ਡਾ ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਵਿਸ਼ਾਲ ਰੈਲੀ/ਮੁਜਾਹਰਾ
ਹਜਾਰਾਂ ਜੁਝਾਰੂ ਕਾਫ਼ਲੇ ਪੂਰੇ ਜੋਸ਼ ਨਾਲ ਹੋਏ ਸ਼ਾਮਿਲ, ਬਦਲੀ ਨਾਂ ਰੱਦ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ-ਉੱਪਲੀ
ਪਰਦੀਪ ਕਸਬਾ , ਬਰਨਾਲਾ 30 ਦਸੰਬਰ
ਬਰਨਾਲਾ ਜਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ,ਮਜਦੂਰ,ਮੁਲਾਜਮ,ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਧਾਰਿਤ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਸੱਦੇ ਤਹਿਤ ਸਿਹਤ ਵਿਭਾਗ ਦੇ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ ਦੀ ਸਿਆਸੀ ਅਧਾਰ ਤੇ ਸਾਜਿਸ਼ ਤਹਿਤ ਕੀਤੀ ਗਈ ਨਜਾਇਜ਼ ਬਦਲੀ ਵਿਰੁੱਧ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਵਿਸ਼ਾਲ ਰੈਲੀ ਉਪਰੰਤ ਡੀਸੀ ਦਫਤਰ ਤੱਕ ਰੋਹ ਭਰਪੂਰ ਮਾਰਚ ਕੀਤਾ ਗਿਆ।
ਇਸ ਸਮੇਂ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਮੇਲਾ ਸਿੰਘ ਕੱਟੂ, ਗੁਰਮੀਤ ਸੁਖਪੁਰਾ,ਜਗਰਾਜ ਸਿੰਘ ਟੱਲੇਵਾਲ,ਗਰਪੑੀਤ ਰੂੜੇਕੇ, ਖੁਸ਼ੀਆ ਸਿੰਘ,ਸੰਦੀਪ ਕੌਰ, ਨਰਾਇਣ ਦੱਤ, ਗੁਰਮੇਲ ਠੁੱਲੀਵਾਲ, ਗੁਰਚਰਨ ਸਿੰਘ ਸਰਪੰਚ, ਪਵਿੱਤਰ ਸਿੰਘ ਲਾਲੀ,ਜੱਗਾ ਸਿੰਘ ਬਦਰਾ ਅਤੇ ਕਰਨੈਲ ਸਿੰਘ ਗਾਂਧੀ ਨੇ ਕਿਹਾ ਕਿ ਲੋਕਾਈ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ ਦੀ ਸਿਆਸੀ ਸਾਜਿਸ਼ ਤਹਿਤ ਨਜਾਇਜ਼ ਬਦਲੀ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਕਿਹਾ ਕਿ ਇਹ ਸੰਘਰਸ਼ਸ਼ੀਲ ਕਾਫਲਿਆਂ ਲਈ ਵੱਡੀ ਚੁਣੌਤੀ ਹੈ ਕਿ ਦੋ ਘਪਲੇਬਾਜ਼ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਹੈਂਕੜਬਾਜ ਡਾਕਟਰ ਸਿਆਸੀ ਪਹੁੰਚ ਰਾਹੀਂ ਨਾਂ ਸਿਰਫ ਉਸੇ ਥਾਂ ਤਾਇਨਾਤ ਹੋਣ ਸਗੋਂ ਲੋਕਾਈ ਦੀ ਮੁਸ਼ਕਲ ਨੂੰ ਮਸਲੇ ਨੂੰ ਲੋਕ ਰਜ਼ਾ ਅਨੁਸਾਰ ਹੱਲ ਕਰਨ ਵਾਲੇ ਸਿਵਲ ਸਰਜਨ ਦੀ ਬਦਲੀ ਦੂਰ ਦੁਰਾਡੇ ਚੰਡੀਗੜ੍ਹ ਕਰਵਾ ਕੇ ਸਜ਼ਾ ਦਿੱਤੀ ਜਾਵੇ। ਆਗੂਆਂ ਅਮਰਜੀਤ ਕੌਰ,ਪਰੇਮਪਾਲ ਕੌਰ, ਪਰਮਜੀਤ ਕੌਰ, ਦਰਸ਼ਨ ਸਿੰਘ ਉੱਗੋਕੇ, ਨਛੱਤਰ ਸਿੰਘ ਸਹੌਰ, ਗੁਰਦੇਵ ਸਿੰਘ ਮਾਂਗੇਵਾਲ,ਮਹਿਮਾ ਸਿੰਘ ਢਿੱਲੋਂ, ਜਗਰਾਜ ਰਾਮਾ, ਸੋਹਣ ਸਿੰਘ,ਰਾਜੀਵ ਕੁਮਾਰ, ਹਰਜੀਤ ਸਿੰਘ ਨੇ ਕਿਹਾ ਕਿ ਇਸ ਵਧੀਕੀ ਵਿਰੁੱਧ ਹੋਈ ਵਿਸ਼ਾਲ ਰੈਲੀ/ਮੁਜਾਹਰੇ ਵਿੱਚ
