ਦੋਸ਼- ਕਤਲ ਦਾ ਕੇਸ ਨਾ ਦਰਜ਼ ਹੋਣ ਦੀ ਗੱਲ ਕਹਿ ਕੇ ਲਏ ਸੀ 2 ਲੱਖ 18 ਹਜ਼ਾਰ ਰੁਪਏ
ਹਰਿੰਦਰ ਨਿੱਕਾ , ਬਰਨਾਲਾ 5 ਜਨਵਰੀ 2022
ਗੈਰ ਇਰਾਦਤਨ ਹੱਤਿਆ ਦੇ ਦੋਸ਼ ਵਿੱਚ ਕੇਸ ਦਰਜ਼ ਨਾ ਹੋਣ ਦੇਣ ਦਾ ਭਰੋਸਾ ਦੇ ਕੇ ਇੱਕ ਵਿਅਕਤੀ ਤੋਂ 2 ਲੱਖ 18 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਨੇ ਸ਼ਹਿਣਾ ਦੇ ਇੱਕ ਵੱਡੇ ਕਾਂਗਰਸੀ ਆਗੂ ਅਤੇ ਸਰਪੰਚ ਦੇ ਬੇਟੇ ਖਿਲਾਫ ਧੋਖਾਧੜੀ ਦਾ ਕੇਸ ਦਰਜ਼ ਕੀਤਾ ਹੈ। ਜਦੋਂਕਿ ਪੁਲਿਸ ਨੇ ਪੜਤਾਲ ਦੌਰਾਨ ਸਰਪੰਚ ਮਲਕੀਤ ਕੌਰ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਹੈ। ਪੁਲਿਸ ਨੇ ਨਾਮਜ਼ਦ ਦੋਸ਼ੀ ਕਾਂਗਰਸੀ ਆਗੂ ਨੂੰ ਗਿਰਫਤਾਰ ਕਰਨ ਲਈ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ ਤੇ ਕਿਵੇਂ ਮਾਰੀ ਠੱਗੀ ?
ਅਮਰੀਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਹਿਣਾ ਨੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਅਤੇ ਉਸ ਦੀ ਮਾਤਾ ਸਰਪੰਚ ਮਲਕੀਤ ਕੌਰ ਵਾਸੀਆਨ ਸਹਿਣਾ ਦੇ ਖਿਲਾਫ ਦਰਖਾਸਤ ਨੰਬਰੀ 534 NP ਮਿਤੀ 19.03 2021 ਦਿੱਤੀ ਸੀ। ਅਮਰੀਕ ਸਿੰਘ ਨੇ ਸ਼ਕਾਇਤ ਵਿੱਚ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ । ਉਸ ਦੇ ਤਿੰਨ ਲੜਕੇ ਹਨ । ਮਿਤੀ 09-01-2020 ਦੀ ਗੱਲ ਹੈ ਕਿ ਉਨ੍ਹਾਂ ਦੇ ਘਰ ਅੰਦਰ ਪਿੰਡ ਵਾਸੀ ਬੇਅੰਤ ਸਿੰਘ ਪੁੱਤਰ ਨਰੰਜਣ ਸਿੰਘ ਨਸ਼ੇ ਦੀ ਹਾਲਤ ਵਿੱਚ ਆ ਗਿਆ ਸੀ । ਜਿਸ ਦੀ ਮਕਾਨ ਦੀ ਛੱਤ ਤੋਂ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸ ਸਬੰਧੀ ਉਨ੍ਹਾਂ ਸਵੇਰ ਸਮੇਂ ਆਪਣੇ ਪਿੰਡ ਦੀ ਸਰਪੰਚ ਮਲਕੀਤ ਕੌਰ ਦੇ ਲੜਕੇ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੱਲ ਕੀਤੀ। ਜਿਸ ਨੇ ਕਿਹਾ ਕਿ ਆਪਾਂ ਤੁਹਾਡੀ , ਬੇਅੰਤ ਸਿੰਘ ਦੇ ਪਰਿਵਾਰ ਨਾਲ ਬੈਠ ਕੇ ਗੱਲ ਕਰਵਾ ਦਿੰਦੇ ਹਾਂ , ਪਰ ਤੁਹਾਡੇ ਪੈਸੇ ਲੱਗਣਗੇ। ਉਨ੍ਹਾਂ ਕਿਹਾ ਕਿ ਮੈਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਮਿਤੀ 11-01-2020 ਨੂੰ 68,000 ਰੁਪਏ ਆਪਣੀ ਰਿਸ਼ਤੇਦਾਰੀ ਵਿੱਚ ਲਿਆ ਕੇ ਦਿੱਤੇ, ਫਿਰ ਇਹ ਅਗਲੇ ਦਿਨ ਮੈਨੂੰ ਹੋਰ ਪੈਸੇ ਦੇਣ ਲਈ ਕਹਿਣ ਲੱਗਾ ਤਾਂ ਮੈਂ 50,000/-ਰੁਪਏ ਐਸ.ਬੀ.ਆਈ ਬਰਾਂਚ ਐਸ.ਡੀ. ਕਾਲਜ ਬਰਨਾਲਾ ਵਿੱਚੋਂ ਕੱਢਵਾ ਕੇ ਦਿੱਤੇ | ਫਿਰ ਉਹ ਮੈਨੂੰ ਇਹ ਕਹਿਣ ਲੱਗਾ ਕਿ ਇੰਨ੍ਹੇ ਰੁਪਏ ਨਾਲ ਨਹੀਂ ਸਰਨਾ , ਕਿਉਂਕਿ ਮਾਮਲਾ ਕਤਲ ਦਾ ਹੈ ਤਾਂ ਮੈਂ 1,00,000/- ਰੁਪਏ ਫਿਰ ਐਸ.ਬੀ.ਆਈ. ਬੈਂਕ ਸ਼ਾਖਾ ਭਦੌੜ ਆਪਣੇ ਅਕਾਊਂਟ ਵਿੱਚੋਂ ਕਢਵਾ ਕੇ ਦਿੱਤੇ। 2 ਲੱਖ 18 ਹਜ਼ਾਰ ਰੁਪਏ ਸੁਖਵਿੰਦਰ ਸਿੰਘ ਨੂੰ ਦੇਣ ਤੋਂ ਬਾਵਜੂਦ ਵੀ ਮੇਰੇ ਤਿੰਨ ਲੜਕਿਆਂ ਵਿਰੁੱਧ ਮੁਕੱਦਮਾ ਨੰਬਰ 03 ਮਿਤੀ 09-01-2020 ਜੁਰਮ 308 ਥਾਣਾ ਸ਼ਹਿਣਾ ਵਿਖੇ ਦਰਜ ਹੋ ਗਿਆ।
ਅਮਰੀਕ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਦੋ ਦਿਨ ਬਾਅਦ ਬੇਅੰਤ ਸਿੰਘ ਦੀ ਦੌਰਾਨ ਏ ਇਲਾਜ਼ ਮੌਤ ਹੋ ਗਈ । ਪੁਲਿਸ ਨੇ ਮੇਰੇ ਤਿੰਨੋਂ ਲੜਕਿਆਂ ਅਤੇ ਦੋ ਭਤੀਜਿਆਂ ਖਿਲਾਫ 304 ਜੁਰਮ ਦਾ ਵਾਧਾ ਕਰਕੇ ,ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ । ਅਮਰੀਕ ਸਿੰਘ ਦਾ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਕਲਕੱਤਾ ਨੇ ਮੇਰੇ ਤੋਂ 2 ਲੱਖ 18 ਹਜ਼ਾਰ ਰੁਪਏ ਇਹ ਕਹਿਕੇ ਲਏ ਸਨ ਕਿ ਤੁਹਾਡੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੋਣ ਦੇਵਾਂਗਾ। ਪਰਚਾ ਦਰਜ਼ ਹੋਣ ਤੋਂ ਬਾਅਦ ਵੀ ਸੁਖਵਿੰਦਰ ਸਿੰਘ ਨੇ ਸਾਡੇ ਪੈਸੇ ਮੰਗਣ ਦੇ ਬਾਵਜੂਦ ਵੀ ਵਾਪਿਸ ਨਹੀਂ ਕੀਤੇ। ਉਨਾਂ ਕਿਹਾ ਕਿ ਉਹ ਜਦੋਂ ਵੀ ਆਪਣੇ ਦਿੱਤੇ ਪੈਸਿਆ ਦੀ ਮੰਗ ਕਰਦਾ ਸੀ ਤਾਂ ਉਹ ਪਹਿਲਾਂ ਟਾਲਮਟੋਲ ਕਰਦਾ ਰਿਹਾ, ਫਿਰ ਉਲਟਾ ਧਮਕੀਆਂ ਦੇਣ ਲੱਗ ਪਿਆ ।
