PM MODI ਦੀ ਪੰਜਾਬ ਫੇਰੀ ਦਾ ਜਨਤਕ ਜਥੇਬੰਦੀਆਂ ਨੇ ਜਤਾਇਆ ਵਿਰੋਧ
ਪਰਦੀਪ ਕਸਬਾ, ਸੰਗਰੂਰ, 5 ਜਨਵਰੀ 2022
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਮੌਕੇ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਆਕਤੀਆਂ ਵਲੋਂ ਸਥਾਨਕ ਪ੍ਰਜਾਪਤ ਧਰਮਸ਼ਾਲਾ ਨੇੜੇ ਬਰਨਾਲਾ ਕੈਂਚੀਆਂ ਵਿਚ ਰੈਲੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਦੇ ਸੱਦੇ ਤੇ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਆਰ. ਐਸ. ਐਸ. ਦੇ ਹਿੰਦੂ ਤਵੀ ਏਜੰਡੇ ਨੂੰ ਲਾਗੂ ਕਰਦਿਆਂ ਦੇਸ਼ ਨੂੰ ਭਰਾ ਮਾਰੂ ਲੜਾਈ ਵੱਲ ਧੱਕ ਰਹੀ ਹੈ। ਝੂਠੇ ਬਿਰਤਾਂਤ ਸਿਰਜ ਕੇ ਭੀੜਾਂ ਵਲੋਂ ਇਕ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਰਮ ਸੰਸਦਾਂ ਦੇ ਨਾਮ ਹੇਠ ਦੇਸ਼ ਦੀ ਜੁਆਨੀ ਨੂੰ ਹਥਿਆਰ ਚੁੱਕਣ ਲਈ ਉਕਸਾਇਆ ਜਾ ਰਿਹਾ ਹੈ। ਸਮਾਜ ਨੂੰ ਮਨੂਵਾਦੀ ਕਾਨੂੰਨਾਂ ਅਧੀਨ ਲਿਆਉਣ ਲਈ ਦਲਿਤਾਂ ਅਤੇ ਔਰਤਾਂ ਉਪਰ ਜਬਰ ਕੀਤਾ ਜਾ ਰਿਹਾ ਹੈ।
ਦੇਸ਼ ਦੇ ਮਾਲ ਖਜਾਨਿਆਂ ਨੂੰ ਕਾਰਪੋਰੇਟ ਜਗਤ ਨੂੰ ਲੁਟਾਉਣ ਵਾਸਤੇ ਇਕ ਸਾਜਗਰ ਮਹੌਲ ਬਣਾਉਣ ਲਈ ਮਜਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ। ਇਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਜਮਹੂਰੀ ਕਾਰਕੁੰਨਾਂ, ਬੁਧੀਜੀਵੀਆਂ, ਵਕੀਲਾਂ, ਸਮਾਜਿਕ ਕਾਰਕੁੰਨਾਂ, ਪੱਤਰਕਾਰਾਂ ਨੂੰ ਯੂ. ਏ. ਪੀ. ਏ, ਐਨ. ਐੱਸ. ਏ., ਦੇਸ਼ ਧ੍ਰੋਹ ਵਰਗੇ ਕਾਨੂੰਨਾਂ ਅਧੀਨ ਸਾਲਾਂ ਬੱਧੀ ਜੇਲਾਂ ਵਿਚ ਸਾੜਿਆ ਅਤੇ ਮਾਰਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਵਿਚ ਰੈਲੀਆਂ ਕਰਕੇ ਲੋਕ ਮੁਦਿਆਂ ਦੀ ਥਾਂ ਅਖੌਤੀ ਫਿਰਕੂ ਰਾਸ਼ਟਰਵਾਦ ਦਾ ਪ੍ਰਚਾਰ ਕਰਕੇ ਧਾਰਮਿਕ ਅਤੇ ਜਾਤੀ ਧਰੁਵੀਕਰਨ ਕਰ ਰਹੇ ਹਨ। ਬੁਲਾਰਿਆਂ ਨੇ ਇਹਨਾਂ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇਹਨਾਂ ਕਾਨੂੰਨਾਂ ਅਧੀਨ ਜੇਲਾਂ ਵਿਚ ਬੰਦ ਕੀਤੇ ਦੇਸ਼ ਭਗਤ ਬੁਧੀਜੀਵੀਆਂ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਅਤੇ ਇਸ ਫਿਰਕੂ ਧਰੁਵੀਕਰਨ ਅਤੇ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਖਿਲਾਫ ਇਕ ਜੁਟ ਜਨਤਕ ਘੋਲ ਉਸਾਰਨ ਦਾ ਸੱਦਾ ਦਿੱਤਾ।
ਰੈਲੀ ਵਿਚ ਪਾਸ ਕੀਤੇ ਮਤੇ ਵਿਚ ਪੰਜਾਬ ਸਰਕਾਰ ਵਲੋਂ ਕਰੋਨਾ ਦੀ ਆੜ ਵਿਚ ਲਗਾਈਆਂ ਪਾਬੰਦੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ, ਆਗੂ ਨਾਮਦੇਵ ਸਿੰਘ ਭੁਟਾਲ ,ਕੁਲਵਿੰਦਰ ਸਿੰਘ ਬੰਟੀ ਤੋਂ ਇਲਾਵਾ ਵੱਖ ਵੱਖ ਜਨਤਕ ਜਮਹੂਰੀ ਦੇ ਆਗੂਆਂ ਸਰਵ ਸ੍ਰੀ ਮੁਕੇਸ਼ ਮਲੌਦ, ਸੰਜੀਵ ਮਿੰਟੂ, ਲਾਡੀ ਨਮੋਲ, ਮਾਸਟਰ ਸੁਖਜਿੰਦਰ ਸਿੰਘ, ਰਘਬੀਰ ਸਿੰਘ ਭਵਾਨੀਗੜ੍ਹ, ਡਾ ਕਿਰਨ ਪਾਲ ਕੌਰ ਨੇ ਸੰਬੋਧਨ ਕੀਤਾ।