ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 436 ਵਾਂ ਦਿਨ 

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 436 ਵਾਂ ਦਿਨ 

  • ਮਨੁੱਖੀ ਅਧਿਕਾਰ ਦਿਵਸ ਮਨਾਇਆ; ਜੇਲ੍ਹਾਂ ‘ਚ ਬੰਦ ਬੁੱਧੀਜੀਵੀਆਂ ਨੂੰ ਰਿਹਾ ਕਰੋ; ਅਧਿਕਾਰਾਂ ਦੀ ਰਾਖੀ ਲਈ ਵਿਸ਼ਾਲ ਜਨਤਕ ਲਾਮਬੰਦੀ ਉਸਾਰੋ। 
  •  ਦਿੱਲੀ ਮੋਰਚਿਆ ‘ਤੇ ਵਾਪਸ ਆਉਣ ਵਾਲੇ ਜੇਤੂ ਯੋਧਿਆਂ ਦੇ ਸਨਮਾਨ ਲਈ ਤਿਆਰੀਆਂ ਵਿੱਢੀਆਂ; ਹਲਵਾਈਆਂ,ਢੋਲੀਆਂ ਨਾਲ ਸੰਪਰਕ ਸਾਧੇ। 
  •  ਧਰਨਿਆਂ ‘ਚ ਵਿਆਹ ਵਰਗਾ ਮਾਹੌਲ; ਟਰਾਲੀਆਂ ‘ਚੋਂ ਉਤਰ ਕੇ  ਕਿਸਾਨੀ ਗੀਤ ਗਾਉਦੀਂਆਂ ਧਰਨੇ ‘ਚ  ਸ਼ਾਮਲ ਹੁੰਦੀਆਂ ਹਨ ਕਿਸਾਨ ਬੀਬੀਆਂ। 
  • ਮਨਜੀਤ ਕੌਰ ਪਤਨੀ ਸ਼ੇਰ  ਸਿੰਘ  ਅਕਾਲਗੜ  ਬਸਤੀ ਨੇ 5000 ਰੁਪਏ ਦੀ ਆਰਥਿਕ ਮਦਦ ਦਿੱਤੀ; ਕਮੇਟੀ ਨੇ ਧੰਨਵਾਦ ਕੀਤਾ

