ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 431 ਵਾਂ ਦਿਨ
- ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਪਰ ਬਾਕੀ ਮੰਗਾਂ ਮਨਵਾਏ ਬਗੈਰ ਕੋਈ ਜਸ਼ਨ ਨਹੀਂ ਅਤੇ ਤਦ ਤੱਕ ਅੰਦੋਲਨ ਜਾਰੀ ਰਹੇਗਾ :ਕਿਸਾਨ ਆਗੂ
- ਪੰਜਾਬ ਸਰਕਾਰ ਵੱਲੋਂ ਨਰਸਾਂ, ਠੇਕਾ ਤੇ ਹੋਰ ਮੁਲਾਜ਼ਮਾਂ ‘ਤੇ ਥਾਂ ਥਾਂ ਕੀਤੇ ਜਾ ਰਹੇ ਜਬਰ ਤੇ ਖਿੱਚ-ਧੂਹ ਦੀ ਸਖਤ ਨਿਖੇਧੀ; ਸਰਕਾਰ ਮੰਗਾਂ ਮੰਨੇ: ਆਗੂ
- ਅਕਾਲੀ ਨੇਤਾ ਦਾ ਮੁਫਤ ਆਲੂ ਦੇਣ ਵਾਲਾ ਬਿਆਨ ਘਟੀਆ ਮਾਨਸਿਕਤਾ ਦਾ ਮੁਜ਼ਾਹਰਾ; ਸਾਨੂੰ ਭਿਖਾਰੀ ਨਾ ਸਮਝਣ ਰਾਜਸੀ ਨੇਤਾ: ਕਿਸਾਨ ਆਗੂ
- ਨਿਧੱੜਕ, ਨਿਰਪੱਖ ਤੇ ਲੋਕ-ਪੱਖੀ ਪੱਤਰਕਾਰ ਵਿਨੋਦ ਦੂਆ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
- ਪ੍ਰੀਤਮ ਸਿੰਘ ਵੱਲੋਂ ਅੱਜ ਫਿਰ 3100 ਰੁ:ਸਹਾਇਤਾ ਕੀਤੀ; ਗੁਰਦੇਵ ਨਗਰ ਦੇ ਔਲਖ ਪਰਿਵਾਰ ਵੱਲੋਂ ਹੁਣ ਤੱਕ 50000 ਰੁਪਏ ਤੋਂ ਵੱਧ ਦੀ ਮਦਦ: ਆਗੂ
ਰਘਬੀਰ ਹੈਪੀ,ਬਰਨਾਲਾ: 05 ਦਸੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ ‘ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚਲੀਆਂ ਬਾਕੀ ਮੰਨਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 431 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕਿਹਾ ਤਿੰਨ ਕਾਲੇ ਖੇਤੀ ਕਾਨੂੰਨ ਪੂਰਨ ਰੂਪ ਵਿੱਚ ਰੱਦ ਕਰਵਾਉਣਾ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇਸ ਪ੍ਰਾਪਤੀ ‘ਤੇ ਸਾਨੂੰ ਮਾਣ ਵੀ ਹੈ। ਅੰਦੋਲਨਕਾਰੀ ਇਸ ਜਿੱਤ ਦੇ ਜਸ਼ਨ ਮਨਾਉਣ ਲਈ ਕਾਹਲੇ ਹਨ। ਅਜਿਹੇ ਜਸ਼ਨ ਭਵਿੱਖ ਦੇ ਅੰਦੋਲਨਾਂ ਲਈ ਅੰਦੋਲਨਕਾਰੀਆਂ ਨੂੰ ਹੌਸਲਾ,ਹਿੰਮਤ ਅਤੇ ਜਥੇਬੰਦਕ ਤਾਕਤ ਦਾ ਅਹਿਸਾਸ ਪ੍ਰਦਾਨ ਕਰਨਗੇ। ਪਰ ਬਾਕੀ ਮੰਗਾਂ ਮੰਨੇ ਜਾਣ ਤੱਕ ਸਾਡੀ ਜਿੱਤ ਅਧੂਰੀ ਹੈ। ਅਸੀਂ ਜਿੱਤ ਦੇ ਜਸ਼ਨ ਪੂਰੀ ਜਿੱਤ ਹਾਸਲ ਕਰਨ ਬਾਅਦ ਹੀ ਮਨਾਵਾਂਗੇ। ਤਦ ਤੱਕ ਅੰਦੋਲਨ ਪੂਰੇ ਜੋਸ਼ ਤੇ ਹੋਸ਼ ਨਾਲ ਜਾਰੀ ਰਹੇਗਾ।
ਅੱਜ ਬੁਲਾਰਿਆਂ ਨੇ ਪੰਜਾਬ ਪੁਲਿਸ ਵੱਲੋਂ ਨਰਸਾਂ, ਠੇਕਾ ਤੇ ਦੂਸਰੇ ਮੁਲਾਜਮ ਵਰਗਾਂ ਉਪਰ ਥਾਂ ਥਾਂ ‘ਤੇ ਕੀਤੇ ਜਾ ਰਹੇ ਜਬਰ ਅਤੇ ਖਿੱਚ ਧੂਹ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਵੋਟਾਂ ਲੈਣ ਸਮੇਂ ਇਹ ਰਾਜਸੀ ਨੇਤਾ ਮੁਲਾਜ਼ਮਾਂ ਨਾਲ ਹਰ ਤਰ੍ਹਾਂ ਦੇ ਵਾਅਦੇ ਕਰਦੇ ਹਨ ਪਰ ਚੋਣਾਂ ਜਿੱਤਣ ਸਭ ਭੁੱਲ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ‘ਤੇ ਜਬਰ ਬੰਦ ਕਰੇ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਾਹੌਰ, ਬਲਵੀਰ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ,ਬਲਜੀਤ ਸਿੰਘ ਚੌਹਾਨਕੇ, ਡੀਟੀਐਫ ਆਗੂ ਗੁਰਮੀਤ ਸੁਖਪਰ, ਬਿੱਕਰ ਸਿੰਘ ਔਲਖ, ਜਸਪਾਲ ਕੌਰ ਕਰਮਗੜ, ਗੁਰਦੇਵ ਸਿੰਘ ਮਾਂਗੇਵਾਲ ਤੇ ਗੁਰਚਰਨ ਸਿੰਘ ਸਰਪੰਚ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਇੱਕ ਅਕਾਲੀ ਨੇਤਾ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਜਿਸ ਵਿੱਚ ਉਸ ਨੇ ਚੋਣਾਂ ਜਿੱਤਣ ਬਾਅਦ ਮੁਫਤ ਆਲੂ ਦੇਣ ਦੀ ਗੱਲ ਕਹੀ ਸੀ। ਆਗੂਆਂ ਨੇ ਕਿਹਾ ਕੀ ਇਹ ਬਿਆਨ ਅਤਿ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਹ ਸਿਆਸੀ ਨੇਤਾ ਸਾਨੂੰ ਭਿਖਾਰੀ ਸਮਝਣਾ ਬੰਦ ਕਰਨ। ਸਾਨੂੰ ਭੀਖ ਨਹੀਂ,ਆਪਣੇ ਹੱਕ ਚਾਹੀਦੇ ਹਨ ।
ਕੱਲ੍ਹ ਨਿਧੱੜਕ, ਨਿਰਪੱਖ ਤੇ ਲੋਕ-ਪੱਖੀ ਪੱਤਰਕਾਰ ਵਿਨੋਦ ਦੂਆ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਦੋ ਮਿੰਟ ਦਾ ਮੋਨ ਧਾਰ ਕੇ ਉਸ ਮਹਾਨ ਪੱਤਰਕਾਰ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਗੁਰਦੇਵ ਨਗਰ ਬਰਨਾਲਾ ਨਿਵਾਸੀ ਪ੍ਰੀਤਮ ਸਿੰਘ ਔਲਖ ਨੇ ਅੱਜ ਇੱਕ ਵਾਰ ਫਿਰ ਧਰਨੇ ਨੂੰ 3100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਹ ਪ੍ਰਵਾਰ ਨਕਦ ਰਾਸ਼ੀ, ਖੰਡ, ਚਾਹਪੱਤੀ ਆਦਿ ਲੰਗਰ ਵਸਤਾਂ ਰਾਹੀਂ ਹੁਣ ਤੱਕ ਸਥਾਨਕ ਧਰਨੇ ਦੀ 50000 ਰੁਪਏ ਤੋਂ ਵੀ ਵੱਧ ਦੀ ਆਰਥਿਕ ਮਦਦ ਕਰ ਚੁੱਕਾ ਹੈ। ਸੰਚਾਲਨ ਕਮੇਟੀ ਨੇ ਪ੍ਰੀਤਮ ਸਿੰਘ ਔਲਖ ਦਾ ਬਹੁਤ ਬਹੁਤ ਧੰਨਵਾਦ ਕੀਤਾ।