ਵਿਦਿਆਰਥੀਆਂ ਨੂੰ ਵੋਟਾ ਪ੍ਰਤੀ ਜਾਗਰੂਕ ਕਰਨ ਲਈ ਸਕੂਲ ‘ਚ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
- ਸਵੀਪ ਟੀਮ ਵੱਲੋਂ ਜਾਗੋ ਵੋਟਰ ਜਾਗੋ ਨੁਕੜ ਨਾਟਕ ਆਯੋਜਿਤ
ਬਿੱਟੂ ਜਲਾਲਾਬਾਦੀ,ਅਬੋਹਰ ਫਾਜ਼ਿਲਕਾ, 14 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਅਬੋਹਰ ਸ੍ਰੀ ਅਮਿਤ ਗੁਪਤਾ ਦੇ ਮਾਰਗਦਰਸ਼ਨ ਹੇਠ ਵੋਟਾਂ ਦੀ ਮਹੱਤਤਾ ਸਬੰਧੀ ਬਚਿਆਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬੋਹਰ (ਲੜਕੇ) ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਸਵੀਪ ਦੇ ਨੋਡਲ ਅਫਸਰ ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਬੀਰ ਸਿੰਘ ਬਲ ਅਤੇ ਸਹਾਇਕ ਨੋਡਲ ਅਫਸਰ ਸ੍ਰੀ ਰਜਿੰਦਰ ਵਿਖੋਣਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ 2022 ਹੋਣ ਜਾ ਰਹੀਆਂ ਹਨ ਜਿਸ ਤਹਿਤ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਮਾਤਾ-ਪਿਤਾ, ਆਪਣੇ ਰਿਸ਼ਤੇਦਾਰਾਂ, ਸਕੇ ਸਬੰਧੀਆਂ ਅਤੇ ਆਂਢ-ਗੁਆਂਢ ਸਾਰਿਆਂ ਨੂੰ ਜਾਗਰੂਕ ਕਰੀਏ ਕਿ ਜਿਸਦੀ ਵੋਟ ਬਣੀ ਹੋਈ ਹੈ ਉਹ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੇ। ਉਨ੍ਹਾਂ ਕਿਹਾ ਕਿ ਜਿੰਨਾਂ ਦੀ ਅਜੇ ਵੋਟ ਨਹੀਂ ਬਣੀ ਉਸਨੂੰ ਭਵਿਖੀ ਵੋਟਰ ਨਾਲ ਜਾਣਿਆ ਜਾਂਦਾ ਹੈ ਜਿਸ ਤਹਿਤ ਉਸਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੇ੍ਰਰਿਤ ਕਰੇ ਕਿ ਉਹ ਆਪਣੀ ਵੋਟ ਦੀ ਵਰਤੋਂ ਲਾਜ਼ਮੀ ਤੌਰ `ਤੇ ਕਰੇ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਰਾਜੇਸ਼ ਸਚਦੇਵਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਹਰੇਕ ਵੋਟ ਕੀਮਤੀ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਵਰਤੋਂ ਬੜੀ ਸੂਝ-ਬੂਝ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਵੋਟਾਂ ਨਾਲ ਹੀ ਸਰਕਾਰ ਬਣਦੀ ਹੈ ਤੇ ਸਾਨੂੰ ਆਪਣੀ ਮਰਜੀ ਨਾਲ ਵੋਟ ਪਾਉਣੀ ਚਾਹੀਦੀ ਹੈ ਬਿਨਾ ਕਿਸੇ ਲਾਲਚ ਅਤੇ ਡਰ ਦੇ। ਉਨ੍ਹਾਂ ਕਿਹਾ ਕਿ ਅਸੀਂ ਵੋਟਾਂ ਨਾਲ ਲੋਕਤਾਂਤਰਿਕ ਸਰਕਾਰ ਚੁਣਦੇ ਹਾਂ ਜ਼ੋ ਕਿ ਲੋਕਾਂ ਦੀ ਸਰਕਾਰ ਹੁੰਦੀ ਹੈ, ਇਸ ਕਰਕੇ ਆਪਣੀ ਮਨਮਰਜੀ ਦੇ ਉਮੀਦਵਾਰ ਨੂੰ ਨਿਰਪੱਖ ਹੋ ਕੇ ਵੋਟ ਜ਼ਰੂਰ ਪਾਈਏ। ਇਸ ਪ੍ਰੋਗਰਾਮ ਵਿਚ ਪਰਮਜੀਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਇਸ ਉਪਰੰਤ ਸਵੀਪ ਦੇ ਤਹਿਸੀਲ ਨੋਡਲ ਅਫਸਰ ਸ੍ਰੀ ਦੀਪਕ ਕੰਬੋਜ਼ ਦੀ ਅਗਵਾਈ ਹੇਠ ਟੀਮ ਵੱਲੋਂ ਸ਼ਹਿਰ ਦੀ ਝਾਂਸੀ ਰਾਣੀ ਮਾਰਕੀਟ ਅੰਦਰ ਲੋਕਾਂ ਅੰਦਰ ਵੋਟਾ ਪ੍ਰਤੀ ਜਾਗਰੂਕਤਾ ਪ੍ਰੈਦਾ ਕਰਨ ਲਈ ਜਾਗੋ ਵੋਟਰ ਜਾਗੋ ਨੁਕੜ ਨਾਟਕ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਰੋਜਾਨਾ ਸ਼ਹਿਰ ਅੰਦਰ ਜਨਤਕ ਥਾਵਾਂ `ਤੇ ਨੁਕੜ ਨਾਟਕ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਦਾ ਮੰਤਵ ਹਰੇਕ ਯੋਗ ਵਿਅਕਤੀ ਅੰਦਰ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਨਾਟਕਾਂ ਰਾਹੀਂ ਵੋਟ ਦੀ ਵਰਤੋਂ ਦੇ ਮਹੱਤਵ ਸਬੰਧੀ ਜਾਣੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੁਕੜ ਨਾਟਕ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾਅਫਜਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।