ਕੀ ਕਹਿੰਦੀ ਐ ਪੁਲਿਸ ਕਾਰਵਾਈ ਤੇ ਪੜਤਾਲ ਰਿਪੋਰਟ
ਅਮਰੀਕ ਸਿੰਘ ਵੱਲੋਂ ਦਿੱਤੀ ਦੁਰਖਾਸਤ ਦੀ ਪੜਤਾਲ ਤਤਕਾਲੀ ਐਸ. ਐਸ.ਪੀ. ਸੰਦੀਪ ਗੋਇਲ ਨੇ ਡੀਐਸਪੀ ਤਪਾ ਬਲਜੀਤ ਸਿੰਘ ਬਰਾੜ ਤੇ ਉਨ੍ਹਾਂ ਉਕਤ ਸ਼ਕਾਇਤ ਦੀ ਜਾਂਚ ਥਾਣਾ ਸ਼ਹਿਣਾ ਦੇ ਐਸ.ਐਚ.ਉ ਨੂੰ ਅਤੇ ਜਿੰਨ੍ਹਾਂ ਨੇ ਪੜਤਾਲ ਦੀ ਡਿਊਟੀ ਥਾਣੇਦਾਰ ਮੱਘਰ ਸਿੰਘ ਨੂੰ ਦੇ ਦਿੱਤੀ। ਏ.ਐਸ.ਆਈ. ਮੱਘਰ ਸਿੰਘ ਦੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਤਤਕਾਲੀ ਐਸ.ਐਚ.ਉ ਨਰਦੇਵ ਸਿੰਘ ਨੇ ਲਿਖਿਆ ਕਿ ਸ਼ਕਾਇਤ ਕਰਤਾ ਵੱਲੋਂ 2 ਲੱਖ 18 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ਸਹੀ ਪਾਏ ਗਏ ਹਨ, ਜਦੋਂਕਿ ਸ਼ਕਾਇਤ ਵਿੱਚ ਦਰਜ਼ ਸਰਪੰਚ ਮਲਕੀਤ ਕੌਰ ਨੂੰ ਬੇਗੁਨਾਹ ਪਾਇਆ ਗਿਆ। ਉਨ੍ਹਾਂ ਨੇ ਪੜਤਾਲ ਤੇ ਅਗਲੀ ਕਾਰਵਾਈ ਲਈ ਫਾਈਲ ਅਫਸਰਾਂ ਰਾਹੀਂ ਡੀ.ਏ. ਲੀਗਲ ਦੀ ਰਾਇ ਲਈ ਭੇਜ਼ ਦਿੱਤੀ। ਆਖਿਰ ਡੀਏ. ਲੀਗਲ ਦੀ ਰਾਇ ਅਤੇ ਐਸ.ਐਸ.ਪੀ ਅਲਕਾ ਮੀਨਾ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਕਲਕੱਤਾ ਦੇ ਖਿਲਾਫ ਲੰਘੀ ਕੱਲ੍ਹ ਅਧੀਨ ਜ਼ੁਰਮ U/s 420 IPC PS Sehna ਦਰਜ਼ ਕਰ ਦਿੱਤਾ।
ਥਾਣਾ ਸ਼ਹਿਣਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਦੀ ਗਿਰਫਤਾਰੀ ਲਈ, ਪੁਲਿਸ ਯਤਨਸ਼ੀਲ ਹੈ,ਛੇਤੀ ਹੀ ਉਸ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਪੁਲਿਸ ਵੱਲੋਂ ਦਰਜ਼ ਕੀਤੇ ਕੇਸ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ, ਉਨ੍ਹਾਂ ਕਿਹਾ ਕਿ ਉਹ ਆਲ੍ਹਾ ਪੁਲਿਸ ਅਧਿਕਾਰੀਆਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਲਈ ਦੁਰਖਾਸਤ ਦੇਣਗੇ।