ਔਰਤ ਦਾ ਦੋਸ਼-ਕੁੱਝ ਦਿਨ ਪਹਿਲਾਂ ਉਹ ਨੇ ਤੇਜ਼ਾਬ ਪਾਉਣ ਦੀ ਵੀ ਕੀਤੀ ਕੋਸ਼ਿਸ਼
ਹਰਿੰਦਰ ਨਿੱਕਾ ,ਬਰਨਾਲਾ , 26 ਨਵੰਬਰ 2021
ਰਿਸ਼ਤਾ ਕੀ ਟੁੱਟਿਆ, ਸਿਰਫਿਰਿਆ ਨੌਜਵਾਨ ਕਿਸੇ ਸਮੇਂ ਆਪਣੇ ਬੇਹੱਦ ਕਰੀਬ ਰਹੀ ਔਰਤ ਦਾ ਜਾਨੀ ਦੁਸ਼ਮਣ ਬਣ ਗਿਆ। ਗਾਹੇ ਬਗਾਹੇ ਘੇਰ ਕੇ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁੱਝ ਸਮਾਂ ਪਹਿਲਾਂ ਤੇਜ਼ਾਬ ਪਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ, ਨੌਜਵਾਨ ਨੇ ਅੱਜ ਦੁਪਹਿਰ ਵੇਲੇ ਔਰਤ ਦੇ ਬੰਦ ਘਰ ਅੰਦਰ ਵੜ੍ਹਕੇ ਫਰਨੀਚਰ ਅਤੇ ਪੇਟੀ ਅੰਦਰ ਪਏ ਕੱਪੜਿਆਂ ਨੂੰ ਅੱਗ ਲਗਾ ਦਿੱਤੀ। ਜਦੋਂ ਘਟਨਾ ਬਾਰੇ ਘਰ ਦੇ ਮਾਲਿਕ ਨੂੰ ਪਤਾ ਲੱਗਿਆ ਤਾਂ ਕਥਿਤ ਤੌਰ ਤੇ ਅੱਗ ਲਾਉਣ ਵਾਲਾ ਨੌਜਵਾਨ ਉੱਥੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ, ਉਨਾਂ ਦੇ ਵਿਹੜੇ ਦੇ ਨੌਜਵਾਨ ਗੋਰਾ ਸਿੰਘ ਪੁੱਤਰ ਨਿੱਕੜਾ ਸਿੰਘ ਨਾਲ, ਉਨਾਂ ਦਾ ਕਾਫੀ ਕਰੀਬੀ ਰਿਸ਼ਤਾ ਰਿਹਾ ਹੈ। ਪਰੰਤੂ ਕਰੀਬ 2 ਸਾਲ ਪਹਿਲਾਂ ਦੋਵਾਂ ਦਾ ਰਿਸ਼ਤਾ ਪੰਚਾਇਤ ਦੀ ਹਾਜ਼ਰੀ ਵਿੱਚ ਥਾਣੇ ਵਿੱਚ ਹੋਏ ਇੱਕ ਸਮਝੌਤੇ ਵਿੱਚ ਖਤਮ ਹੋ ਗਿਆ ਸੀ। ਪਰੰਤੂ ਰਿਸ਼ਤਾ ਤੋੜ ਦੇਣ ਤੋਂ ਬਾਅਦ ਗੋਰਾ ਸਿੰਘ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਦਾ ਵੈਰੀ ਬਣ ਗਿਆ। ਲੰਘੀਆਂ ਨਗਰ ਕੌਂਸਲ ਚੋਣਾਂ ਵੇਲੇ, ਉਸ ਨੇ ਸਵੇਰੇ ਮੂੰਹ ਨੇਰ੍ਹੇ ਉਸ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਕਾਰਵਾਈ ਦੇ ਨਾਂ ਤੇ ਸਿਰਫ 107/151 ਸੀਆਰਪੀਸੀ ਤਹਿਤ ਜਮਾਨਤ ਕਰਵਾ ਕੇ ਰਿਹਾ ਕਰ ਦਿੱਤਾ। ਉਸ ਤੋਂ ਬਾਅਦ ਵੀ ਗੋਰਾ ਸਿੰਘ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਇਆ। ਇੱਕ ਨਹੀਂ ਕਈ ਵਾਰ ਉਸਨੂੰ ਰਾਹ ਵਿੱਚ ਘੇਰ ਕੇ ਬਦਤਮੀਜ਼ੀ ਕਰਦਾ ਰਿਹਾ। ਕੁੱਝ ਸਮਾਂ ਪਹਿਲਾਂ ਇੱਕ ਦਿਨ ਗੋਰਾ ਸਿੰਘ ਨੇ ਉਸ ਪਰ ਤੇਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਤਰਾਂ ਬਚਾਅ ਹੋ ਗਿਆ। ਫਿਰ ਇੱਕ ਦਿਨ ਉਸ ਨੇ ਕੰਮ ਤੇ ਜਾਂਦੀ ਨੂੰ ਘੇਰ ਕੇ ਮੇਰਾ ਗਲਾ ਦੱਬ ਕੇ ਜਾਨ ਤੋਂ ਮਾਰ ਦੇਣ ਦੀ ਕੋਸ਼ਿਸ਼ ਕੀਤੀ। ਪਰੰਤੂ ਰੌਲਾ ਪਾਉਣ ਤੋਂ ਬਾਅਦ ਉਹ ਫਰਾਰ ਹੋ ਗਿਆ।
