ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਕੀਤਾ ਜਾਗਰੂਕ
- ਕਿ੍ਸ਼ੀ ਵਿਗਿਆਨ ਕੇਂਦਰ ਨੇ ਪਿੰਡ ਕੱਟੂ ’ਚ ਮਨਾਇਆ ਵਿਸ਼ਵ ਭੌਂ ਦਿਵਸ
ਸੋਨੀ ਪਨੇਸਰ, ਹੰਡਿਆਇਆ/ਬਰਨਾਲਾ, 10 ਦਸੰਬਰ2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਪਿੰਡ ਕੱਟੂ ਵਿਖੇ ਵਿਸ਼ਵ ਭੌਂ ਦਿਵਸ (ਮਿੱਟੀ ਦਿਵਸ) ਮਨਾਇਆ ਗਿਆ, ਜਿਸ ਵਿੱਚ ਭੋਜਨ, ਫ਼ੀਡ ਤੇ ਫਾਈਬਰ ਉਤਪਾਦਨ ਦੇ ਨਾਲ-ਨਾਲ ਮਨੁੱਖੀ ਜੀਵਨ ਵਿੱਚ ਮਿੱਟੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਸੁਰਿੰਦਰ ਸਿੰਘ ਸਹਾਇਕ ਪ੍ਰੋਫੈਸਰ, (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਫ਼ਸਲ ਉਤਪਾਦਨ ਵਿੱਚ ਮਿੱਟੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਮਿੱਟੀ ਜਾਂਚ ਕਰਵਾਉਣ ’ਤੇ ਜ਼ੋਰ ਦਿੱਤਾ ਅਤੇ ਮਿੱਟੀ ਪਰਖ ਕਰਵਾਉਣ ਲਈ ਨਮੂਨਾ ਲੈਣ ਦਾ ਤਰੀਕਾ ਵੀ ਦੱਸਿਆ। ਉਨਾਂ ਨੇ ਕਿਸਾਨਾਂ ਨੂੰ ਫ਼ਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਜ਼ਰੂਰੀ ਤੱਤਾਂ ਦੀ ਸਪਰੇਅ ਰਾਹੀਂ ਵਰਤੋਂ ਕਰਨ ਬਾਰੇ ਵੀ ਚਾਨਣਾ ਪਾਇਆ ਤੇ ਇਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਵੀ ਕੀਤਾ। ਇਸ ਮੌਕੇ ਪਿੰਡ ਕੱਟੂ ਦੇ ਕਿਸਾਨ ਗੁਲਜ਼ਾਰ ਸਿੰਘ, ਬਲਵੰਤ ਸਿੰਘ, ਮਾਸਟਰ ਕਰਤਾਰ ਸਿੰਘ, ਪਿਆਰਾ ਸਿੰਘ ਪੰਚ, ਬੇਅੰਤ ਸਿੰਘ ਨੰਬਰਦਾਰ, ਅਜੀਤ ਸਿੰਘ, ਬਲਤੇਜ ਸਿੰਘ ਗੋਗੀ ਤੇ ਭੈਣੀ ਮਹਿਰਾਜ ਦੇ ਕਿਸਾਨ ਬਿੰਦਰ ਸਿੰਘ ਮਾਨ, ਕੇਸਰ ਸਿੰਘ ਨੰਬਰਦਾਰ ਤੇ ਪਿੰਡ ਭੱਠਲਾਂ ਦੇ ਕਿਸਾਨ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪਿੰਡ ਬਾਲੀਆਂ ਦੇ ਕਿਸਾਨ ਗੁਲਜਾਰਾ ਸਿੰਘ ਤੇ ਡਾ. ਗੁਰਜੰਟ ਸਿੰਘ ਆਦਿ ਸ਼ਾਮਿਲ ਸਨ।