ਪ੍ਰਧਾਨਮੰਤਰੀ ਦੀ ਪੰਜਾਬ ਫੇਰੀ ਮੌਕੇ ਕਿਸਾਨ ਯੂਨੀਅਨ ਨੇ ਅਰਥੀ ਸਾੜ ਕੇ ਜਤਾਇਆ ਵਿਰੋਧ
ਪ੍ਰਦੀਪ ਕਸਬਾ , ਸੰਗਰੂਰ, 5 ਜਨਵਰੀ 2022
ਸੂਬਾ ਪੱਧਰੀ ਸੱਦੇ ਤਹਿਤ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਸੰਗਰੂਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋਏ ਬਹਦਾਰਪੁਰ,ਉਭਾਵਾਲ,ਲਿੱਦੜਾਂ,
ਬਡਰੁੱਖਾਂ,ਕੁੰਨਰਾਂ,ਦੁੱਗਾਂ,ਚੱਠੇ ਸੇਖਵਾਂ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਪਹਿਲਾਂ ਰੇਲਵੇ ਸਟੇਸ਼ਨ ਤੋਂ ਬਰਨਾਲਾ ਕੈੰਚੀਆਂ ਤੱਕ ਰੋਸ ਮਾਰਚ ਕਰਦੇ ਹੋਏ ਚੌੰਕ ਵਿੱਚ ਮੋਦੀ ਦਾ ਪੁਤਲਾ ਫੂਕ ਕੇ ਅਤੇ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ ਗਿਆ ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ,ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਜ਼ਿਲਾ ਆਗੂ ਜੁਝਾਰ ਸਿੰਘ ਬਡਰੁੱਖਾਂ, ਮੱਘਰ ਸਿੰਘ ਉਭਾਵਾਲ ਨੇ ਦੱਸਿਆ ਕਿ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਲਿਆਉਣ ਵਾਲੀ ਬੀਜੇਪੀ ਦੀ ਕੇਂਦਰ ਸਰਕਾਰ ਖ਼ਿਲਾਫ਼ ਜਦੋਂ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ ਲਈ ਲਗਾਤਾਰ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਰਹੇ ਤਾਂ ਕਿਸਾਨਾਂ ਨੂੰ ਅਣਸੁਣਿਆ ਕੀਤਾ ਗਿਆ।
ਇਸ ਸਮੇਂ ਦੌਰਾਨ ਸੱਤ ਸੌ ਦੇ ਕਰੀਬ ਅੰਦੋਲਨਕਾਰੀ ਕਿਸਾਨਾਂ ਦੀ ਜਾਨ ਚਲੀ ਗਈ ਅਤੇ ਲਖੀਮਪੁਰ ਖੀਰੀ ਵਿੱਚ ਮੋਦੀ ਸਰਕਾਰ ਦੇ ਕੇਂਦਰੀ ਗ੍ਰਹਿਅਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਦੇ ਪੁੱਤਰ ਦੁਆਰਾ ਕਿਸਾਨਾਂ ਨੂੰ ਗੱਡੀ ਹੇਠ ਦਰੜ ਕੇ ਮਾਰ ਦਿੱਤਾ ਗਿਆ ਅਤੇ ਦਿੱਲੀ ਅੰਦੋਲਨ ਦੌਰਾਨ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਬੀਜੇਪੀ ਦੇ ਮੰਤਰੀਆਂ ਨੇ ਕਦੇ ਖ਼ਾਲਿਸਤਾਨੀ,ਕਦੇ ਮਾਓਵਾਦੀ ,ਕਦੇ ਅਤਿਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਜ਼ਾਰਾਂ ਕਿਸਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਅਤੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਇਨ੍ਹਾਂ ਸਾਰੇ ਜ਼ੁਲਮਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਭੁਲਾ ਨਹੀਂ ਸਕਣਗੇ ।
ਸਾਰੀਆਂ ਫਸਲਾਂ ਦੀ ਐੱਮਐੱਸਪੀ ਤੇ ਸਰਕਾਰੀ ਖ੍ਰੀਦ ਦੀ ਮੰਗ ,ਲਖੀਮਪੁਰ ਖੀਰੀ ਘਟਨਾ ਦਾ ਇਨਸਾਫ ਲੈਣ ਲਈ ਅਤੇ ਝੂਠੇ ਪਰਚੇ ਰੱਦ ਕਰਵਾਉਣ,ਕਿਸਾਨਾਂ ਦੀ ਕਰਜਾ ਮੁਕਤੀ ਸਮੇਤ ਬਾਕੀ ਮੰਗਾਂ ਤੇ ਸੰਘਰਸ਼ ਜਾਰੀ ਰਹੇਗਾ ਅਤੇ ਮੋਦੀ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ । ਮੋਦੀ ਦੀ ਪੰਜਾਬ ਫੇਰੀ ਤੇ ਪੰਜਾਬ ਦੇ ਲੋਕਾਂ ਅੰਦਰ ਭਾਰੀ ਰੋਸ ਹੈ ਜਿਸ ਕਾਰਨ ਅੱਜ ਮੋਦੀ ਦਾ ਪੁਤਲਾ ਫੂਕਿਆ ਗਿਆ ਹੈ ।
ਇਸ ਮੌਕੇ ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ,ਲਖਵਿੰਦਰ ਉਭਾਵਾਲ ,ਅਮਰਜੀਤ ਸਿੰਘ ਅਤੇ ਮਿੰਟੂ ਬਡਰੁੱਖਾਂ,ਮਨਦੀਪ ਸਿੰਘ ਅਤੇ ਸੁਰਿੰਦਰ ਲਿੱਦੜਾਂ ,ਬਲਵੀਰ ਕੁੰਨਰਾਂ,ਬਲਜੀਤ ਦੁੱਗਾਂ, ਚਮਕੋਰ ਸਿੰਘ , ਬਲਵੀਰ ਸਿੰਘ,ਨਿਰਮਲ ਸਿੰਘ, ਤੇ ਰੁਪਿੰਦਰ ਬਹਾਦਰਪੁਰ, ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਗੁਰਜੀਤ ਸਿੰਘ, ਜਸਪਾਲ ਸਿੰਘ ਰਾਣਵਾਂ, ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ ।