ਗਿਰਿਸ਼ ਦਯਾਲਨ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਜੋਂ ਸੰਭਾਲਿਆ ਅਹੁਦਾ
- ਕਿਹਾ, ਜ਼ਿਲ੍ਹੇ ਵਿਚ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆ ਚੋਣਾ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ 20 ਜਨਵਰੀ 2022
ਗਿਰਿਸ਼ ਦਯਾਲਨ ਆਈ.ਏ.ਐਸ ਨੇ ਬਤੌਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਫ਼ਿਰੋਜ਼ਪੁਰ ਪਹੁੰਚਣ ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਡ ਆਫ਼ ਆਨਰ ਦਿੱਤਾ ਗਿਆ। ਦਫਤਰ ਵਿਖੇ ਚਾਰਜ ਸੰਭਾਲਣ ਉਪਰੰਤ ਉਨ੍ਹਾਂ ਸਮੂਹ ਦਫਤਰ ਦੇ ਸਟਾਫ ਨਾਲ ਪਲੇਠੀ ਜਾਣ-ਪਛਾਣ ਕੀਤੀ ਅਤੇ ਜ਼ਿਲ੍ਹੇ ਦੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਗਿਰਿਸ਼ ਦਯਾਲਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਸ਼ਾਂਤੀ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣਾ ਉਨ੍ਹਾਂ ਦਾ ਮੁੱਖ ਕੰਮ ਰਹੇਗਾ। ਇਸ ਸਬੰਧੀ ਵੱਖ ਵੱਖ ਆਰ.ਓਜ਼ ਅਤੇ ਅਧਿਕਾਰੀਆਂ ਨਾਲ ਚਾਰ ਵਿਧਾਨਸਭਾ ਹਲਕਿਆਂ ਵਿਚ ਚੋਣਾਂ ਕਰਵਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਇਸ ਸਬੰਧੀ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰੀਆ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੀਡੀਆ ਇਸ ਕੰਮ ਵਿਚ ਪ੍ਰਸ਼ਾਸਨ ਦਾ ਵਧੀਆ ਢੰਗ ਨਾਲ ਸਹਿਯੋਗ ਕਰ ਸਕਦਾ ਹੈ ਅਤੇ ਜਿੱਥੇ ਕਿਤੇ ਵੀ ਕੋਈ ਕਮੀ ਆਉਂਦੀ ਹੈ ਉਸ ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਚੋਣ ਪ੍ਰਕਿਰੀਆ ਦੌਰਾਨ ਕੋਈ ਵੀ ਕੰਮ ਛੁਪਾਇਆ ਨਾ ਜਾਵੇ ਅਤੇ ਮੀਡੀਆ ਰਾਹੀਂ ਹਰ ਜ਼ਰੂਰੀ ਜਾਣਕਾਰੀ ਜ਼ਿਲ੍ਹਾ ਨਿਵਾਸੀਆਂ ਨਾਲ ਵੀ ਸਮੇਂ ਸਮੇਂ ਸਿਰ ਸਾਂਝੀ ਕੀਤੀ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਗਿਰਿਸ਼ ਦਯਾਲਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਚੋਣ ਪ੍ਰਕਿਰੀਆ ਦੇ ਨਾਲ ਨਾਲ ਉਨ੍ਹਾਂ ਦਾ ਮੁੱਖ ਮਕਸਦ ਕੋਵਿਡ ਵੈਕਸੀਨੇਸ਼ਨ ਦੇ ਕੰਮ ਵਿਚ ਵੀ ਤੇਜੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਅਤੇ ਐਸਡੀਐਮਜ ਕੋਵਿਡ ਵੈਕਸੀਨੇਸ਼ਨ ਦੇ ਕੰਮ ਵਿਚ ਤੇਜੀ ਲਿਆਉਣ ਵਿਚ ਮੁੱਖ ਭੁਮਿਕਾ ਨਿਭਾਉਣਗੇ। ਐਸਡੀਐਮ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਪਿੰਡਾਂ ਦੇ ਸਰਪੰਚਾਂ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਯੋਜਨਾਬਧ ਤਰੀਕੇ ਨਾਲ ਪਿੰਡਾਂ ਵਿਚ ਜਾ ਕੇ ਵੈਕਸੀਨੇਸ਼ਨ ਇਸ ਢੰਗ ਨਾਲ ਕੀਤੀ ਜਾਵੇਗੀ ਕਿ ਵੈਕਸੀਨੇਸ਼ਨ ਲਗਵਾਉਣ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ, ਇਸ ਦੇ ਲਈ ਵੈਕਸੀਨੇਸ਼ਨ ਲਗਾਉਣ ਅਤੇ ਡਾਟਾ ਐਂਟਰੀ ਦਾ ਕੰਮ ਵੱਖ ਵੱਖ ਤੌਰ ਤੇ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਸਾਦੇ ਕਾਗਜ ਤੇ ਵੈਕਸੀਨੇਸ਼ਨ ਲਗਵਾਉਣ ਆਉਣ ਵਾਲਾ ਦਾ ਨਾਂ, ਆਈਡੀ ਨੰਬਰ, ਕੰਟੈਕਟ ਨੰਬਰ ਦੀ ਵੱਖਰੇ ਤੌਰ ਤੇ ਪਹਿਲਾਂ ਹੀ ਲਿਸਟ ਤਿਆਰ ਕਰ ਲਈ ਜਾਵੇਗੀ ਅਤੇ ਲਿਸਟ ਵਿਚ ਨਾਮ ਦਾ ਮਿਲਾਨ ਕਰਦੇ ਹੋਏ ਵੈਕਸੀਨੇਸ਼ਨ ਲਗਾਈ ਜਾਵੇਗੀ। ਇਸ ਉਪਰੰਤ ਲਿਸਟ ਅਨੁਸਾਰ ਡਾਟਾ ਅਪਲੋਡ ਕਰ ਦਿੱਤਾ ਜਾਵੇਗਾ ਜਿਸ ਦਾ ਮੈਸਜ ਵੈਕਸੀਨੇਸ਼ਨ ਲਗਵਾਉਣ ਵਾਲੇ ਨੂੰ ਮਿਲ ਜਾਵੇਗਾ। ਇਸ ਦੇ ਨਾਲ ਵੈਕਸੀਨੇਸ਼ਨ ਲਗਵਾਉਣ ਵਾਲੇ ਦੇ ਸਮੇਂ ਦੀ ਵੀ ਬਚਤ ਹੋਵੇਗੀ ਅਤੇ ਡਾਟਾ ਵੀ ਆਸਾਨੀ ਨਾਲ ਅਪਲੋਡ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਦੇ ਵਿਚ ਪਿੰਡਾਂ ਦੇ ਸਰਪੰਚਾਂ ਸਮੇਤ ਜੋ ਵੀ ਵਧੀਆ ਕੰਮ ਕਰੇਗਾ ਉਸ ਨੂੰ 26 ਜਨਵਰੀ ਗਣਤੰਤਰ ਦਿਵਸ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੇ ਕੰਮ ਵਿਚ ਤੇਜੀ ਲਿਆਉਣ ਲਈ ਪ੍ਰਾਈਵੇਟ ਕਲੱਬਾਂ, ਧਾਰਮਿਕ ਅਤੇ ਐਨਜੀਓਜ ਸਮੇਤ ਜਮੀਨੀ ਪੱਧਰ ਤੇ ਕੰਮ ਕਰਨ ਵਾਲਿਆਂ ਦੀ ਵੀ ਸਹਾਇਤਾ ਲਈ ਜਾਵੇਗੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਹੁਸੈਨੀਵਾਲਾ ਬਾਰਡਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਵਿਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਬਤੌਰ ਡਿਪਟੀ ਕਮਿਸ਼ਨਰ ਮੋਹਾਲੀ ਸਮੇਤ ਹੋਰ ਮਹੱਤਵਪੂਰਨ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ।