ਨਿਕੰਮੀ ਲੀਡਰਸ਼ਿਪ ਕਾਰਣ ਹਲਕਾ ਮਹਿਲ ਕਲਾਂ ਵਿਕਾਸ ਪੱਖੋਂ ਪਛੜਿਆ – ਕੁਲਵੰਤ ਸਿੰਘ ਟਿੱਬਾ
ਮਹਿਲ ਕਲਾਂ 12ਦਸੰਬਰ(ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ)
ਇਲਾਕਾ ਮਹਿਲ ਕਲਾਂ ਦੇ ਲੋਕ ਸਿਰੜੀ, ਇਨਸਾਫ਼ਪਸੰਦ ਤੇ ਸੰਘਰਸ਼ਸ਼ੀਲ ਹਨ ਪਰ ਰਾਜਨੀਤਿਕ ਲੀਡਰਸ਼ਿਪ ਦੇ ਨਿਕੰਮੇਪਣ ਕਾਰਣ ਹਲਕਾ ਮਹਿਲ ਕਲਾਂ ਵਿਕਾਸ ਪੱਖੋਂ ਪਛੜ ਗਿਆ ਹੈ।ਇਹ ਪ੍ਰਗਟਾਵਾ ਸਮਾਜਿਕ ਸੰਸਥਾ ‘ਹੋਪ ਫ਼ਾਰ ਮਹਿਲ ਕਲਾਂ’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਜਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਦੇ ਅਣਖੀ ਤੇ ਜੁਝਾਰੂ ਲੋਕਾਂ ਨੇ ਜੁਲਮ ਅੱਤਿਆਚਾਰ ਦੇ ਵਿਰੁੱਧ ਹਮੇਸ਼ਾ ਲੋਕ ਪੱਖੀ ਘੋਲ ਲੜ ਕੇ ਇਤਿਹਾਸ ਸਿਰਜਿਆ ਪਰ ਇਹ ਹਲਕੇ ਦੀ ਬਦਕਿਸਮਤੀ ਹੀ ਹੈ ਕਿ ਇੱਥੇ ਯੋਗ ਤੇ ਮਜ਼ਬੂਤ ਲੀਡਰਸ਼ਿਪ ਦੀ ਘਾਟ ਹੈ।ਉਨ੍ਹਾਂ ਕਿਹਾ ਕਿ ਡੰਗ-ਟਪਾਊ ਸਿਆਸਤ ਤੇ ਕਮਜ਼ੋਰ ਇੱਛਾ ਸਕਤੀ ਕਾਰਣ ਸਿਆਸੀ ਲੀਡਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੋਈ ਪਕੜ ਨਹੀ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫ਼ਤਰਾਂ ‘ਚ ਧੱਕੇ ਖਾਣ ਲਈ ਮਜਬੂਰ ਹੋਣਾ ਪੈਣਾ ਪੈ ਰਿਹਾ ਹੈ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਸੰਸਥਾ ‘ਹੋਪ ਫ਼ਾਰ ਮਹਿਲ ਕਲਾਂ’ ਨੇ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਲਈ ਇਨਸਾਫ਼ ਲੈ ਕੇ ਦੇਣ ਦੇ ਮਾਮਲੇ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਸਾਡੇ ਸਿਆਸੀ ਆਗੂਆਂ ਨੇ ਸਮੇਂ ਸਮੇਂ ਇਸ ਇਲਾਕੇ ਦੀਆਂ ਅਹਿਮ ਮੰਗਾਂ ਬਾਰੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜ਼ੋਰਦਾਰ ਢੰਗ ਨਾਲ ਪੱਖ ਨਹੀ ਰੱਖਿਆ।ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਦੀ ਮਜ਼ਬੂਤੀ ਤੇ ਸਰਬਪੱਖੀ ਵਿਕਾਸ ਲਈ ਸਾਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ।