ਅੰਤਰਰਾਸ਼ਟਰੀ ਔਰਤ ਦਿਵਸ ਤੇ ਵਿਸ਼ੇਸ਼, ਔਰਤ ਮੁਕਤੀ ਸੰਘਰਸ਼ ਅਤੇ ਦਰਪੇਸ਼ ਸਮੱਸਿਆਵਾਂ

Advertisement
Spread information


-ਅੰਤਰਰਾਸਟਰੀ ਔਰਤ ਦਿਵਸ ‘ਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਨਾ ਇੱਕ ਬਹੁਤ ਹੀ ਅਹਿਮ ਵਿਚਾਰਨਯੋਗ ਪਹਿਲੂ ਹੈ। ਅਜੋਕੇ ਦੌਰ ਵਿੱਚ ਜਦੋਂ ਸਾਡੇ ਸਮਾਜ ਦੇ ਵਿਕਸਿਤ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਔਰਤ ਦੀ ਦਸ਼ਾ ਦਿਸ਼ਾ ਵਿਗੜਦੀ ਜਾ ਰਹੀ ਹੈ। ਸਮਾਜ ਵਿੱਚ ਔਰਤ ਦੋਮ ਦਰਜੇ ਦਾ ਮਨੁੱਖ ਬਣ ਕੇ ਰਹਿ ਗਈ ਹੈ। ਬੇਸ਼ੱਕ ਦੀ ਸਾਡੇ ਸਮਾਜ ਵਿੱਚ ਔਰਤ ਦੇਖਣ ਨੂੰ ਆਧੁਨਿਕ ਲੱਗਦੀ ਹੈ ਪਰ ਅਸਲ ਸੱਚਾਈ ਇਹ ਹੈ ਕਿ ਉਹ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਰੂੜੀਵਾਦੀ ਕਦਰਾਂ ਕੀਮਤਾਂ ਦੇ ਹੇਠਾਂ ਦੱਬੀ ਹੋਈ ਹੈ। ਘਰੇਲੂ, ਪੜ੍ਹੀ ਲਿਖੀ, ਅਨਪੜ੍ਹ ਅਤੇ ਸਰਕਾਰੀ ਜਾਂ ਨਿੱਜੀ ਅਦਾਰਿਆਂ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਔਰਤਾਂ ਦੀ ਕਹਾਣੀ ਇੱਕ ਹੈ। ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੱਦੋ ਜਹਿਦ ਕਰਨਾ ਜ਼ਰੂਰੀ ਬਣਦਾ ਜਾ ਰਿਹਾ ਹੈ । ਔਰਤਾਂ ਖ਼ਿਲਾਫ਼ ਹਿੰਸਾ ਦਾ ਰਵੱਈਆ ਔਰਤਾਂ ਖ਼ਿਲਾਫ਼ ਹਿੰਸਾ ਦਾ ਬਾਹਰੀ ਰੂਪ ਹੈ, ਜੋ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਔਰਤਾਂ ਘਰ ਦੀ ਚਾਰ-ਦੀਵਾਰੀ ਅੰਦਰ ਵੀ ਮਹਿਫੂਜ਼ ਨਹੀਂ ਹਨ। ਸਾਂਝੇ ਪਰਿਵਾਰਾਂ ਵਿੱਚ ਜਿਨਸੀ ਸੋਸ਼ਣ ਦੀ ਹਿੰਸਾ ਛੇੜਛਾੜ ਮਾਰ ਕੁਟਾਈ ਕਈ ਤਰ੍ਹਾਂ ਦੇ ਜ਼ੁਲਮ ਅਤੇ ਮਾਨਸਿਕ ਉਤਪੀੜਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਔਰਤ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਜਾਂਦਾ ਹੈ। ਬਾਲੜੀਆਂ ਨਾਲ ਜਿਣਸੀ ਸ਼ੋਸ਼ਣ ਅਤੇ ਛੇੜਛਾੜ ਕਰਨ ਵਾਲੇ ਬਹੁਤੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰੀ ਵਿੱਚੋਂ ਹੀ ਹੁੰਦੇ ਹਨ। ਔਰਤਾਂ ਖ਼ਿਲਾਫ਼ ਹਿੰਸਾ ਦਾ ਇੱਕ ਰੂਪ ਸਮੂਹਿਕ ਹਿੰਸਾ ਹੈ, ਜਿਸ ਦਾ ਆਰੰਭ ਜਗੀਰੂ ਦੌਰ ਵਿੱਚ ਹੋਇਆ ਜਦੋਂ ਜਿੱਤਿਆ ਰਾਜਾ ਆਪਣੀ ਸੈਨਾ ਨੂੰ ਹਾਰੀ ਹੋਈ ਪਰਜਾ ਉੱਪਰ ਟੁੱਟ ਪੈਣ ਲਈ ਕਹਿੰਦਾ ਹੈ, ਜੋ ਔਰਤਾਂ ਦੀ ਬੇਪਤੀ ਕਰਦੇ ਇਹ ਵਰਤਾਰਾ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਜਾਰੀ ਹੈ। ਧਾਰਮਿਕ ਫ਼ਿਰਕੂ ਦੰਗਿਆਂ ਵਿੱਚ ਦੰਗਿਆਂ ਸਮੇਂ ਵੀ ਸਭ ਤੋਂ ਵੱਧ ਅੱਤਿਆਚਾਰ ਦਾ ਸਾਹਮਣਾ ਔਰਤਾਂ ਨੂੰ ਸਹਿਨ ਕਰਨਾ ਪੈਂਦਾ ਹੈ। 1947 ਸਮੇਂ ਭਾਰਤ ਪਾਕਿਸਤਾਨ ਦੀ ਵੰਡ ਸਮੇਂ, 1984 ਦੇ ਦਿੱਲੀ ਸਿੱਖ ਵਿਰੋਧੀ ਕਤਲੇਆਮ, 2002 ਗੁਜਰਾਤ ਮੁਸਲਿਮ ਵਿਰੋਧੀ ਕਤਲੇਆਮ, 2004 ਵਿੱਚ ਉੜੀਸਾ ਈਸਾਈ ਵਿਰੋਧੀ ਕਤਲੇਆਮ ,ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਔਰਤਾਂ ਨਾਲ ਸਮੂਹਿਕ ਬਲਾਤਕਾਰ ਵਰਗੀਆਂ ਅਜਿਹੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਅੱਜ ਵੀ ਔਰਤ ਉੱਤੇ ਜ਼ੁਲਮਾਂ ਦੀ ਦਾਸਤਾਂ ਨੂੰ ਬਿਆਨ ਕਰਦੀਆਂ ਹਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਫਰੀਦਕੋਟ ਵਿੱਚ ਸਰੂਤੀ ਨਾਮ ਦੀ ਨਾਬਾਲਗ ਲੜਕੀ ਨੂੰ ਸਿਆਸੀ ਸਰਪ੍ਰਸਤੀ ਹੇਠ ਪਲਿਆ ਨਿਸ਼ਾਨ ਸਿੰਘ ਨਾਮੀ ਗੁੰਡਾ ਦਿਨ ਦਿਹਾੜੇ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰਕੇ ਲੈ ਜਾਂਦਾ ਹੈ, ਮੋਗਾ ਵਿੱਚ ਔਰਬਿਟ ਬੱਸ ਵਿੱਚੋਂ ਮਾਂ ਧੀ ਨੂੰ ਕੁੱਟਮਾਰ ਕਰਕੇ ਚੱਲਦੀ ਬੱਸ ਵਿੱਚ ਸੁੱਟਿਆ ਜਾਣਾ। ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਵਿੱਚ ਧੂਰੀ ਸ਼ਹਿਰ ਵਿੱਚ ਚਾਰ ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਨਾ, ਪੰਜਾਬ ਵਿੱਚ ਵੱਸਦੇ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਅਜਿਹੀਆਂ ਘਟਨਾਵਾਂ ਦੇ ਵਾਪਰ ਜਾਣ ਤੋਂ ਬਾਅਦ ਵੀਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ। ਉਨ੍ਹਾਂ ਦੇ ਚਰਿੱਤਰ ਉੱਤੇ ਉਂਗਲੀਆਂ ਉਠਾਈਆਂ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਦੇ ਵਾਪਰ ‘ਤੇ ਆਮ ਲੋਕ ਅਕਸਰ ਇਹ ਗੱਲ ਕਰਦੇ ਹਨ ਕਿ ਲੜਕੀਆਂ ਔਰਤਾਂ ਦਾ ਅਕਾਊ ਪਹਿਰਾਵਾ ਮਰਦਾਂ ਨੂੰ ਉਨ੍ਹਾਂ ਵਿਰੁੱਧ ਹਿੰਸਾ ਕਰਨ ਲਈ ਉਕਸਾਉਂਦਾ ਹੈ। ਸਕੂਲਾਂ, ਕਾਲਜਾਂ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਕੋਲ ਮਹਿੰਗੇ ਫੋਨਾਂ ਦਾ ਹੋਣਾ ਵੀ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਦੇ ਵਾਪਰਨ ਦਾ ਕਾਰਨ ਦੱਸਿਆ ਜਾਂਦਾ ਹੈ। ਔਰਤਾਂ ਨੂੰ ਸਹੀ ਢੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ, ਅਜਿਹੀਆਂ ਨਸ਼ੀਹਤਾਂ ਵੀ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਲੜਕੀਆਂ ਨੂੰ ਇਨਸਾਫ਼ ਦਿਵਾਉਣ ਲਈ ਦੂਹਰੀ ਲੜਾਈ ਲੜਨੀ ਪੈਂਦੀ ਹੈ, ਇੱਕ ਤਾਂ ਪੀੜਤਾਂ ਨੂੰ ਉਸ ਨਾਲ ਹੋਏ ਧੱਕੇ ਦੇ ਅਤੇ ਦੂਸਰਾ ਸਮਾਜ ਵਿੱਚ ਵੱਸਦੇ ਮਰਦਾਂ ਦੇ ਅੰਦਰ ਔਰਤ ਵਿਰੋਧੀ ਮਾਨਸਿਕਤਾ ਦੇ ਖ਼ਿਲਾਫ਼ ਵੀ ਲੜਾਈ ਦੇਣੀ ਪੈਂਦੀ ਹੈ। ਬਾਪੂ ਆਸਾ ਰਾਮ, ਨਿੱਤਿਆਨੰਦ, ਗੁਰਮੀਤ ਰਾਮ ਰਹੀਮ ਸਮੇਤ ਅਜਿਹੇ ਦਰਜਨਾਂ ਬਾਬੇ ਹਨ ਜੋ ਔਰਤਾਂ ਨਾਲ ਜਬਰ ਜਨਾਹ ਦੇ ਦੋਸਾਂ ਹੇਠ ਸਜ਼ਾਵਾਂ ਭੁਗਤ ਰਹੇ ਹਨ। ਭਾਰਤੀ ਸਮਾਜਿਕ ਢਾਂਚੇ ਅੰਦਰ ਔਰਤਾਂ ਦੀ ਬਰਾਬਰੀ ਦਾ ਸਵਾਲ ਉਠਾਉਣ ਤੋਂ ਪਹਿਲਾਂ ਉਸ ‘ਤੇ ਹੁੰਦੇ ਜ਼ੁਲਮਾਂ, ਜਬਰਾਂ ਦੀ ਕਹਾਣੀ ਨੂੰ ਵੀ ਫਰੋਲਣਾ ਪੈਣਾ ਹੈ। ਜਗੀਰਦਾਰੀ ਦੌਰ ਵਿੱਚ ਲੜਕੀ ਨੂੰ ਜੰਮਣ ਤੋਂ ਪਹਿਲਾਂ ਮਾਰਨ ਦਾ ਰਿਵਾਜ ਸੀ। ਇਹ ਮਾਰਨ ਦਾ ਰਿਵਾਜ ਉੱਚੇ ਖ਼ਾਨਦਾਨ ਅਤੇ ਅਮੀਰ ਲੋਕਾਂ ਦੇ ਵਿੱਚ ਜ਼ਿਆਦਾ ਸੀ। ਲੜਕੀ ਨੂੰ ਮਾਰਨ ਦੇ ਤਰੀਕੇ ਵੀ ਵੱਖ-ਵੱਖ ਸਨ। ਜੰਮ ਦੀ ਲੜਕੀ ਨੂੰ ਗਲਾ ਘੁੱਟ ਕੇ ਮਾਰਨ, ਦਫ਼ਨਾ ਦੇਣਾ ਜਾਂ ਦਰਿਆ ਵਿੱਚ ਸੁੱਟ ਦੇਣਾ, ਅੱਕ ਦਾ ਦੁੱਧ ਪਿਲਾ ਕੇ ਮਾਰਨਾ ਆਦਿ ਤਰੀਕੇ ਸ਼ਾਮਿਲ ਸਨ। ਆਧੁਨਿਕ ਦੌਰ ਵਿੱਚ ਲੜਕੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾਂਦਾ ਹੈ। ਭਰੂਣ ਹੱਤਿਆ ਦੇ ਵਰਤਾਰੇ ਲਗਾਤਾਰ ਵਧ ਰਹੇ ਹਨ। ਲੜਕੀ ਦਾ ਅਨੁਪਾਤ ਵਿਗੜ ਰਿਹਾ ਹੈ, ਚੰਡੀਗੜ੍ਹ ਵਰਗੇ ਵਿਕਸਤ ਸ਼ਹਿਰ ਵਿੱਚ ਔਰਤਾਂ ਦਾ ਅਨੁਪਾਤ ਘੱਟਨਾ ਚਿੰਤਾ ਦਾ ਵਿਸ਼ਾ ਹੈ। ਸਰਕਾਰੀ ਅਦਾਰਿਆਂ ਵਿੱਚ ਜਾਂ ਨਿੱਜੀ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੀਆਂ ਔਰਤਾਂ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਘਰੋਂ ਨਿਕਲਦਿਆਂ ਹੀ ਸ਼ੁਰੂ ਹੋ ਜਾਂਦੀਆਂ ਹਨ। ਘਰ ਤੋਂ ਕੰਮਕਾਰ ਵਾਲੀ ਜਗ੍ਹਾ ਤੱਕ ਜਾਂਦੇ ਸਮੇਂ ਰਸਤੇ ਵਿੱਚ ਬੱਸਾਂ ਵਿੱਚ ਛੇੜਛਾੜ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਦਫ਼ਤਰ ਵਿੱਚ ਕੰਮ ਕਰਦੀਆਂ ਔਰਤਾਂ ਨਾਲ ਕੰਮ ਕਰ ਰਹੇ ਸੀਨੀਅਰ ਅਧਿਕਾਰੀਆਂ ਅਤੇ ਹੇਠਲੇ ਪੱਧਰ ਦੇ ਕਰਮਚਾਰੀਆਂ ਵੱਲੋਂ ਔਰਤ ਵਿਰੋਧੀ ਮਾਨਸਿਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿੱਜੀ ਖੇਤਰਾਂ ਵਿੱਚ ਔਰਤ ਨੂੰ ਆਪਣੇ ਬੌਸ ਦੀ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਰਾਤ ਦੇ ਸਮੇਂ ਨਿੱਜੀ ਜਾਂ ਸਰਕਾਰੀ ਖੇਤਰਾਂ ਵਿੱਚ ਕੰਮ ਕਰਨਾ ਕਰਨ ਵਾਲੀਆਂ ਔਰਤਾਂ ਦੀ ਦੀਆਂ ਸਮੱਸਿਆਵਾਂ ਦਾ ਇੱਕ ਵੱਖਰਾ ਹੀ ਪਹਿਲੂ ਹੈ। ਰਾਜਨਿਤਿਕ ਖੇਤਰ ਅਤੇ ਜਮਹੂਰੀ ਹੱਕਾਂ ਦੇ ਸੰਗਠਨਾਂ ਵਿੱਚ ਕੰਮ ਕਰਦੀਆਂ ਔਰਤਾ ਨੂੰ ਬਰਾਬਰ ਕੰਮ ਹੋਣ ਦੀ ਥਾਂ ਮਰਦ ਦੇ ਅਧੀਨ ਕੰਮ ਕਰਨਾ ਪੈਂਦਾ ਹੈ। ਜਮਹੂਰੀ ਹੱਕਾਂ ਲਈ ਕੰਮ ਕਰਦੀਆਂ ਔਰਤਾਂ ਜਦੋਂ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾਂਦੀਆਂ ਹਨ, ਉਨ੍ਹਾਂ ਉੱਤੇ ਤਾਨੇ ਕਸੇ ਜਾਂਦੇ, ਉਨ੍ਹਾਂ ਨੂੰ ਬਹੁਤ ਵਾਰੀ ਮਰਦਾਨਵੀਂ ਸੋਚ ਵੱਲੋਂ ਆਵਾਰਾ, ਵਿਹਲੀਆਂ ਅਤੇ ਚਰਿੱਤਰਹੀਣ ਔਰਤਾਂ ਸਮਝਿਆ ਜਾਂਦਾ ਹੈ। ਜਨਤਕ ਜਮਹੂਰੀ ਅਗਾਂਹਵਧੂ ਜਥੇਬੰਦੀਆਂ ਵਿੱਚ ਵੀ ਔਰਤਾਂ ਆਤਮ ਨਿਰਭਰ ਤੌਰ ‘ਤੇ ਕੰਮ ਨਹੀਂ ਕਰ ਸਕਦੀਆਂ। ਉਨ੍ਹਾਂ ਨੂੰ ਕੰਮ ਕਰਨ ਲਈ ਆਪਣੇ ਆਗੂਆਂ ‘ਤੇ ਨਿਰਭਰ ਰਹਿਣਾ ਪੈਂਦਾ ਹੈ, ਤੇ ਉਨ੍ਹਾਂ ਦੁਆਰਾ ਦੱਸੇ ਦਿਸ਼ਾ ਨਿਰਦੇਸ਼ਾਂ ਨੂੰ ਹੀ ਲਾਗੂ ਕਰਨਾ ਪੈਂਦਾ ਹੈ, ਦੂਸਰਿਆਂ ਦੇ ਘਰਾਂ ਵਿੱਚ ਝਾੜੂ ਪੋਚਾ ਕੱਪੜੇ ਤੇ ਬਰਤਨ ਧੋਣ ਦਾ ਕੰਮ ਕਰਨ ਵਾਲੀਆਂ ਔਰਤਾਂ ਦੀਆਂ ਸਮੱਸਿਆਵਾਂ ਦਾ ਘੇਰਾ ਵੀ ਬਹੁਤ ਵਿਸ਼ਾਲ ਹੈ ਉੁਨ੍ਹਾਂ ਨੂੰ ਆਰਥਿਕ, ਸ਼ਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ । ਨਿਗੁਣੇ ਮਿਹਨਤਾਨੇ ‘ਤੇ ਕੰਮ ਕਰਦੀਆਂ ਗ਼ਰੀਬ ਦਲਿਤ ਔਰਤਾਂ ਆਪਣੇ ਪਰਿਵਾਰ ਨੂੰ ਚਲਾਉਂਦੀਆਂ ਹਨ। ਆਪਣੇ ਹੀ ਘਰਾਂ ਵਿੱਚ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਚੌਵੀ-ਚੌਵੀ ਘੰਟੇ ਘਰ ਦੇ ਕੰਮ ਕਰਦੀਆਂ ਹਨ। ਉਨ੍ਹਾਂ ਦੀ ਇਸ ਹੱਡ ਤੋੜਵੀਂ ਮਿਹਨਤ ਦਾ ਕੋਈ ਮੁੱਲ ਨਹੀਂ ਪੈਂਦਾ। ਘਰੇਲੂ ਔਰਤਾਂ ਵੱਲੋਂ ਘਰਾਂ ਵਿੱਚ ਕਰਨ ਵਾਲੇ ਕੰਮ ਨੂੰ ਉਨ੍ਹਾਂ ਦਾ ਕੰਮ ਨਹੀਂ ਸਮਝਿਆ ਜਾਂਦਾ। ਇਸੇ ਤਰ੍ਹਾਂ ਨੌਕਰੀ ਪੇਸ਼ਾ ਔਰਤਾਂ ਦਾ ਵੀ ਇਸ ਤੋਂ ਵੀ ਮਾੜਾ ਹਾਲ ਹੈ। ਉਹ ਪਹਿਲਾਂ ਆਪਣੇ ਘਰ ਦੇ ਸਾਰੇ ਕੰਮ ਮੁਕਾਉਂਦੀ ਹੈ ਫਿਰ ਜਾ ਕੇ ਦਫ਼ਤਰ ਜਾਂ ਹੋਰ ਅਦਾਰੇ ਵਿੱਚ ਜਾ ਕੇ ਕੰਮ ਕਰਦੀ ਹੈ। ਔਰਤ ਦੇ ਹਿੱਸੇ ਵਿੱਚ ਘਰ ਦੇ ਕੰਮ ਬੱਚਿਆਂ ਦੀ ਦੇਖਭਾਲ ਆਉਂਦੇ ਹਨ ਪਰ ਅਜਿਹੇ ਕੰਮਾਂ ਨੂੰ ਔਰਤ ਦੇ ਕੰਮ ਨਹੀਂ ਸਮਝਿਆ ਜਾਂਦਾ। ਸਕੂਲਾਂ ਵਿੱਚ ਪੜ੍ਹਦੀਆਂ ਬੱਚੀਆਂ, ਵਿਦਿਆਰਥਣਾਂ ਲਈ ਵੀ ਬਹੁਤ ਵੱਡੀ ਸਮੱਸਿਆ ਹੈ। ਸਵੇਰੇ ਸਕੂਲ ਜਾਣ ਸਮੇਂ ਅਤੇ ਸਕੂਲ ਵਿੱਚੋਂ ਛੁੱਟੀ ਮਿਲਣ ਸਮੇਂ ਸਕੂਲ ਦੇ ਅੱਗੇ ਅਤੇ ਰਾਹਾਂ ਵਿੱਚ ਖੜ੍ਹੇ ਨੌਜਵਾਨਾਂ ਵੱਲੋਂ ਅਸਲੀਲ ਨਜਰਾਂ ਨਾਲ ਝਾਕਣਾ ਉਨ੍ਹਾਂ ਨੂੰ ਵਧੇਰੇ ਮਾਨਸਿਕ ਤੌਰ ‘ਤੇ ਤੰਗ ਕਰਦਾ ਹੈ। ਅਜਿਹੀਆਂ ਹਰਕਤਾਂ ਨੂੰ ਮਾਪਿਆਂ ਨੂੰ ਘਰ ਜਾ ਕੇ ਦੱਸਣਾ ਉਨ੍ਹਾਂ ਲਈ ਮੁਸ਼ਕਿਲ ਹੁੰਦਾ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਸਭ ਰਸਮਾਂ ਵਿੱਚ ਔਰਤਾਂ ਨੂੰ ਹੀ ਨੀਵਾਂ ਦਰਜਾ ਦਿੱਤਾ ਜਾਂਦਾ ਹੈ। ਬਚਪਨ ਵਿੱਚ ਪਿਓ ਭਰਾਵਾਂ ਦੀ ਅਧੀਨਗੀ ਅਤੇ ਵਿਆਹ ਤੋਂ ਬਾਅਦ ਪਤੀ ਦੀ ਅਧੀਨਗੀ ਅਤੇ ਫਿਰ ਆਪਣੇ ਮੁੰਡਿਆ ਹੇਠ ਹੀ ਆਪਣਾ ਜੀਵਨ ਬਸਰ ਕਰਨਾ ਪੈਂਦਾ ਹੈ। ਔਰਤ ਨੂੰ ਹੀ ਹਰ ਸਮੇਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ, ਹਮੇਸ਼ਾਂ ਹੀ ਔਰਤ ਨੂੰ ਪਿਓ ਦੀ ਪੱਗ, ਭਰਾ ਦੀ ਰੱਖੜੀ ਤੇ ਪਤੀ ਦੀ ਇੱਜ਼ਤ ਦਾ ਵਾਸਤਾ ਦੇ ਕੇ ਰੋਕਿਆ ਜਾਂਦਾ ਹੈ। ਆਪਣਾ ਜੀਵਨ ਸਾਥੀ ਚੁਣਨ ਦਾ ਫ਼ੈਸਲਾ ਵੀ ਔਰਤ ਦਾ ਆਪਣਾ ਨਹੀਂ ਹੁੰਦਾ। ਉਸ ਦੇ ਰਿਸ਼ਤੇਦਾਰਾਂ ਅਤੇ ਮਾਪਿਆਂ ਵੱਲੋਂ ਲੱਭਿਆ ਮੁੰਡਾ ਹੀ ਉਸ ਦਾ ਜੀਵਨ ਸਾਥੀ ਹੁੰਦਾ ਹੈ। ਆਪਣੀ ਮਰਜ਼ੀ ਨਾਲ ਜੀਵਨ ਸਾਥੀ ਦੀ ਚੋਣ ਕਰਨ ਦੇ ਸਿੱਟੇ ਵੀ ਔਰਤ ਨੂੰ ਭੁਗਤਨੇ ਪਏ ਹਨ। ਜਿਸ ਵਿੱਚੋਂ ਅਣਖ ਦੀ ਖਾਤਰ ਕਤਲ ਕਰਨ ਦੀਆਂ ਘਟਨਾਵਾਂ ਦਾ ਵਾਪਰਨਾ ਦਾ ਵਰਤਾਰਾ ਵੀ ਦੇਖਣ ਨੂੰ ਮਿਲਦਾ ਹੈ। ਪੈਦਾਵਾਰ ਦੇ ਸਾਧਨਾਂ ਵਿੱਚ ਔਰਤ ਦੀ ਹਿੱਸੇਦਾਰੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਪਿਤਾ ਪੁਰਖੀ ਜਾਇਦਾਦ ਵਿੱਚੋਂ ਔਰਤ ਨੂੰ ਹਿੱਸਾ ਨਾਂ ਦੇ ਬਰਾਬਰ ਮਿਲਦਾ ਹੈ। ਬਹੁਤੀ ਵਾਰੀ ਤਾਂ ਔਰਤ ਨੂੰ ਵਿਆਹ ਸਮੇਂ ਦਾਜ ਦੇ ਰੂਪ ਵਿੱਚ ਦਿੱਤਾ ਗਿਆ ਤਿਲ ਫੁੱਲ ਹੀ ਉਸ ਦੇ ਹਿੱਸੇ ਆਉਂਦਾ ਹੁੰਦਾ ਹੈ। ਵਿਆਹ ਤੋਂ ਪਹਿਲਾਂ ਪੇਕਿਆਂ ਦੀ ਸੰਪਤੀ ਵਿੱਚ ਹਿੱਸਾ ਅਤੇ ਵਿਆਹ ਤੋਂ ਬਾਅਦ ਸਹੁਰਿਆਂ ਦੀ ਸੰਪਤੀ ਵਿੱਚੋਂ ਹਿੱਸਾ ਲੈਣ ਦਾ ਅਧਿਕਾਰ ਵੀ ਔਰਤ ਦੇ ਹਿੱਸੇ ਨਹੀਂ ਆਇਆ। ਔਰਤ ਸਾਡੇ ਸਮਾਜ ਦਾ ਉਹ ਅੰਗ ਹੈ ਜਿਸ ਦਾ ਪੈਦਾ ਕਰਨ ਵਿੱਚ ਬਰਾਬਰ ਦਾ ਹੱਕ ਹੈ ਪਰ ਜੋ ਉਸ ਨੇ ਪੈਦਾ ਕੀਤਾ ਹੈ ਉਸੇ ਹਿੱਸੇ ਵਿੱਚੋਂ ਉਸ ਦੀ ਮਾਲਕੀ ਦਾ ਨਫਰੀ ਹੋਣਾ ਔਰਤ ਮੰਦਹਾਲੀ ਦਾ ਕਾਰਨ ਹੈ। ਸਾਡੇ ਅਜੋਕੇ ਸਮਾਜ ਵਿੱਚ ਔਰਤ ਦੀ ਮੰਦਹਾਲੀ ਸਥਿਤੀ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਹਾਲਤ ਸ਼ੁਰੂ ਤੋਂ ਏਦਾਂ ਹੀ ਹੋਣ? ਪਰ ਅਜਿਹਾ ਨਹੀਂ ਹੈ। ਫੇਰ ਇਸ ਦੀਆਂ ਜੜ੍ਹਾਂ ਕਿੱਥੇ ਹਨ? ਕਦੋਂ ਔਰਤ ਮਰਦ ਦੀ ਗ਼ੁਲਾਮ ਹੋਈ ? ਕੀ ਪਹਿਲਾਂ ਵੀ ਔਰਤ ਇਸੇ ਤਰਾਂ ਸੀ? ਆਦਿ ਕਾਲ ਵਿੱਚ ਮਨੁੱਖ ਸਾਂਝੀਵਾਲਤਾ ਵਿੱਚ ਰਹਿੰਦਾ ਸੀ। ਕੁਦਰਤ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਦਾ ਸੀ। ਮਰਦ ਅਤੇ ਔਰਤ ਦਾ ਰਿਸ਼ਤਾ ਵੀ ਬਰਾਬਰ ਸੀ ਔਰਤ ਅਤੇ ਮਰਦ ਮਿਲ ਕੇ ਪੈਦਾਵਾਰ ਕਰਦੇ ਸਨ। ਦੋਨਾਂ ਦਾ ਕੰਮ ਵਿੱਚ ਬਰਾਬਰ ਯੋਗਦਾਨ ਸੀ ਅਤੇ ਪੈਦਾਵਾਰ ਦੇ ਕਿਸੇ ਵੀ ਨਿੱਜੀ ਮਾਲਕੀ ਨਹੀਂ ਸੀ। ਸਮਾਜਿਕ ਵਿਕਾਸ ਨਾਲ ਸਮਾਜਿਕ ਲੋੜਾਂ ਵਿੱਚ ਵੀ ਵਾਧਾ ਹੋਇਆ। ਜਿਸ ਨਾਲ ਪੈਦਾਵਾਰ ਦੀ ਲੋੜ ਵੀ ਵਧੀ ਕਬੀਲੇ ਹੋਂਦ ਵਿੱਚ ਆਏ। ਇਸ ਨਾਲ ਕੰਮ ਵੰਡ ਹੋਈ। ਨਿੱਜੀ ਮਾਲਕੀ ਪੈਂਦਾ ਹੋਣ ‘ਤੇ ਔਰਤ ਨੂੰ ਪੈਦਾਵਾਰ ਦੇ ਕੰਮਾਂ ਤੋਂ ਨਿਖੇੜ ਦਿੱਤਾ ਗਿਆ ਅਤੇ ਘਰੇਲੂ ਕੰਮਾਂ ਤੱਕ ਸੀਮਤ ਕਰ ਦਿੱਤਾ ਗਿਆ। ਇੱਥੋਂ ਹੀ ਔਰਤ ਦੀ ਗੁਲਾਮੀ ਦੀ ਸ਼ੁਰੂਆਤ ਹੁੰਦੀ ਹੈ। ਪੈਦਾਵਾਰੀ ਸਾਧਨਾਂ ਅਤੇ ਪੈਦਾਵਾਰੀ ਸ਼ਕਤੀਆਂ ਤੋਂ ਉਸ ਦੀ ਹਿੱਸੇਦਾਰੀ ਖ਼ਤਮ ਹੋਈ ਹੋ ਗਈ। ਔਰਤ ਪੱਕੇ ਤੌਰ ‘ਤੇ ਪੈਦਾਵਾਰ ਸਾਧਨਾਂ ਤੋਂ ਵਿਰਵੀਂ ਹੋ ਗਈ। ਪੈਦਾਵਰ ਦੇ ਸੰਬੰਧ ਆਪਣੇ ਨਾਲ ਉਸੇ ਤਰ੍ਹਾਂ ਸੱਭਿਆਚਾਰਕ ਸਰਚਨਾਂ ਨੂੰ ਵੀ ਜਨਮ ਦਿੰਦੇ ਹਨ, ਔਰਤ ਦੀ ਗੁਲਾਮੀ ਦੀ ਸ਼ੁਰੂਆਤ ਭਾਵੇਂ ਉਸ ਦੇ ਪੈਦਾਵਾਰੀ ਸਾਧਨਾਂ ਦੀ ਹਿੱਸੇਦਾਰੀ ਵਿੱਚੋਂ ਅਲੱਗ ਹੋਣਾ ਸੀ ਪ੍ਰੰਤੂ ਹੁਣ ਇਹ ਸਿਰਫ ਆਰਥਿਕ ਵਰਤਾਰਾ ਨਹੀਂ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਔਰਤਾਂ ਸਮੇਤ ਹਰ ਵਿਅਕਤੀ ਅੰਦਰ ਔਰਤ ਵਿਰੋਧੀ ਸੋਚ ਸਮਾਜਿਕ ਸੰਰਚਨਾ ਵਿੱਚ ਪੱਸਰੀ ਹੋਈ ਹੈ।
-ਹਰਪੀਤ ਕੌਰ ਬਬਲੀ ਖੋਜਾਰਥੀ
ਪੰਜਾਬੀ ਯੂਨੀਵਰਸਿਟੀ ਪਟਿਆਲਾ 94786-13328

Advertisement
Advertisement
Advertisement
Advertisement
Advertisement
error: Content is protected !!