਜ ਕੁਮਾਰ ਦੱਧਾਹੂਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਪਹੁੰਚੇ ਕੇਂਦਰੀ ਕੈਬਨਿਟ ਮੰਤਰੀ ਪਿਊਸ਼ ਗੋਇਲ ਨੇ ਆਪਣੇ ਭਾਸ਼ਣ ਦੌਰਾਨ ਪਹਿਲਾਂ ਤਾਂ 1984 ਦੇ ਦੰਗਿਆਂ ਦਾ ਜਿਕਰ ਕਰਕੇ ਅਤੇ ਦੰਗਿਆਂ ਦੇ ਦੋਸ਼ੀਆਂ ਨੂੰ ਕਰੀਬ ਤਿੰਨ ਦਹਾਕਿਆਂ ਦੌਰਾਨ ਵੀ ਸਜਾਵਾਂ ਨਾ ਮਿਲਣ ਦੀਆਂ ਗੱਲਾਂ ਕਰਕੇ, ਸਿੱਖਾਂ ਦੇ ਜਖਮਾਂ ਨੂੰ ਕੁਰੇਦਿਆਂ, ਫਿਰ ਆਪਣੀ ਪਾਰਟੀ ਵੱਲੋਂ ਹਮਦਰਦੀ ਦੀ ਮੱਲ੍ਹਮ ਲਾਉਣ ਦੀਆਂ ਉਦਾਹਰਣਾਂ ਦੇ ਕੇ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣਾਉਣ ਦਾ ਹੋਕਾ ਦਿੱਤਾ।
ਇਸ ਮੌਕੇ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਉਹ ਹੈ, ਜਿਸ ਨੇ 84 ਦੇ ਦੰਗੇ ਕਰਵਾ ਕੇ ਨਿਰਦੋਸ਼ ਸਿੱਖਾਂ ਦਾ ਸਾਮੂਹਿਕ ਕਤਲੇਆਮ ਕਰਵਾਇਆ, ਕਾਂਗਰਸ ਪਾਰਟੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਉੱਚੇ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਦੀ ਰਹੀ। ਉਨਾਂ ਕਿਹਾ ਕਿ ਮੋਦੀ ਸਰਕਾਰ ਬਣਦਿਆਂ ਹੀ ਐਸਆਈਟੀ ਬਣਾ ਕੇ ਫਾਇਲਾਂ ਅੰਦਰ ਦੱਬੇ ਕੇਸਾਂ ਨੂੰ ਚੁੱਕ ਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾ ਕੇ ਜੇਲ੍ਹਾਂ ਵਿੱਚ ਡੱਕਿਆ। ਪਿਊਸ਼ ਗੋਇਲ ਨੇ ਆਮ ਆਦਮੀ ਪਾਰਟੀ ਨੂੰ ਅਰਾਜਕਤਾ ਫੈਲਾਉਣ ਵਾਲੀ ਅਤੇ ਕਾਂਗਰਸ ਨੂੰ ਸਿੱਖਾਂ ਦੇ ਖੂਨ ਨਾਲ ਹੱਥ ਰੰਗਣ ਵਾਲੀ ਪਾਰਟੀ ਕਹਿ ਕਿ ਦੋਵਾਂ ਪਾਰਟੀਆਂ ਨੂੰ ਪੰਜਾਬ ਦੇ ਰਾਜਸੀ ਦ੍ਰਿਸ਼ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ।
ਪਿਊਸ਼ ਗੋਇਲ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਏ ਅਤੇ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਆਪਣੇ ਸਹਿਯੋਗੀਆਂ ਦੀ ਸਰਕਾਰ ਨਾਲ ਮਿਲ ਕੇ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇਵੇਗੀ। ਉਨਾਂ ਕਿਹਾ ਕਿ ਭਾਜਪਾ ਸਰਕਾਰ ਬਣਨ ਤੇ ਮਾਲਵਾ ਇਲਾਕੇ ਅੰਦਰ ਮੈਗਾ ਟੈਕਸਟਾਈਲ ਪਾਰਕ ਬਣਾਵੇਗੀ, ਜਿਸ ਨਾਲ ਅਰਬਾਂ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਰੁਜਗਾਰ ਦੇ ਮੌਕੇ ਵੀ ਮਿਲਣਗੇ। ਪਿਊਸ਼ ਗੋਇਲ ਨੇ ਕਿਹਾ ਕਿ ਪੁਲਵਾਮਾਂ ਹਮਲੇ ਵਿੱਚ ਸ਼ਹੀਦ ਹੋਏ 40 ਜਵਾਨਾਂ ਦੀ ਸ਼ਹਾਦਤ ਨੂੰ ਅਸਲੀ ਸ਼ਰਧਾਂਜਲੀ, ਇਹੋ ਹੋਵੇਗੀ ਕਿ ਪਾਕਿ ਸੀਮਾ ਤੇ ਵੱਸਦੇ ਪੰਜਾਬ ਅੰਦਰ ਵੀ ਭਾਜਪਾ ਤੇ ਸਹਿਯੋਗੀਆਂ ਦੀ ਸਰਕਾਰ ਬਣਾਈ ਜਾਵੇ। ਉਨਾਂ ਕਿਹਾ ਕਿ ਪੰਜਾਬ ਦੀ ਜੁਆਨੀ ਨੂੰ ਨਸ਼ਾ ਸਿਊਂਕ ਦੀ ਤਰਾਂ ਖਾ ਰਿਹਾ ਹੈ, ਭਾਜਪਾ ਦੀ ਅਗਵਾਈ ਵਾਲੀ ਸਰਕਾਰ ਰੇਤ ਮਾਫੀਆ, ਭੂੰ ਮਾਫੀਆ,ਟਰਾਂਸਪੋਰਟ ਮਾਫੀਆ,ਕੇਬਲ ਮਾਫੀਆ, ਨਸ਼ਾ ਮਾਫੀਆਂ ਜਿਹੇ ਸਾਰੇ ਹੀ ਸੱਤ ਮਾਫੀਆਂ ਨੂੰ ਜੜ੍ਹ ਤੋਂ ਖਤਮ ਕਰ ਦੇਵੇਗੀ, ਤਾਂਕਿ ਪੰਜਾਬ ਫਿਰ ਤੋਂ ਖੁਸ਼ਹਾਲ ਹੋ ਸਕੇ। ਇਸ ਮੌਕੇ ਬਰਨਾਲਾ ਤੋਂ ਉਮੀਦਵਾਰ ਧੀਰਜ ਦੱਧਾਹੂਰ, ਭਦੌੜ ਤੋਂ ਉਮੀਦਵਾਰ ਧਰਮ ਸਿੰਘ ਫੌਜੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਬਣਾਉਣ ਲਈ, ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ। ਸੰਯੁਕਤ ਅਕਾਲੀ ਦਲ ਦੇ ਆਗੂ ਅਤੇ ਵਣ ਵਿਭਾਗ ਦੇ ਸਾਬਕਾ ਚੇਅਰਮੈਨ ਭਰਪੂਰ ਸਿੰਘ ਧਨੌਲਾ, ਸੁਖਵੰਤ ਸਿੰਘ ਧਨੌਲਾ, ਇੰਜੀਨਅਰ ਗੁਰਜਿੰਦਰ ਸਿੰਘ ਸਿੱਧੂ, ਗੁਰਮੀਤ ਹੰਡਿਆਇਆ, ਯਾਦਵਿੰਦਰ ਸ਼ੰਟੀ, ਅਜੀਤ ਸਿੰਘ ਕੁਤਬਾ, ਭਾਜਪਾ ਆਗੂ ਲਲਿਤ ਮਹਾਜਨ , ਸਵਾਮੀ ਵਿਸ਼ਵਾਨੰਦ ਜੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਯੁਕਤ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਗਿੰਦੀ, ਜਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਰੰਮੀ ਢਿੱਲੋਂ,ਦੀਪਕ ਰਾਏ ਜਿੰਦਲ,ਰਜਿੰਦਰ ਉੱਪਲ, ਹਰਜਿੰਦਰ ਸਿੰਘ ਸਿੱਧੂ, ਸੰਦੀਪ ਜੇਠੀ ਆਦਿ ਹੋਰ ਭਾਜਪਾ ਆਗੂ ਤੇ ਵਰਕਰ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ।
ਇਕੱਠ ਪੱਖੋਂ ਹਲਕੀ ਰਹੀ ਭਾਜਪਾ ਦੀ ਰੈਲੀ
ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਪੱਧਰੀ ਰੈਲੀ ਇਕੱਠ ਪੱਖੋਂ ਹਲਕੀ ਹੀ ਰਹੀ। ਪੈਲਸ ਅੰਦਰ 600 ਕੁਰਸੀਆਂ ਲਗਾਈਆਂ ਗਈਆਂ ਸਨ, ਜਿੰਨ੍ਹਾਂ ਵਿੱਚੋਂ 100 ਦੇ ਕਰੀਬ ਕੁਰਸੀਆਂ ਖਾਲੀ ਪਈਆਂ ਰਹੀਆਂ। ਰੈਲੀ ਅੰਦਰ ਵਿਸ਼ੇਸ਼ ਗੱਲ ਇਹ ਰਹੀ ਕਿ ਪੰਡਾਲ ਵਿੱਚ ਉਤਸ਼ਾਹ ਨਾਲ ਲਵਰੇਜ ਆਗੂ ਤੇ ਵਰਕਰ ਜੈ ਸ਼੍ਰੀ ਰਾਮ ਅਤੇ ਜੋ ਬੋਲੇ ਸੋ ਨਿਹਾਲ ਅਤੇ ਜੈ ਵੀਰ ਬਜਰੰਗੇ ਅਕਾਸ਼ ਗੁੰਜਾਉ ਨਾਅਰੇ ਲਾਉਂਦੇ ਰਹੇ।
ਮੰਤਰੀ ਦੀ ਜੁਬਾਨ ਦੇ ਆਇਆ ਭਗਵੰਤ ਮਾਨ ਦਾ ਡਰ
ਕੇਂਦਰੀ ਮੰਤਰੀ ਪਿਊਸ਼ ਗੋਇਲ ਆਪਣੇ ਭਾਸ਼ਣ ਵਿੱਚ ਭਗਵੰਤ ਮਾਨ ਦਾ ਜਿਕਰ ਕਰਨ ਤੋਂ ਨਹੀਂ ਟਲੇ, ਉਨਾਂ ਕਿਹਾ ਕਿ ਭਾਜਪਾ ਪਹਿਲਾਂ ਭਗਵੰਤ ਮਾਨ ਨੂੰ ਸੰਸਦ ਵਿੱਚ ਮੁਸ਼ਕਿਲ ਨਾਲ ਝੇਲ ਰਹੀ ਹੈ, ਇਹੋ ਜਿਹਾ ਆਗੂ ਪੰਜਾਬ ਜਿਹੀ ਬਾਰਡਰ ਸਟੇਟ ਨੂੰ ਕਿਵੇਂ ਚਲਾ ਸਕਦਾ ਹੈ।
ਦਿਹਾੜੀ ਤੇ ਲਿਆਂਦੇ ਰੈਲੀ ਲਈ ਬੰਦੇ,,
ਭਾਜਪਾ ਵਾਲਿਆਂ ਨੇ ਰੈਲੀ ਵਿੱਚ ਭੀੜ ਵਧਾਉਣ ਲਈ, ਕਾਫੀ ਗਿਣਤੀ ਵਿੱਚ ਮਜਦੂਰਾਂ ਨੂੰ ਦਿਹਾੜੀ ਤੇ ਵੀ ਲਿਆਂਦਾ, ਦੋ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਪੰਜ ਸੌ ਬੰਦਿਆਂ ਦਾ ਗਰੁੱਪ ਹੈ, ਅਸੀਂ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਵਿੱਚ ਭੀੜ ਵਧਾਉਣ ਲਈ ਜਾਂਦੇ ਹਾਂ। ਇੱਕ ਰੈਲੀ ਵਿੱਚ ਆਉਣ ਲਈ, ਪ੍ਰਤੀ ਵਿਅਕਤੀ 400 ਰੁਪਏ ਅਤੇ ਇੱਕ ਬੋਤਲ ਦਾਰੂ ਦੀ ਉਨਾਂ ਨੂੰ ਦਿੱਤੀ ਗਈ ਹੈ। ਉਨਾਂ ਦੀ ਪੰਜਾਹ ਬੰਦਿਆਂ ਦੀ ਟੋਲੀ ਰੈਲੀ ਵਿੱਚ ਬੁਲਾਈ ਗਈ ਹੈ, ਜਦੋਂ ਕਿ ਉਨਾਂ ਵਰਗੇ ਹੀ ਗਰੁੱਪ ਦੇ ਕਈ ਹੋਰ ਮੈਂਬਰ ਵੀ ਰੈਲੀ ਵਿੱਚ ਆਏ ਹੋਏ ਹਨ। ਉਨਾਂ ਕਿਹਾ ਕਿ ਕੱਲ੍ਹ ਨੂੰ ਰਾਹੁਲ ਗਾਂਧੀ ਦੀ ਰੈਲੀ ਲਈ ਵੀ ਸਾਨੂੰ 500 ਬੰਦਿਆਂ ਦੇ ਗਰੁੱਪ ਨੂੰ ਬੁੱਕ ਕੀਤਾ ਗਿਆ ਹੈ, ਜਦੋਂਕਿ ਲੰਘੀ ਕੱਲ੍ਹ ਅਸੀਂ ਕੁਲਵੰਤ ਸਿੰਘ ਕੰਤਾ ਦਾ ਡੋਰ ਟੂ ਡੋਰ ਪ੍ਰੋਗਰਾਮ ਕਰਵਾਇਆ ਹੈ। ਉਨਾਂ ਕਿਹਾ ਕਿ ਬੰਦਿਆਂ ਦੇ ਰੈਲੀਆਂ ਵਿੱਚ ਪਹੁੰਚਣ ਦਾ ਪ੍ਰਬੰਧ ਵੱਖਰਾਂ ਹੁੰਦਾ ਹੈ।