ਰਘਬੀਰ ਹੈਪੀ,ਬਰਨਾਲਾ: 10 ਦਸੰਬਰ, 2021 
       ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ 15 ਦਸੰਬਰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਅੱਜ 436 ਵੇਂ ਦਿਨ ਵੀ ਧਰਨਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ।ਅੱਜ ਦੇ ਦਿਨ ਸੰਨ 1948 ਵਿੱਚ ਯੂਐਨਓ ਵਿੱਚ ਮਨੁੱਖੀ ਅਧਿਕਾਰਾਂ ਦਾ ਸਰਬ-ਵਿਆਪੀ ਐਲਾਨਨਾਮਾ ਧਾਰਨ ਕੀਤਾ ਗਿਆ ਸੀ। ਇਸ ਐਲਾਨਨਾਮੇ ਅਨੁਸਾਰ ਦੁਨੀਆ ਦੇ ਕਿਸੇ ਦੇਸ਼ ਵਿੱਚ ਭਾਵੇਂ ਕਿਸੇ ਵੀ ਤਰਜ਼ ਦੀ ਸਰਕਾਰ ਹੋਵੇ ਪਰ ਉਥੋਂ ਦੇ ਬਾਸਿੰਦਿਆਂ ਦੇ, ਇੱਕ ਮਨੁੱਖ ਦੇ ਤੌਰ ‘ਤੇ ਕੁੱਝ  ਨਿਸ਼ਚਿਤ ਅਧਿਕਾਰ ਹੁੰਦੇ ਹਨ ਜਿਨ੍ਹਾਂ ਨੂੰ ਕਦੇ ਵੀ ਉਨ੍ਹਾਂ ਤੋਂ ਖੋਹਿਆ ਨਹੀਂ ਕੀਤਾ ਜਾ ਸਕਦਾ। ਪਰ ਅੱਜਕੱਲ੍ਹ ਤਾਨਾਸ਼ਾਹ ਸਰਕਾਰਾਂ ਇਨ੍ਹਾਂ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕਰ ਰਹੀਆਂ ਹਨ। ਸਾਡੇ ਦੇਸ਼ ਦੇ ਦਰਜਨਾਂ ਬੁੱਧੀਜੀਵੀ, ਲੋਕਾਂ ਦੀ ਆਵਾਜ਼ ਉਠਾਉਣ ਬਦਲੇ ਕਈ ਸਾਲਾਂ  ਤੋਂ ਜੇਲ੍ਹਾਂ ਵਿੱਚ ਬੰਦ ਹਨ। ਅਜੇ ਕੱਲ੍ਹ ਦੇ ਇੱਕ ਉਚਕੋਟੀ ਬੁੱਧੀਜੀਵੀ ਕਾਰਕੁੰਨ ਸੁਧਾ ਭਾਰਦਵਾਜ ਤਿੰਨ ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਹੀ ਜਮਾਨਤ ‘ਤੇ ਬਾਹਰ ਆਈ ਹੈ। ਸਾਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੱਡੀ  ਜਨਤਕ ਲਾਮਬੰਦੀ ਕਰਨੀ ਪਵੇਗੀ।
  ਅੰਦੋਲਨ ਦੀ ਮੁਅਤੱਲੀ ਤੋਂ ਬਾਅਦ ਕੱਲ੍ਹ 11 ਤਰੀਕ ਨੂੰ ਦਿੱਲੀ ਦੇ ਮੋਰਚਿਆਂ ਤੋਂ ਵਾਪਸ ਆਉਣ ਲਈ ਫਤਿਹ ਮਾਰਚ ਸ਼ੁਰੂ ਹੋਣਾ ਹੈ।ਅੱਜ ਧਰਨੇ ਵਿੱਚ ਦਿੱਲੀ ਤੋਂ ਵਾਪਸ ਆਉਣ ਵਾਲੇ ਯੋਧਿਆਂ ਦੇ ਢੁਕਵੇਂ ਸਨਮਾਨ ਲਈ ਵਿਚਾਰਾਂ ਹੋਈਆਂ। ਪਕਵਾਨਾਂ ਤੇ ਮਿਠਾਈਆਂ ਦੇ ਮੀਨੂ ਬਣਾਏ ਜਾ ਰਹੇ ਹਨ, ਹਲਵਾਈਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ,ਢੋਲੀਆਂ ਨੂੰ ਸੱਦੇ ਦਿੱਤੇ ਜਾ ਰਹੇ ਹਨ।  ਵਾਲੰਟੀਅਰਾਂ ਦੀਆਂ ਡਿਉਟੀਆਂ ਲਾਈਆਂ ਜਾ ਰਹੀਆਂ ਹਨ। ਦਿੱਲੀ  ਤੋਂ ਵਾਪਸ ਆਉਣ ਵਾਲਿਆਂ ਦੇ ਸਵਾਗਤ  ਨੂੰ ਯਾਦਗਾਰੀ ਬਣਾਉਣ ਲਈ ਹਰ ਸੰਭਵ ਤਿਆਰੀ ਕੀਤੀ ਜਾ ਰਹੀ ਹੈ।
   ਅੱਜਕੱਲ੍ਹ ਧਰਨੇ ਵਿੱਚ ਵਿਆਹ ਵਰਗਾ ਮਾਹੌਲ ਹੈ। ਸਭ ਦੇ ਚਿਹਰੇ ਖਿੜੇ ਹੋਏ ਹਨ। ਟਰਾਲੀਆਂ ਵਿਚੋਂ ਉਤਰ ਕੇ ਕਿਸਾਨ ਬੀਬੀਆਂ ਵਿਆਹ ਦੇ ਮੇਲ ਵਾਂਗ ਗੀਤ ਗਾਉਂਦੀਆਂ ਹੋਈਆਂ ਧਰਨੇ ‘ਚ ਸ਼ਾਮਲ ਹੁੰਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਇਹ ਵਿਆਹ ਵਾਲੇ ਰਵਾਇਤੀ ਗੀਤ ਨਹੀਂ ਸਗੋਂ ਕਿਸਾਨੀ ਸੰਘਰਸ਼ ਨਾਲ ਸਬੰਧਤ  ਗੀਤ ਹੁੰਦੇ ਹਨ। ਜਿੱਤ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਹਰੇਕ ਸ਼ਖਸ ਜਿੱਤ ਦਾ ਸਰੂਰ ਮਹਿਸੂਸ ਕਰ ਰਿਹਾ ਹੈ।
     ਅੱਜ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਨਛੱਤਰ ਸਿੰਘ ਸਾਹੌਰ, ਨਰੈਣ ਦੱਤ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਪ੍ਰੇਮਪਾਲ ਕੌਰ, ਮੇਲਾ ਸਿੰਘ ਕੱਟੂ, ਬਿੱਕਰ ਸਿੰਘ ਔਲਖ, ਦਰਸ਼ਨ ਸਿੰਘ ਮਹਿਤਾ, ਬਾਬੂ ਸਿੰਘ ਖੁੱਡੀ ਕਲਾਂ,  ਹਰਚਰਨ ਸਿੰਘ ਚੰਨਾ, ਗੁਰਵਿੰਦਰ ਸਿੰਘ ਕਾਲੇਕਾ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। 
ਅੱਜ ਮਨਜੀਤ ਕੌਰ ਪਤਨੀ ਸ਼ੇਰ ਸਿੰਘ ਅਕਾਲ ਗੜ੍ਹ ਬਸਤੀ ਬਰਨਾਲਾ ਨੇ 5000 ਰੁਪਏ ਦੀ ਆਰਥਿਕ ਮਦਦ ਕੀਤੀ । ਸੰਚਾਲਨ ਕਮੇਟੀ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
  ਅੱਜ ਅਮਰਜੀਤ ਕੌਰ,ਜਸਪਾਲ ਕੌਰ ਤੇ ਬਲਵੀਰ ਕੌਰ ਨੇ ਕਿਸਾਨੀ ਬੋਲੀਆਂ ਸੁਣਾਈਆਂ। ਬਲਦੇਵ ਸਿੰਘ ਸ਼ਹਿਣਾ ਨੇ ਇਨਕਲਾਬੀ ਗੀਤ ਸੁਣਾਇਆ; ਨਰਿੰਦਰਪਾਲ ਨੇ  ਕਵਿਤਾ ਸੁਣਾਈ।
Advertisement
Advertisement
Advertisement
Advertisement
error: Content is protected !!