ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 438 ਵਾਂ ਦਿਨ
- ਦਿੱਲੀ ਮੋਰਚਿਆਂ ਤੋਂ ਪਰਤੇ ਯੋਧਿਆਂ ਦਾ ਸ਼ਾਨਦਾਰ ਸਵਾਗਤ; ਅੰਦੋਲਨ ਖਤਮ ਨਹੀਂ,ਮੁਲਤਵੀ ਕੀਤਾ ਹੈ: ਮਨਜੀਤ ਧਨੇਰ
- ਢੋਲਾਂ ਦੇ ਡੱਗਿਆਂ ‘ਤੇ ਘੰਟਿਆਂ ਬੱਧੀ ਪੈਂਦਾ ਰਿਹਾ ਭੰਗੜਾ; ਬੀਬੀਆਂ ਨੱਚ ਨੱਚ ਦੂਹਰੀਆਂ ਹੋਈਆਂ; ਗਿੱਧੇ ਦੀਆਂ ਬੋਲੀਆਂ ਨੂੰ ਚਾੜ੍ਹਿਆ ਕਿਸਾਨੀ ਰੰਗ ।
- 14 ਤਰੀਕ ਨੂੰ ਸਥਾਨਕ ਧਰਨੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਕੇ 11 ਵਜੇ ਭੋਗ ਪਾਏ ਜਾਣਗੇ ; ਸਭ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ।
ਰਵੀ ਸੈਣ,ਬਰਨਾਲਾ: 12 ਦਸੰਬਰ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੌਜੂਦਾ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਬਰਨਾਲਾ ਰੇਲਵੇ ਸਟੇਸ਼ਨ ‘ਤੇ ਪਿਛਲੇ 438 ਦਿਨਾਂ ਤੋਂ ਲਾਇਆ ਹੋਇਆ ਧਰਨਾ ਅੱਜ ਹੰਢਿਆਇਆ ਚੌਕ ਵਿਖੇ ਤਬਦੀਲ ਕੀਤਾ ਗਿਆ। ਅੱਜ ਹੰਢਿਆਇਆ ਚੌਕ ਵਿੱਚ ਦਿੱਲੀ ਮੋਰਚਿਆਂ ਤੋਂ ਅੰਦੋਲਨ ਜਿੱਤ ਕੇ ਵਾਪਸ ਆ ਰਹੇ ਯੋਧਿਆਂ ਦਾ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੇ ਸਮੇਂ ਵਿੱਚ ਅਚਾਨਕ ਕੀਤੀ ਤਬਦੀਲੀ ਦੇ ਬਾਵਜੂਦ ਹਜ਼ਾਰਾਂ ਮਰਦ, ਔਰਤਾਂ, ਨੌਜਵਾਨ, ਬਜੁਰਗ ਸਵੇਰੇ 11 ਵਜੇ ਹੀ ਪੁੱਜਣੇ ਸ਼ੁਰੂ ਹੋ ਗਏ। ਜਿਉਂ ਹੀ ਦਿੱਲੀ ਤੋਂ ਕਾਫਲੇ ਆਉਣੇ ਸ਼ੁਰੂ ਹੋਏ, ਨੇਤਾਵਾਂ ‘ਤੇ ਫੁੱਲਾਂ ਦੀ ਬਾਰਿਸ਼ ਸ਼ੁਰੂ ਹੋ ਗਈ। ਆਕਾਸ਼ ਗੁੰਜਾਊ ਨਾਹਰਿਆਂ ਤੇ ਢੋਲਾਂ ਦੀ ਧਮਾਲ ਦੌਰਾਨ ਦਿੱਲੀ ਪਰਤੇ ਯੋਧਿਆਂ ਦੇ ਗਲ ਹਾਰਾਂ ਨਾਲ ਲੱਦਣੇ ਸ਼ੁਰੂ ਹੋ ਗਏ। ਹਰ ਕੋਈ ਉਨ੍ਹਾਂ ਦੇ ਹਾਰ ਪਾਉਣ ਅਤੇ ਨਾਲ ਖੜ੍ਹ ਕੇ ਫੋਟੋਆਂ ਖਿਚਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਥੇ ਮੌਜੂਦ ਹਰ ਸ਼ਖਸ ਬਹੁਤ ਲੰਬੇ ਸੰਘਰਸ਼ ਬਾਅਦ ਹਾਸਲ ਕੀਤੀ ਜਿੱਤ ਦੇ ਜਸ਼ਨਾਂ ਦਾ ਪਲ ਪਲ ਬਹੁਤ ਸਿੱਦਤ ਨਾਲ ਆਤਮਸਾਤ ਕਰਨਾ ਚਾਹੁੰਦਾ ਸੀ। ਕਿਸਾਨ ਬੀਬੀਆਂ ਨੇ ਬਹੁਤ ਲੰਬਾ ਸਮਾਂ ਗਿੱਧਾ ਪਾਇਆ ਅਤੇ ਆਪਣੇ ਗਿੱਧੇ ਦੀਆਂ ਰਿਵਾਇਤੀ ਨੂੰ ਬੋਲੀਆਂ ਨੂੰ ਕਿਸਾਨ ਅੰਦੋਲਨ ਦਾ ਰੰਗ ਚੜਾਇਆ।
ਇਸ ਭਾਵੁਕ ਤੇ ਜੋਸ਼ੀਲੇ ਮਾਹੌਲ ਵਿੱਚ ਮਨਜੀਤ ਧਨੇਰ ਆਪਣੀ ਸੰਖੇਪ ਤਕਰੀਰ ਰਾਹੀਂ ਸੁਨੇਹਾ ਦਿੱਤਾ ਕਿ ਅੰਦੋਲਨ ਖਤਮ ਨਹੀਂ ਕੀਤਾ ਗਿਆ, ਸਿਰਫ ਮੁਲਤਵੀ ਹੋਇਆ ਹੈ। ਜੇਕਰ ਸਰਕਾਰ ਨੇ ਬਾਕੀ ਮੰਗਾਂ ਬਾਰੇ ਕੋਈ ਹਾਂ- ਪੱਖੀ ਕਦਮ ਨਾ ਉਠਾਏ ਤਾਂ ਸੰਯੁਕਤ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਅਸੀਂ ਸਿਰਫ ਇੱਕ ਪੜਾਅ ਪਾਰ ਕੀਤਾ ਹੈ। ਖੇਤੀ ਨੂੰ ਲਾਹੇਬੰਦਾ ਕਿੱਤਾ ਬਣਾਉਣ ਲਈ ਹੋਰ ਵੀ ਲੰਬੇ ਸੰਘਰਸ਼ ਲਈ ਤਿਆਰ ਰਹੋ।
ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਜਾਣਕਾਰੀ ਦਿੱਤੀ ਕਿ 14 ਤਰੀਕ ਮੰਗਲਵਾਰ ਨੂੰ ਬਰਨਾਲਾ ਧਰਨੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ 11 ਵਜੇ ਭੋਗ ਪਾਏ ਜਾਣਗੇ। ਸਭ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।