ਹਰਿੰਦਰ ਨਿੱਕਾ , ਬਰਨਾਲਾ 5 ਦਸੰਬਰ 2021
ਬੇਸ਼ੱਕ ਆਮ ਆਦਮੀ ਹੋਣ ਦਾ ਹਮੇਸ਼ਾ ਦਮ ਭਰਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਸੀ। ਪਰੰਤੂ ਟਰਾਂਸਪੋਰਟ ਮਹਿਕਮੇ ‘ ਚ ਪੱਕੇ ਹੋਣ ਲਈ ਲੰਘੀ ਕੱਲ੍ਹ ਪੀਆਰਟੀਸੀ ਬਰਨਾਲਾ ਡਿੱਪੂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਜਿਲ੍ਹੇ ਦੇ ਜਰਨਲ ਮੈਨੇਜਰ ਨੇ ਐਫ.ਆਈ.ਆਰ ਦਰਜ਼ ਕਰਵਾ ਦਿੱਤੀ ਹੈ। ਪੁਲਿਸ ਵੱਲੋਂ ਜਰਨਲ ਮੈਨੇਜਰ ਦੀ ਲਿਖਤੀ ਸ਼ਕਾਇਤ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਆਦਿ ਜੁਰਮ ਤਹਿਤ ਕੇਸ ਦਰਜ ਕੀਤਾ ਹੈ।
ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ਼ ਐਫ.ਆਈ.ਆਰ ਅਨੁਸਾਰ ਜਨਰਲ ਮੈਨੇਜਰ ਪੀ.ਆਰ.ਟੀ.ਸੀ ਬਰਨਾਲਾ ਵੱਲੋਂ ਚੌਕੀ ਬੱਸ ਸਟੈਂਡ ਬਰਨਾਲਾ ਪੱਤਰ ਮੌਸੂਲ ਹੋਇਆ ਕਿ ਮਿਤੀ 03-12-2021 ਨੂੰ ਸਵੇਰੇ 10 ਤੋਂ ਲੈ ਕੇ 12 ਵਜੇ ਤੱਕ ਕੁੱਝ ਅਣਪਛਾਤੇ ਵਿਅਕਤੀਆਂ ਨੇ ਪੀ.ਆਰ.ਟੀ.ਸੀ ਡਿਪੂ ਦੀ ਵਰਕਸਾਪ ਵਿੱਚ ਦਾਖਲ ਹੋ ਕੇ ਡਿਪੂ ਦੇ ਡਰਾਇਵਰ ਅਤੇ ਕੰਡਕਟਰ ਸਟਾਫ ਨੂੰ ਆਪਣੀ ਡਿਊਟੀ ਕਰਨ ਤੋ ਰੋਕਿਆ । ਜਿਸ ਨਾਲ ਪੀ.ਆਰ.ਟੀ.ਸੀ. ਡਿਪੂ ਬਰਨਾਲਾ ਦੇ ਤਕਰੀਬਨ 11 ਟਾਇਮ ਮਿਸ ਹੋ ਗਏ ਅਤੇ ਡਿਪੂ ਨੂੰ 96114 /- ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ ।
ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਰਨਲ ਮੈਨੇਜਰ ਦੀ ਸ਼ਕਾਇਤ ਦੇ ਅਧਾਰ ਪਰ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 353,186,283 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ, ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਬੱਸ ਸਟੈਂਡ ਪੁਲਿਸ ਚੌਂਕੀ ਦੇ ਏ.ਐਸ.ਆਈ ਦਲਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਵਰਨਣਯੋਗ ਹੈ ਕਿ 3 ਦਸੰਬਰ ਨੂੰ ਟਰਾਂਸਪੋਰਟ ਵਿਭਾਗ ਦੇ ਕੱਚੇ ਕਰਮਚਾਰੀਆਂ ਵੱਲੋਂ ਪੱਕੇ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।