ਪੰਜਾਬੀ ਯੂਨੀ. ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਵਿੱਦਿਅਕ ਅਦਾਰੇ ਬੰਦ ਕਰਨ ਦੇ ਫੈਸਲੇ ਨੂੰ ਨਕਾਰਿਆ

Advertisement
Spread information

ਪੰਜਾਬੀ ਯੂਨੀ. ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਵਿੱਦਿਅਕ ਅਦਾਰੇ ਬੰਦ ਕਰਨ ਦੇ ਫੈਸਲੇ ਨੂੰ ਨਕਾਰਿਆ

ਪ੍ਰਦੀਪ ਕਸਬਾ, ਪਟਿਆਲਾ, 5  ਜਨਵਰੀ  2022

ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੱਕ ਵਿੱਦਿਅਕ ਸੰਸਥਾਵਾਂ ਬੰਦ ਕਰਨ ਦੇ ਫੈਸਲੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਾਈ ਕਾਨ੍ਹ ਸਿੰਘ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਦੀ ਖੁੱਲ਼੍ਹੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸ਼ਾਮਲ ਹੋਏ 150 ਦੇ ਕਰੀਬ ਵਿਦਿਆਰਥੀਆਂ ਨੇ ਸਮੂਹਿਕ ਫੈਸਲਾ ਕਰਕੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਯੂਨੀਵਰਸਿਟੀ ਨੂੰ ਬੰਦ ਨਾ ਹੋਣ ਦੇਣ ਦਾ ਮਤਾ ਪਾਸ ਕੀਤਾ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਯੂਨੀਵਰਸਿਟੀ, ਹੋਸਟਲ, ਲਾਇਬ੍ਰੇਰੀ ਜਾਂ ਮੈੱਸ ਆਦਿ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਦਾ ਡਟਵਾਂ ਵਿਰੋਧ ਕੀਤਾ ਜਾਵੇਗਾ।

Advertisement

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਿਲਾਂ ਵਾਂਗ ਹੀ ਕਰੋਨਾ ਦੀ ਪਬੰਦੀਆਂ ਸਭ ਤੋਂ ਪਹਿਲਾਂ ਸਕੂਲਾਂ,ਕਾਲਜਾਂ ਉੱਪਰ ਮੜ੍ਹੀਆ ਗਈਆਂ ਹਨ ਪਰ ਚੋਣਾਂ ਲਈ ਹਜ਼ਾਰਾਂ ਦੇ ਇਕੱਠ ਵਾਲੀਆਂ ਸਿਆਸੀ ਰੈਲੀਆਂ ਓਵੇਂ ਹੀ ਬਰਕਰਾਰ ਹਨ। “ਕਰੋਨਾ” ਦਾ ਪਿਛਲਾ ਦੋ ਸਾਲਾਂ ਦਾ ਅਮਲ ਵਿਖਾ ਚੁੱਕਾ ਹੈ ਕਿ ਸਾਧਾਰਨ ਫਲੂ ਵਰਗੀ ਇਸ ਬਿਮਾਰੀ ਦਾ ਬੇਲੋੜਾ ਖ਼ੌਫ਼ ਖੜ੍ਹਾ ਕੀਤਾ ਗਿਆ ਹੈ ਤੇ ਸੰਸਾਰ ਭਰ ਦੇ ਅਨੇਕਾਂ ਮਾਹਿਰ ਇਹਨਾਂ ਪਾਬੰਦੀਆਂ ਨੂੰ ਗੈਰ-ਜ਼ਰੂਰੀ ਐਲਾਨ ਚੁੱਕੇ ਹਨ। ਦੋ ਸਾਲਾਂ ਚ ਇਹ ਗੱਲ ਸਿੱਧ ਹੋਈ ਹੈ ਕਿ ਪਾਬੰਦੀਆਂ ਸਰਕਾਰਾਂ ਦੇ ਆਪਣੇ ਮਨਸੂਬਿਆਂ ਲਈ ਲਾਈਆਂ ਜਾਂਦੀਆਂ ਹਨ ਤੇ ਉਹ ਲੋਕਾਂ ਲਈ ਮਾਰੂ ਸਿੱਧ ਹੋਈਆਂ ਹਨ। ਪਿਛਲੇ ਦੋ ਸਾਲਾਂ ਦੀਆਂ ਪਾਬੰਦੀਆਂ ਨਾਲ਼ ਸਿੱਖਿਆ ਦਾ ਮਿਆਰ ਬਹੁਤ ਨਿੱਘਰਿਆ ਹੈ ਤੇ ਵਿਦਿਆਰਥੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਆਨਲਾਈਨ ਸਿੱਖਿਆ ਦਾ ਬਦਲ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ ਅਤੇ ਇਸਨੇ ਬੱਚਿਆਂ ਅੰਦਰ ਮਾਨਸਿਕ ਵਿਗਾੜ ਪੈਦਾ ਕੀਤੇ ਹਨ। ਇਸ ਕਰਕੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਣਾ ਜਾਣਦੇ ਹਨ ਤੇ ਹੁਣ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮੰਨ ਕੇ ਆਪਣੀ ਪੜ੍ਹਾਈ ਦਾ ਹੋਰ ਨੁਕਸਾਨ ਨਹੀਂ ਹੋਣ ਦੇਣਗੇ।

ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ/ਪੰਜਾਬ ਸਰਕਾਰ ਵੱਲੋਂ ਕਰੋਨਾ ਲੌਕਡਾਊਨ ਤੋਂ ਬਾਅਦ ਵਿਦਿਆਰਥੀਆਂ ਦੇ ਸੰਘਰਸ਼ ਸਦਕਾ ਪੰਜਾਬੀ ਯੂਨੀਵਰਸਿਟੀ ਅਕਤੂਬਰ 2020 ਤੋਂ ਅੰਸ਼ਕ ਤੇ ਜਨਵਰੀ 2021 ਤੋਂ ਪੂਰਨ ਰੂਪ ਵਿੱਚ ਖੁੱਲ੍ਹਣ ਵਾਲ਼ੀ ਭਾਰਤ ਦੀ ਇਕਲੌਤੀ ਯੂਨੀਵਰਸਿਟੀ ਸੀ। ਅਪ੍ਰੈਲ 2021 ਵਿੱਚ ਦੂਜੀ ਲਹਿਰ ਦੇ ਨਾਮ ਉੱਪਰ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਅਦਾਰੇ ਮੁੜ ਬੰਦ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਸੀ ਪਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਏਕਤਾ ਸਦਕਾ ਉਦੋਂ ਵੀ ਹੋਸਟਲ ਤੇ ਲਾਇਬ੍ਰੇਰੀਆਂ ਬੰਦ ਨਹੀਂ ਸੀ ਹੋਣ ਦਿੱਤੀਆਂ। ਹੁਣ ਵੀ ਉਹ ਇਸ ਯੂਨੀਵਰਸਿਟੀ ਨੂੰ ਬੰਦ ਨਹੀਂ ਹੋਣ ਦੇਣਗੇ ਤੇ ਇਸ ਕਰੋਨਾ ਡਰਾਮੇ ਦਾ ਹਿੱਸਾ ਨਹੀਂ ਬਣਗੇ।

Advertisement
Advertisement
Advertisement
Advertisement
Advertisement
error: Content is protected !!