ਹਜਾਰਾਂ ਜੂਝਾਰੂ ਕਾਫਲਿਆਂ ਨੇ ਸ਼ਹੀਦ ਕਿਸਾਨ ਬਲਵੀਰ ਸਿੰਘ ਹਰਦਾਸਪੁਰਾ ਨੂੰ ਸ਼ਰਧਾਂਜਲੀ
- ਸ਼ਹੀਦ ਕਿਸਾਨ ਬਲਵੀਰ ਸਿੰਘ ਹਰਦਾਸਪੁਰਾ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ- ਦੱਤ
ਰਵੀ ਸੈਣ,ਮਹਿਲਾਂ 5 ਦਸੰਬਰ 2021( ਗੁਰਸੇਵਕ ਸਿੰਘ ਸਹੋਤਾ)
25 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਟਿੱਕਰੀ ਬਾਰਡਰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਵਰਕਰ ਨੌਜਵਾਨ ਕਿਸਾਨ ਬਲਵੀਰ ਸਿੰਘ(45 ਸਾਲ) ਨੂੰ ਅੱਜ ਉਸ ਦੇ ਜੱਦੀ ਪਿੰਡ ਹਰਦਾਸਪੁਰਾ ਵਿਖੇ ਹਜਾਰਾਂ ਜੁਝਾਰੂ ਕਿਸਾਨ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਕਾਫਲਿਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸ਼ਰਧਾਂਜਲੀ ਸਮਾਗਮ ਸਮੇਂ ਬੁਲਾਰੇ ਆਗੂਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਜਗਰਾਜ ਹਰਦਾਸਪੁਰਾ,ਅਮਰਜੀਤ ਕੌਰ ਅਤੇ ਡਾ ਕੁਲਵੰਤ ਰਾਏ ਪੰਡੋਰੀ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ 690 ਸ਼ਹੀਦ ਹੋਏ ਕਿਸਾਨਾਂ ਵਾਂਗ ਸਾਡੇ ਕਿਸਾਨ ਬਲਵੀਰ ਸਿੰਘ ਦਾ ਵੀ ਕੀਤਾ ਕਤਲ ਹੈ। ਮੋਦੀ ਹਕੂਮਤ ਨੂੰ ਇਨ੍ਹਾਂ ਕਤਲਾਂ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਆਗੂਆਂ ਕਿਹਾ ਕਿ ਭਾਵੇਂ ਸਹੀਦ ਬਲਵੀਰ ਸਿੰਘ ਜਮੀਨ ਪੱਖੋਂ ਵਿਰਵਾ ਸੀ,ਪਰ ਜਾਗਦੀ ਜਮੀਰ ਵਾਲਾ ਕਿਸਾਨ ਸੀ। ਜਿਸ ਨੇ ਜਮੀਨ ਤੋਂ ਵਿਰਵੇ ਹੋਣ ਦਾ ਦਰਦ ਆਪਣੇ ਪਿੰਡੇ ਤੇ ਹੰਢਾਇਆ ਸੀ। ਇਸੇ ਕਰਕੇ ਬੇਹੱਦ ਤੰਗੀ ਤੁਰਸ਼ੀ ਦੀ ਹਾਲਤ ਵਿੱਚ ਜਿੰਦਗੀ ਜਿਉਂਦਾ ਹੋਇਆ ਸ਼ਹੀਦ ਕਿਸਾਨ ਬਲਵੀਰ ਸਿੰਘ ਤਿੰਨ ਛੋਟੇ ਛੋਟੇ ਬੱਚਿਆਂ (ਦੋ ਬੇਟੇ,ਇੱਕ ਬੇਟੀ) ਅਤੇ ਪਤਨੀ ਨੂੰ ਪਿਛੇ ਛੱਡ ਗਿਆ ਹੈ। ਜਿਸ ਦੀ ਵਡੇਰੀ ਜਿੰਮੇਵਾਰੀ ਸਾਡੇ ਸਿਰ ਆਣ ਪਈ ਹੈ,ਜਿਸ ਦਾ ਸਾਨੂੰ ਭਲੀਭਾਂਤ ਅਹਿਸਾਸ ਹੈ।
