”2022” ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜਰ ਕਰਵਾਏ ਜਾ ਰਹੇ ਹਨ ਵੋਟਰ ਜਾਗਰੂਕਤਾ ਪ੍ਰੋਗਰਾਮ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 14 ਫਰਵਰੀ 2022
20 ਫਰਵਰੀ ਨੂੰ ਪੈਣ ਜਾ ਰਹੀਆਂ ਵਿਧਾਨ ਸਭਾ ਚੋਣਾਂ 2022 ਦੇ ਸੰਦਰਭ ਵਿਚ ਲੋਕਾਂ ਅੰਦਰ ਵੋਟਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲੇ੍ਹ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾ ਰਹੇ ਹਨ।ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਤੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਸਵੀਪ ਦੇ ਸਹਾਇਕ ਨੋਡਲ ਅਫਸਰ ਸ੍ਰੀ ਰਜਿੰਦਰ ਵਿਖੋਣਾ, ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ, ਮੈਡਮ ਕੋਮਿਲਾ ਚੋਪੜਾ ਵੱਲੋਂ ਸਾਂਝੇ ਤੌਰ `ਤੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਚੌਣਾਂ ਵਿਚ ਹਰੇਕ ਯੋਗ ਵਿਅਕਤੀ ਲਾਜ਼ਮੀ ਆਪਣੀ ਵੋਟ ਪਾਵੇ। ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਕੀਮਤੀ ਹੈ। ਇਸ ਕਰਕੇ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਖਾਸ ਤੌਰ `ਤੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਜ਼ੋ ਕਿ ਪਹਿਲੀ ਵਾਰ ਵੋਟਰ ਬਣੇ ਹਨ ਉਹ ਆਪਣੀ ਵੋਟ ਜ਼ਰੂਰ ਪਾਉਣ।
ਜਾਗਰੂਕਤਾ ਪ੍ਰੋਗਰਾਮ ਦੀ ਲੜੀ ਤਹਿਤ ਟੀਮਾਂ ਵੱਲੋਂ ਮਾਧਵ ਨਗਰੀ, ਬੀਕਾਨੇਰੀ ਰੋਡ, ਕੋਨਫੀ ਸਕੂਲ ਆਦਿ ਹੋਰ ਵੱਖ-ਵੱਖ ਜਨਤਕ ਸਥਾਨਾ `ਤੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਹਰੇਕ ਵਿਅਕਤੀ ਨੂੰ ਵੋਟ ਲਾਜਮੀ ਪਾਉਣੀ ਚਾਹੀਦੀ ਹੈ ਤੇ ਉਹ ਵੀ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ। ਉਨ੍ਹਾਂ ਕਿਹਾ ਕਿ ਵੋਟ ਪਾਉਣ ਨਾਲ ਅਸੀਂ ਆਪਣੀ ਮਰਜੀ ਦੇ ਉਮੀਦਵਾਰ ਨੂੰ ਚੁਣ ਸਕਦੇ ਹਾਂ ਤੇ ਲੋਕਤਾਂਤਰਿਕ ਸਰਕਾਰ ਬਣਾਉਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਾਂ।ਇਸ ਦੌਰਾਨ ਲੋਕਾਂ ਵੱਲੋਂ ਵੀ ਪ੍ਰਣ ਲਿਆ ਗਿਆ ਕਿ ਉਹ 20 ਫਰਵਰੀ ਨੂੰ ਬਾਕੀ ਸਾਰੇ ਕੰਮ-ਕਾਜ ਛੱਡ ਕੇ ਪਹਿਲਾਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਗੇ।