ਕੱਕਰ,ਬਾਰਸ਼,ਸਰਦ, ਹਵਾਵਾਂ, ਟੈਂਕੀ ਬੈਠੇ ਤੱਕਦੇ ਰਾਹਵਾਂ
ਪ੍ਰਦੀਪ ਕਸਬਾ , ਸੰਗਰੂਰ, 5 ਜਨਵਰੀ 2022
ਪੰਜਾਬ ਦੇ ਪੁਰਾਣੇ ਜ਼ਿਲ੍ਹਿਆਂ ਵਿੱਚੋ ਇੱਕ ਹੈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ।ਜਿੱਥੇ ਅੰਗਰੇਜ਼ਾਂ ਨੇ ਆਪਣੇ ਵਪਾਰ ਲਈ ਰੇਲਵੇ ਜਾਲ਼ ਵਿਛਾਇਆ। ਇੱਥੇ ਹੀ ਉਸ ਤਿੱਕੜੀ ਦੀ ਸਮਾਧੀ ਵੀ ਹੈ ਜਿਸ ਨੇ ਅੰਗਰੇਜਾਂ ਨੂੰ ਭਾਰਤ ਵਿੱਚੋ ਭਜਾਉਣ ਲਈ ਸ਼ਹਾਦਤ ਦਿੱਤੀ। ਆਪਣੇ ਗਰਮ ਖੂਨ ਦੀ ਚਰਬੀ ਪਾਕੇ ਅਣਖ, ਗੈਰਤ ਦੀ ਸ਼ਮਾ ਰੌਸ਼ਨ ਰੱਖੀ। ਇਸੇ ਜਿਲ੍ਹੇ ਚੋਂ ਅਕਾਲੀ- ਭਾਜਪਾ ਸਰਕਾਰ ਨੇ ਕੁਝ ਹਿੱਸਾ ਕੱਟ ਕੇ ਨਵਾਂ ਜ਼ਿਲ੍ਹਾ ਫਾਜਲਿਕਾ ਬਣਾਇਆ ਸੀ।ਸਿੱਖਿਆ ਖੇਤਰ ਵਿੱਚ ਜ਼ਿਲ੍ਹੇ ਨੂੰ ਪੈਰਾਂ ਸਿਰ ਕਰਨ ਲਈ ਨੌਜਵਾਨਾਂ ਨੇ ਉੱਚ ਵਿੱਦਿਆ ਹਾਸਲ ਕਰਨ ਲਈ ਪਟਿਆਲਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲ ਰੁਖ ਕੀਤਾ।ਅਜੋਕੇ ਸਮੇਂ ਅਧਿਆਪਨ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਦੀ ਵੱਡੀ ਗਿਣਤੀ ਇਹਨਾਂ ਜ਼ਿਲਿਆਂ ਹੀ ਹੈ।
ਸਮੁੱਚੇ ਪੰਜਾਬ ਦੀ ਤੁਲਨਾ ਵਿੱਚ ਬਰਾਬਰ ਦੇ ਬੇਰੁਜ਼ਗਾਰ ਬੀ ਐਡ ਅਤੇ ਈਟੀਟੀ ਟੈਟ ਪਾਸ ਅਧਿਆਪਕ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚੋ ਹੋਣਗੇ।ਇਕੱਲਾ ਪੜ੍ਹਨਾ ਹੀ ਨਹੀਂ,ਲੜਨਾ ਵੀ ਇੰਨਾ ਦੀ ਪੁਰਾਤਨ ਰਵਾਇਤ ਹੈ।ਸਰਕਾਰਾਂ ਨਾਲ ਟੱਕਰ ਲੈਣਾ ਪਿਰਤ ਹੈ।ਵਿਦਿਆਰਥੀ,ਬੇਰੁਜ਼ਗਾਰ,
ਮੁਲਾਜ਼ਮ ਅਤੇ ਕਿਸਾਨੀ ਸੰਘਰਸ਼ ਵਿੱਚ ਮੋਹਰੀ ਰੋਲ ਇੰਨਾ ਦਾ ਰਿਹਾ ਹੈ।ਪੰਜਾਬ ਅੰਦਰ ਬੇਰੁਜ਼ਗਾਰ ਅਧਿਆਪਕਾਂ ਦੇ ਚੱਲਦੇ ਸੰਘਰਸ਼ਾਂ ਵਿਚ ਰੁਜ਼ਗਾਰ ਲਈ ਅੰਬਰ ਛੂਹਦੀਆਂ ਟੈਂਕੀਆਂ ਉੱਤੇ ਚੜ ਬੈਠਣਾ ਵੀ ਇਸ ਜਿਲ੍ਹੇ ਦੇ ਬੇਰੁਜ਼ਗਾਰਾਂ ਦਾ ਇੱਕ ਲੜਨ ਢੰਗ ਹੈ।
ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਵੀ ਕਰੀਬ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਜੰਗ ਜਾਰੀ ਹੈ।ਬੇਰੁਜ਼ਗਾਰ ਪਿਛਲੇ ਮੰਤਰੀਆਂ ਅਰੁਣਾ ਚੌਧਰੀ,ਓ ਪੀ ਸੋਨੀ , ਵਿਜੇਇੰਦਰ ਸਿੰਗਲਾ ਅਤੇ ਹੁਣ ਸ੍ਰ ਪ੍ਰਗਟ ਸਿੰਘ ਖਿਲਾਫ ਰਣ ਤੱਤੇ ਵਿੱਚ ਹਨ।ਪਹਿਲਾਂ ਦਰਜਨਾਂ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਘੇਰੇ ਗਏ ਹੁਣ ਆਮ ਲੋਕਾਂ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਜੀਤ ਆਖ ਕੇ ਘੇਰਿਆ ਜਾ ਰਿਹਾ ਹੈ।ਇਨ੍ਹਾਂ ਵਿੱਚੋ ਹੀ ਦੋ ਮਜ਼ਦੂਰ ਵਰਗ ਦੇ ਨੌਜਵਾਨ ਬੇਰੁਜ਼ਗਾਰ ਜਲੰਧਰ ਸਿੱਖਿਆ ਮੰਤਰੀ ਦੇ ਸ਼ਹਿਰ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਹੋਏ ਹਨ।
ਇੰਨਾ ਵਿੱਚੋ ਮੁਨੀਸ਼ ਕੁਮਾਰ ਪਿੰਡ ਟਾਹਲੀ ਬੋਦਲਾ ਹਲਕਾ ਜਲਾਲਾਬਾਦ ਅਤੇ ਦੂਜਾ ਪੰਜਾਬ ਵਿੱਚੋ ਸੰਸਦ ਮੈਂਬਰ,ਵਿਧਾਇਕ ਅਤੇ ਮੰਤਰੀ ਰਹੇ ਸ਼ੇਰ ਸਿੰਘ ਘੁਬਾਇਆ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿੰਡ ਦਾ ਹੈ ਜਸਵੰਤ ਸਿੰਘ। ਜਿਹੜੇ ਕਿ 28 ਅਕਤੂਬਰ ਭਾਵ ਕਰੀਬ 70 ਦਿਨਾਂ ਤੋਂ ਟੈਂਕੀ ਉੱਤੇ ਹਨ।ਉਂਝ ਮੁਨੀਸ਼ ਪਹਿਲਾਂ 21 ਅਗਸਤ ਤੋਂ ਸੰਗਰੂਰ ਵਿਜੇਇੰਦਰ ਸਿੰਗਲਾ ਜਿਹੜੇ ਕਿ ਉਸ ਵੇਲੇ ਸਿੱਖਿਆ ਮੰਤਰੀ ਸਨ ਤੋ ਰੁਜ਼ਗਾਰ ਮੰਗਣ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠਾ ਸੀ।ਬੇਰੁਜ਼ਗਾਰਾਂ ਵੱਲੋਂ ਹੋ ਰਹੇ ਜ਼ਬਰਦਸਤ ਵਿਰੋਧ ਅਤੇ ਕਾਂਗਰਸ ਦੀ ਕੈਬਨਿਟ ਵਿੱਚ ਹੋਈ ਰੱਦੋਬਦਲ ਮੌਕੇ ਵਿਜੇਇੰਦਰ ਸਿੰਗਲਾ ਦੀ ਥਾਂ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਬਣ ਗਏ।ਭਾਵ ਅਹੁਦੇ ਬਦਲ ਗਏ,ਵਿਭਾਗ ਬਦਲ ਗਏ, ਸ਼ਹਿਰ ਬਦਲ ਗਏ।
ਪਰ ਇਨ੍ਹਾਂ ਬੇਰੁਜ਼ਗਾਰਾਂ ਦੀ ਕਿਸਮਤ ਨਹੀਂ ਬਦਲੀ।ਉਡੀਕ ਝਾਕ ਮਗਰੋਂ ਮੁਨੀਸ਼ 28 ਅਕਤੂਬਰ ਦੀ ਰਾਤ ਸੰਗਰੂਰ ਦੀ ਟੈਂਕੀ ਤੋ 69 ਦਿਨ ਲਗਾ ਕੇ ਰਾਤ ਦੇ ਹਨੇਰੇ ਵਿੱਚ ਬੋਚ ਬੋਚ ਕੇ ਉੱਤਰਿਆ ਅਤੇ ਦਬਵੇਂ ਪੈਰੀ ਨਵੇਂ ਸਿੱਖਿਆ ਮੰਤਰੀ ਦੇ ਸ਼ਹਿਰ ਵਿਖੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਅੰਤਰਰਾਜੀ ਬੱਸ ਸਟੈਂਡ ਵਿਖੇ ਉਸੇ ਰਾਤ ਆਪਣੇ ਨਵੇ ਸਾਥੀ ਜਸਵੰਤ ਸਮੇਤ ਕਰੀਬ ਸਵਾ ਸੌ ਫੁੱਟ ਉੱਚੀ ਲੰਘੀ ਮਿਆਦ ਵਾਲੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਿਆ। ਜਿੱਥੋਂ ਉਹ ਉੱਚੀ- ਉੱਚੀ ਨਾਹਰੇ ਮਾਰਦੇ ਹੋਏ ਨੇੜਲੇ ਰਾਜਾਂ ਤੱਕ ਵੀ ਆਪਣੀ ਮੰਗ ਪੁਚਾ ਰਹੇ ਹਨ।
ਮੰਗ ਓਹੀ ਜਿਹੜੀ ਕਾਂਗਰਸ ਸਰਕਾਰ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਚੋਣ ਵਾਅਦਾ ਸੀ।ਘਰ- ਘਰ ਰੁਜ਼ਗਾਰ ਅਤੇ ਜਦੋਂ ਤੱਕ ਰੁਜ਼ਗਾਰ ਨਹੀਂ,ਉਦੋਂ ਤੱਕ 2500 ਪ੍ਰਤੀ ਬੇਰੁਜ਼ਗਾਰ,ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ।ਪ੍ਰੰਤੂ ਨਵੀਂ ਬਣੀ ਕੈਬਨਿਟ ਅਤੇ ਮੁੱਖ ਮੰਤਰੀ ਪਿਛਲੇ ਸਾਢੇ ਚਾਰ ਸਾਲਾਂ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ ਪਾਕੇ ਸੁਰਖ਼ਰੂ ਹੋਣ ਦੀ ਹੋੜ ਵਿਚ ਹਨ। ਬੇਰੁਜ਼ਗਾਰ ਇੰਨਾ ਸੌਖੇ ਇਨ੍ਹਾਂ ਨੂੰ ਬਰੀ ਨਹੀਂ ਹੋਣ ਦਿੰਦੇ।