ਵੱਡੀ ਤਾਦਾਦ ਵਿੱਚ ਸ਼ਾਮਿਲ ਹੋਕੇ ਆਪਣੇੇ ਗੁੱਸੇ ਦਾ ਜੋਰਦਾਰ ਪ੍ਗਟਾਵਾ ਕਰਕੇੇ ਦਿਖਾ ਦਿੱਤਾ ਹੈ ਕਿ ਜੇਕਰ ਜਲਦ ਡਾ ਜਸਵੀਰ ਔਲਖ ਦੀ ਬਦਲੀ ਰੱਦ ਨਹੀਂ ਕੀਤੀ ਜਾਂਦੀ,ਘਪਲੇਬਾਜ਼ ਹੱਡੀਆਂ ਦੇ ਦੋਵੇਂ ਡਾਕਟਰਾਂ ਅਤੇ ਇਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਡਾ ਜੀਬੀ ਸਿੰਘ ਦੀ ਵਿਜੀਲੈਂਸ ਤੋਂ ਜਾਂਚ ਨਹੀਂ ਕਰਵਾਈ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਵੇਗਾ।ਯਾਦ ਰਹੇ ਪਿਛਲੇ ਸਮੇਂ ਸਿਵਲ ਹਸਪਤਾਲ ਬਰਨਾਲਾ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੋ ਹੱਡੀਆਂ ਦੇ ਡਾਕਟਰਾਂ ਨੂੰ ਸਿਵਲ ਹਸਪਤਾਲ ਬਚਾਓ ਕਮੇਟੀ ਦੀ ਜੋਰਦਾਰ ਮੰਗ ਤੇ ਡਾ ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਦੀ ਪੜਤਾਲੀਆ ਰਿਪੋਰਟ ਦੇ ਅਧਾਰ ਤੇ ਮੁਅੱਤਲ ਕੀਤਾ ਗਿਆ ਸੀ।
ਪਰ ਸਿਆਸੀ ਸਾਜਿਸ਼ ਤਹਿਤ 22/12/2021 ਨੂੰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਡਾਕਟਰਾਂ ਨੂੰ ਮੁੜ ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਕਰਕੇ ਡਾ ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੂੰ ਸੱਚ ਲਿਖਣ ਦੀ ਸਜ਼ਾ ਵਜੋਂ ਚੰਡੀਗੜ੍ਹ ਤੈਨਾਤ ਕਰ ਦਿੱਤਾ ਗਿਆ ਹੈ। ਇਹ ਡਾ ਜਸਵੀਰ ਔਲਖ ਲਈ ਚੁਣੌਤੀ ਨਹੀਂ ਸਗੋਂ ਬੇਇਨਸਾਫ਼ੀ ਵਿਰੁੱਧ ਅਵਾਜ਼ ਉਠਾਉਣ ਵਾਲੀਆਂ ਜਨਤਕ ਜਮਹੂਰੀ ਜਥੇਬੰਦੀਆਂ ਲਈ ਵਡੇਰੀ ਚੁਣੌਤੀ ਹੈ। ਇਸ ਚੁਣੌਤੀ ਦਾ ਟਾਕਰਾ ਲੋਕ ਜਥੇਬੰਦੀਆਂ ਤੇ ਟੇਕ ਰੱਖ ਹੀ ਕੀਤਾ ਜਾਵੇ। ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ। ਕੱਲੵ ਉਪ ਮੁੱਖ ਮੰਤਰੀ ਦੇ ਸਿਵਲ ਹਸਪਤਾਲ ਦੌਰੇ ਸਮੇਂ ਸਾਰੀਆਂ ਜਥੇਬੰਦੀਆਂ ਆਪਣਾ ਰੋਸ ਜਾਹਰ ਕਰਨਗੀਆਂ।