,,,,,,ਤੇ ਅੱਜ ਘਰ ਅੰਦਰ ਵੜ੍ਹਕੇ ਫੂਕਿਆ ਸਮਾਨ ਤੇ ਕੀਤੀ ਚੋਰੀ
ਰਜਿੰਦਰ ਕੌਰ ਦੇ ਪਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਉਸ ਦੀ ਪਤਨੀ ਬੱਚਿਆਂ ਨੂੰ ਸਕੂਲ ਭੇਜ ਕੇ ਖੁਦ ਕੰਮ ਤੇ ਚਲੀ ਗਈ ਅਤੇ ਮੈਂ ਵੀ ਬਰਨਾਲੇ ਲਾਭਪਾਤਰੀ ਬਣਾਉਣ ਲਈ ਚਲਾ ਗਿਆ। ਜਦੋਂ ਮੈਂ ਘਰੋਂ ਜਾ ਰਿਹਾ ਸੀ ਤਾਂ ਮੈਂ ਗੋਰਾ ਸਿੰਘ ਨੂੰ ਸਾਡੇ ਘਰ ਕੋਲੋਂ ਲੰਘਦਿਆਂ ਦੇਖਿਆ। ਜਦੋਂ ਮੈਂ ਬਾਅਦ ਦੁਪਹਿਰ ਘਰ ਪਹੁੰਚਿਆਂ ਤਾਂ ਘਰ ਅੰਦਰੋਂ ਅੱਗ ਦੀਆਂ ਲਾਟਾਂ ਅਤੇ ਧੂੰਆਂ ਨਿਕਲ ਰਿਹਾ ਸੀ। ਜਦੋਂ ਗੇਟ ਖੋਹਲਿਆ ਤਾਂ ਗੋਰਾ ਸਿੰਘ ਘਰ ਦੀ ਕੰਧ ਟੱਪ ਕੇ ਭੱਜ ਗਿਆ। ਉਨਾਂ ਕਿਹਾ ਕਿ ਲੋਕਾਂ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ, ਉਦੋਂ ਤੱਕ ਡਬਲ ਬੈਡ, ਪੇਟੀ ਚੋਂ ਬਾਹਰ ਕੱਢ ਕੇ ਸੁੱਟੇ ਕਾਫੀ ਕੱਪੜੇ ਕਾਫੀ ਸੜ ਚੁੱਕੇ ਸਨ। ਉਨਾਂ ਦੱਸਿਆ ਕਿ ਦੋਸ਼ੀ ਪੇਟੀ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਕਰੀਬ 4500 ਰੁਪਏ ਵੀ ਚੋਰੀ ਕਰਕੇ ਲੈ ਗਿਆ। ਰਜਿੰਦਰ ਕੌਰ ਅਤੇ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਹਾਲੇ ਵੀ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਹੈ। ਉਹ ਕਿਸੇ ਸਮੇਂ ਵੀ ਉਨਾਂ ਦਾ ਜਾਨੀ ਨੁਕਸਾਨ ਕਰ ਸਕਦਾ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀ ਗੋਰਾ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ, ਸਾਨੂੰ ਇਨਸਾਫ ਬਖਸ਼ਿਆ ਜਾਵੇ।
ਵਾਰਦਾਤ ਦਾ ਮੌਕਾ ਦੇਖਿਆ , ਕਰਾਂਗੇ ਕਾਨੂੰਨੀ ਕਾਰਵਾਈ-ਏਐਸਆਈ ਗੁਰਮੇਲ ਸਿੰਘਥਾਣਾ ਸਿਟੀ 1 ਬਰਨਾਲਾ ਦੇ ਏ.ਐਸ.ਆਈ. ਤੇ ਮਾਮਲੇ ਦੇ ਤਫਤੀਸ਼ ਅਧਿਕਾਰੀ ਗੁਰਮੇਲ ਸਿੰਘ ਨੇ ਕਿਹਾ ਕਿ ਸੂਚਨਾ ਮਿਲਦਿਆਂ ਹੀ ਉਹ ਪੁਲਿਸ ਪਾਰਟੀ ਸਣੇ, ਮੌਕਾ ਵਾਰਦਾਤ ਤੇ ਪਹੁੰਚਿਆਂ। ਘਟਨਾ ਦੀ ਜਾਣਕਾਰੀ ਇਕੱਤਰ ਕਰਕੇ, ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਉਪਰੰਤ ਦੋਸ਼ੀ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।