ਉਹ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ,ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ, ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ,ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਨੂੰ ਜਨਤਕ ਕਟਿਹਰੇ ਵਿੱਚ ਸਵਾਲ ਕਰ ਰਹੇ ਹਨ।ਗੱਲ ਨਾ ਸੁਣੇ ਜਾਣ ਦੀ ਸੂਰਤ ਵਿੱਚ ਜਨਤਕ ਚੋਣ ਰੈਲੀਆਂ ਵਿੱਚ ਨਾਹਰੇਬਾਜ਼ੀ ਕਰਦੇ ਹਨ।ਕਵਾਇਦ ਜਾਰੀ ਹੈ।
ਮਾਨਸਾ,ਕੋਟਕਪੂਰਾ,ਅਬੋਹਰ,ਮੁਕਤਸਰ,ਜਲੰਧਰ ਦੇਸ਼ ਭਗਤ ਯਾਦਗਾਰ ਹਾਲ,ਗੁਰੂ ਹਰ ਸਹਾਏ,ਫ਼ਾਜ਼ਿਲਕਾ,ਬਰਨਾਲਾ,ਮਹਿਲ ਕਲਾਂ,ਸੰਗਰੂਰ,ਸਮਾਣਾ ਅਤੇ ਮਾਲੇਰਕੋਟਲਾ ਇਸਦੀਆਂ ਸਾਖਸ਼ਾਤ ਉਦਾਹਰਨਾਂ ਹਨ।
ਹੁਣ ਜਦੋਂ ਚੋਣਾਂ ਮੌਕੇ ਵਾਅਦਿਆਂ ਦੀ ਬਰਸਾਤ ਹੋ ਰਹੀ ਹੈ ,ਉੱਧਰ ਜਲੰਧਰ ਦੀ ਟੈਂਕੀ ਉੱਤੇ ਵੀ ਵਰਦੀ ਬਰਸਾਤ ਵਿੱਚ ਦੋਵੇਂ ਬੇਰੁਜ਼ਗਾਰ ਸੁੰਗੜ ਰਹੇ ਹਨ।ਪਹਿਲਾਂ ਇੱਕ ਈਟੀਟੀ ਟੈਟ ਪਾਸ ਬੇਰੁਜ਼ਗਾਰ ਸੁਰਿੰਦਰਪਾਲ ਸਿੰਘ ਗੁਰਦਾਸਪੁਰ, ਪਟਿਆਲਾ ਵਿਖੇ ਕਰੀਬ 135 ਦਿਨ ਬੀ ਐੱਸ ਐਨ ਐਲ ਦੇ ਟਾਵਰ ਉੱਤੇ ਬੈਠਾ ਸੀ।ਭਾਵੇਂ ਉਸਦੀ ਥੋੜੀ ਬਹੁਤੀ ਅਪੀਲ ਉਸ ਵੇਲੇ ਦੀ ਮਹਿਲਾਂ ਅਤੇ ਮੋਤੀਆਂ ਵਾਲੀ ਸਰਕਾਰ ਨੇ ਸੁਣ ਤਾਂ ਲਈ ਸੀ ਪਰ ਮਾਮਲਾ ਅਜੇ ਵੀ ਕਾਨੂੰਨੀ ਘੁੰਡੀਆਂ ਦਾ ਸ਼ਿਕਾਰ ਹੈ।
ਪਰ ਮੁਨੀਸ਼ ਨੂੰ ਤਾਂ ਧਰਤੀ ਨਾਲੋ ਨਾਤਾ ਤੋੜਿਆ,ਮੰਜੇ ਉੱਤੇ ਨਿਸਲ ਹੋ ਕੇ ਪਏ ਨੂੰ ਸਾਢੇ ਚਾਰ ਮਹੀਨੇ ਤੋਂ ਵੱਧ ਸਮਾਂ ਹੋ ਗਿਆ।ਨਾ ਤਾਂ ਅਜੇ ਤੱਕ ਹਾਕੀ ਦੇ ਖਿਡਾਰੀ ਨੂੰ,ਨਾ ਮੰਜੇ ਪੀੜੀਆਂ ਬੁਣਨ ਸਮੇਤ ਹਰੇਕ ਕੰਮ ਜਾਣਦੇ ਹੋਣ ਵਾਲੇ ਮੁੱਖ ਮੰਤਰੀ ਨੂੰ ਮੌਕਾ ਮਿਲਿਆ ਹੈ ਕਿ ਟੈਂਕੀ ਕੋਲ ਆਕੇ ਇੰਨਾਂ ਨੂੰ ਢਾਰਸ ਦੇ ਸਕੇ ਹੋਣ।ਪਿਛਲੇ ਸਮਿਆਂ ਵਿੱਚ ਸੱਤਾ ਭੋਗ ਚੁੱਕੇ,25 ਸਾਲ ਰਾਜ ਕਰਨ ਦਾ ਅਲਾਪ ਕਰਨ ਵਾਲਿਆਂ ਕੋਲ ਵੀ ਵਕਤ ਨਹੀਂ।
ਉੱਧਰ ਦੁਨੀਆਂ ਵਿਚ ਸੁਪਰੀਮ ਪਾਵਰ ਅਖਵਾ ਰਹੇ,ਭਾਜਪਾ ਦੇ ਮਦਨ ਲਾਲ ਮਿੱਤਲ ਦੇ ਕਹਿਣ ਅਨੁਸਾਰ ਦੁਨੀਆਂ ਦੇ ਪ੍ਰਧਾਨ ਮੰਤਰੀ ਨੂੰ ਮਨ ਕੀ ਬਾਤ ਕਹਿਣ ਲਈ ਫਿਰੋਜ਼ਪੁਰ ਆਉਣਾ ਤਾਂ ਯਾਦ ਰਿਹਾ , ਉਹ ਜਾਂ ਉਨ੍ਹਾਂ ਦੇ ਕਿਸੇ ਵੀ ਰਾਜ ਪੱਧਰੀ ਲੀਡਰ ਨੂੰ ਅੱਧ ਅਸਮਾਨ ਬੈਠੇ ਬੇਰੁਜ਼ਗਾਰ ਵਿਖਾਈ ਜਾਂ ਸੁਣਾਈ ਨਹੀਂ ਦੇ ਰਹੇ।ਕੁਦਰਤ ਅਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਭ ਇਨਸਾਨ ਬਰਾਬਰ ਹੁੰਦੇ ਹਨ।ਇਸ ਸਬਕ ਸਾਰੀ ਜ਼ਿੰਦਗੀ ਪੜਾਇਆ ਜਾਂਦਾ ਹੈ। ਪਰ ਇੱਕ ਪਾਸੇ 20 ਮਿੰਟ ਆਪਣੀ ਮਹਿੰਗੀ ਲਗਜ਼ਰੀ ਕਾਰ ਵਿੱਚ ਰੁਕਣ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਵੱਡਾ ਸਵਾਲ ਸਮਝਦੇ ਹੋਏ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਰੁਜ਼ਗਾਰ ਲਈ ਕੜਾਕੇ ਦੀ ਠੰਡ,ਤੇਜ਼ ਸਰਦ ,ਕਕਰੀਲੀਆਂ ਹਵਾਵਾਂ ਝੇਲ ਰਹੇ ਉਨ੍ਹਾਂ ਦੋ ਬੇਰੁਜ਼ਗਾਰਾਂ ਦਾ ਕੋਈ ਨੋਟਿਸ ਨਹੀਂ। ਉਲਟਾ ਹਾਕੀ ਵਾਲਾ ਓਹੀ ਉਲੰਪੀਅਨ ਜਿਹੜਾ * ਠੋਕੋ ਤਾਲੀ * ਦੀ ਟੀਮ ਵਿਚ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਬੈਠ ਕੇ ਮੁਨਸ਼ੀ ਪੁਣਾ ਕਰਦਾ ਰਿਹਾ , ਓਹੀ ਹੁਣ ਚੌਕੜੀ ਲੈਕੇ ਦਿੱਲੀ ਦਰਬਾਰ ਦੇ ਗੇੜੇ ਮਰ ਰਿਹਾ ਹੈ ਕਿ ਸਿੱਧੂ ਤਾਂ ਖੁਦ ਹੀ ਟਿਕਟਾਂ ਵੰਡੀ ਜਾਂਦਾ ਹੈ,ਉਮੀਦਵਾਰਾਂ ਦੇ ਐਲਾਨ ਕਰ ਰਿਹਾ ਹੈ ਅਤੇ ਸੂਬਾ ਸਰਕਾਰ ਬਰਾਬਰ ਅਤੇ ਵਿਰੁੱਧ ਮੁਹਿੰਮ ਛੇੜੀ ਫਿਰਦਾ ਹੈ।