ਆਗੂਆਂ ਮਲਕੀਤ ਸਿੰਘ ਈਨਾ, ਮਹਿੰਦਰ ਕਮਾਲਪੁਰ, ਰਣਧੀਰ ਸਿੰਘ ਬੱਸੀਆਂ,ਅਜਮੇਰ ਸਿੰਘ ਮਹਿਲਕਲਾਂ,ਬਲਦੇਵ ਸਿੰਘ ਸੱਦੋਵਾਲ,ਜਗਤਾਰ ਸਿੰਘ ਗੁਰਮੇਲ ਸਿੰਘ ਮੂੰਮ, ਜਸਵੰਤ ਸਿੰਘ ਜੱਗਾ ਸਿੰਘ ਛਾਪਾ, ਭਿੰਦਰ ਸਿੰਘ ਦਲਵੀਰ ਸਿੰਘ ਸਹੌਰ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਤਰਸੇਮ ਸਿੰਘ ਕੁਤਬਾ, ਮਨਦੀਪ ਸਿੰਘ ਦੱਧਾਹੂਰ,ਕਮਲਪ੍ਰੀਤ ਸਿੰਘ ਜੌਹਲਾਂ, ਗੁਰਮੇਲ ਸਿੰਘ ਠੁੱਲੀਵਾਲ,ਜਸਪਾਲ ਚੀਮਾ, ਅਜਮੇਰ ਸਿੰਘ ਕਾਲਸਾਂ, ਮੁਕੰਦ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਹਰਦਾਸਪੁਰਾ,ਬਲਜੀਤ ਸਿੰਘ ਮਹਿਲਕਲਾਂ, ਜਸਵੰਤ ਕੌਰ। ਮਹਿਲਕਲਾਂ, ਕੇਵਲਜੀਤ ਕੌਰ, ਡਾ ਬਾਰੂ ਮੁਹੰਮਦ,ਡਾ ਮੇਜਰ ਸਿੰਘ ਛਾਪਾ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕਿਸਾਨ ਬਲਵੀਰ ਸਿੰਘ ਦੀ ਹੋਈ ਸ਼ਹੀਦੀ ਅਜਾਈਂ ਨਹੀਂ ਜਾਵੇਗੀ। ਸਾਡੇ ਕਿਸਾਨ ਆਗੂ ਦੀ ਸ਼ਹੀਦੀ ਸਾਡੇ ਸੰਘਰਸ਼ ਦੀ ਖੁਰਾਕ ਬਣੇਗੀ। ਕਿਉਕਿ ਸ਼ਹਾਦਤਾਂ ਸ਼ੰਘਰਸ਼ ਰੂਪੀ ਬੂਟੇ ਦੀ ਖੁਰਾਕ ਬਣ ਜਾਇਆ ਕਰਦੀਆਂ ਹਨ। ਅਜਿਹੇ ਕਿਸਾਨਾਂ ਦੀਆਂ ਸ਼ਹਾਦਤਾਂ ਦਾ ਹੀ ਸਿੱਟਾ ਹੈ ਕਿ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਹੋਣਾ ਪਿਆ ਹੈ। ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ, ਸਮੁੱਚੀ ਖਰੀਦ ਯਕੀਨੀ ਬਨਾਉਣ, ਕਿਸਾਨ ਅੰਦੋਲਨ ਦੌਰਾਨ ਹਜਾਰਾਂ ਪੁਲਿਸ ਕੇਸ ਕਰਾਉਣ ਲਈ ਸੰਘਰਸ਼ ਜਾਰੀ ਹੈ। ਆਗੂਆਂ ਨੇ ਕਿਸਾਨਾਂ ਖਾਸ ਨੌਜਵਾਨ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਹੋਰ ਵਧੇਰੇ ਜੋਸ਼, ਦਲੇਰੀ, ਦ੍ਰਿੜਤਾ ਨਾਲ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਵਿੱਚ ਕਾਫਲੇ ਬੰਨ੍ਹਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸ਼ਹੀਦ ਕਿਸਾਨ ਬਲਵੀਰ ਸਿੰਘ ਦੇ ਪਰਿਵਾਰ ਦੀ ਆਰਥਿਕ ਮੱਦਦ ਲਈ, ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਬਹੁਤ ਸਾਰੀਆਂ ਸੰਸਥਾਵਾਂ/ਵਿਅਕਤੀ ਅੱਗੇ ਆਏ।