ਪਰ ਠੋਕੋ ਤਾਲੀ ਵਾਲੇ ਮਸ਼ਖਰੇ ਨੂੰ ਵੀ ਸੜਕਾਂ ਉੱਤੇ ਰੁਲਦੇ ਕੱਚੇ ਕਾਮੇ,ਟੈਂਕੀਆਂ ਉੱਤੇ ਬੈਠੇ ਅਤੇ ਡੀ ਐਸ ਪੀ ਗੁਰਮੀਤ ਸਿੰਘ ਸੋਹਲ ਦੀਆਂ ਹੁੱਜਾਂ ਖਾ ਰਹੇ ਬੇਰੁਜ਼ਗਾਰ ਅਧਿਆਪਕ ਵਿਖਾਈ ਨਹੀਂ ਦਿੰਦੇ।ਉਲਟਾ ਉਹ ਮਾਮੂਲੀ ਮਿਹਨਤਾਨੇ ਉੱਤੇ ਸੇਵਾਵਾਂ ਨਿਭਾ ਰਹੀਆਂ ਸਿਹਤ ਮੁਲਾਜ਼ਮ ਮਹਿਲਾਵਾਂ ਨੂੰ ਆਪਣੀਆਂ ਕਾਰਾਂ ਹੇਠ ਦਰੜਣ ਦੀ ਕੋਸਿਸ ਕਰਦਾ ਹੈ,ਜਿੰਨਾ ਨੂੰ ਪੰਜਾਬ ਦੀ ਅੱਧੀ ਆਬਾਦੀ 118 ਕਰੋੜ ਆਖ ਕੇ ਸਹੂਲਤਾਂ ਦੇ ਪਿਟਾਰੇ ਖੋਲਣ ਦਾ ਐਲਾਨ ਵੀ ਕਰਦਾ ਹੈ। ਜ਼ਿੰਨਾਂ ਦੇ ਜਨਮ ਤੋਂ ਮੌਤ ਤੱਕ ਹਰੇਕ ਪੜਾਅ ਉੱਤੇ ਸਹੂਲਤਾਂ ਦੇ ਢੇਰ ਦੇਣ ਦੀ ਗੱਲ ਕਰਦਾ ਹੈ।
ਸੱਤਾ ਮਾਣ ਚੁੱਕੇ ਮੁੜ ਸੱਤਾ ਸੰਭਾਲਣ ਲਈ ਉਤਾਵਲੇ ਨੇ,ਦਿੱਲੀ ਵਾਲਾ ਮੋਦੀ ਪੰਜਾਬ ਨੂੰ ਕਾਬੂ ਕਰਨ ਦੀਆਂ ਤਰਕੀਬਾਂ ਸੋਚ ਰਿਹਾ ਹੈ।ਆਮ ਲੋਕਾਂ ਦਾ ਮੁੱਖ ਮੰਤਰੀ 100 ਦਿਨਾਂ ਦੀਆਂ ਪ੍ਰਾਪਤੀਆਂ ਗਿਣਾ ਕੇ ਮੁੜ 1825 ਦਿਨਾਂ ਦਾ ਮੌਕਾ ਮੰਗ ਰਹੇ ਹਨ।ਪਿਛਲੀਆਂ ਚੋਣਾਂ ਵਿੱਚ ਵਿਰੋਧੀ ਧਿਰ ਬਣੀ ਆਪ ਹੁਣ ਸਾਸ਼ਕ ਧਿਰ ਬਨਣ ਦੀ ਦੌੜ ਵਿੱਚ ਹੈ।ਦਿੱਲੀ ਜਿੱਤ ਕੇ ਪਰਤੇ ਕਿਸਾਨ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਤਖ਼ਤ ਲੋਚਦੇ ਹਨ।
ਪਰ ਉੱਚ ਪੜਾਈਆਂ ਕਰਕੇ,ਉੱਚ ਯੋਗਤਾਵਾਂ ਹਾਸਲ ਕਰਕੇ ਗਲਤੀ ਕਰ ਬੈਠੇ,ਕਰੀਬ ਇਕ ਸਾਲ ਤੋਂ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਲੈਣ ਕੋਈ ਨਹੀਂ ਬਹੁੜਿਆ।
ਠੰਢੀ ਯਖ਼ ਰੁੱਤ ਵਿੱਚ ਟੈਂਕੀ ਉੱਤੇ ਬੈਠਿਆ ਨੂੰ ਵੇਖ
ਆਪ ਮੁਹਾਰੇ ਹੀ ਬਾਬੇ ਨਾਨਕ ਦਾ ਉਲਾਹਮਾ ਬੁੱਲਾਂ ਉੱਤੇ ਆ ਜਾਂਦਾ ਹੈ –
ਏਤੀਂ ਮਾਰ ਪਈ ਕੁਰਲਾਣੈ, ਤੈਂਕੀ ਦਰਦ ਨਾ ਆਇਆ।