ਦੇਸ਼ ਚ ਮਹਿੰਗਾਈ ਕਾਰਣ ਅਰਥਚਾਰਾ ਹੋਇਆ ਬੁਰੀ ਤਰ੍ਹਾਂ ਤਬਾਹ- ਬੰਨੀ ਖਹਿਰਾ
ਮਹਿਲ ਕਲਾਂ 30 ਅਕਤੂਬਰ (ਪਾਲੀ ਵਜੀਦਕੇ/ਗੁਰਸੇਵਕ ਸਿੰਘ ਸਹੋਤਾ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਇਸ ਕਦਰ ਲਾਵਾਰਸ ਛੱਡ ਦਿੱਤਾ ਹੈ ,ਦੇਸ਼ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਪਿਛਲੇ ਇਕ ਸਾਲ ਤੋਂ ਜਿੱਥੇ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰਾਂ ਤੇ ਧਰਨਿਆਂ ਉੱਤੇ ਬੈਠਾ ਹੈ, ਉੱਧਰ 700 ਤੋਂ ਵੱਧ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਤੇ ਹੋਰਨਾਂ ਵਰਗਾਂ ਦੀ ਭਲਾਈ ਲਈ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ, ਪੰਜਾਬ ਪੱਧਰੀ ਯੂਥ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਲਗਾਤਾਰ ਸਮਾਜ ਸੇਵੀ ਕੰਮ ਕਰਵਾ ਰਹੇ ਨੌਜਵਾਨ ਆਗੂ ਬੰਨੀ ਖਹਿਰਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਜ ਆਪਣੇ ਦਫਤਰ ਮਹਿਲ ਕਲਾਂ ਵਿਖੇ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਬੰਨੀ ਖਹਿਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਹੱਥ ਖੇਡ ਰਹੀ ਹੈ, ਜਿੱਥੇ ਰਾਜਾਂ ਦੇ ਵੱਧ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ, ਉਥੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਆਮ ਲੋਕਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ 1000, ਪੈਟਰੋਲ 112 ਰੁਪਏ ਅਤੇ ਡੀਜ਼ਲ 100 ਤੋਂ ਉੱਪਰ ਚਲਾ ਗਿਆ ਹੈ, ਜਿਸ ਨਾਲ ਆਮ ਪਰਿਵਾਰਾਂ ਦੀਆਂ ਜੇਬਾਂ ਤੇ ਵੱਡਾ ਡਾਕਾ ਮਾਰਿਆ ਜਾ ਰਿਹਾ ਹੈ। ਜੀਐੱਸਟੀ, ਨੋਟਬੰਦੀ ਅਤੇ ਹੁਣ ਮਹਿੰਗਾਈ ਨੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਆਰਥਿਕ ਢਾਂਚਾ ਬੁਰੀ ਤਰ੍ਹਾਂ ਤੋੜ ਦਿੱਤਾ ਹੈ, ਜਿਸ ਨਾਲ ਸਮੁੱਚਾ ਦੇਸ਼ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ।
ਦੇਸ਼ ਦੇ 2 ਵੱਡੇ ਪਰਿਵਾਰ ਹੀ ਸਮੁੱਚੇ ਦੇਸ਼ ਦੀਆਂ ਜ਼ਮੀਨਾਂ ਤੇ ਅਦਾਰਿਆਂ ਉੱਤੇ ਕਾਬਜ਼ ਹੋ ਰਹੇ ਹਨ, ਕੇਂਦਰ ਸਰਕਾਰ ਵੱਲੋਂ ਆਪਣੇ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਬੰਨੀ ਖਹਿਰਾ ਨੇ ਕਿਹਾ ਕਿ ਦੇਸ਼ ਦਾ ਕਿਸਾਨ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਪਰ ਕੇਂਦਰ ਸਰਕਾਰ ਉਨ੍ਹਾਂ ਦੀ ਹੀ ਗੱਲ ਮੰਨਣ ਨੂੰ ਤਿਆਰ ਨਹੀਂ। ਸੰਘਰਸ਼ ਦੇ ਰਾਹ ਪਈ ਕਿਸਾਨੀ ਮੋਦੀ ਸਰਕਾਰ ਨੂੰ ਆਉਂਦਿਆਂ ਸਾਲਾਂ ਵਿਚ ਵੱਡਾ ਸਬਕ ਸਿਖਾਏਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਾ ਕੀਤੇ ਅਤੇ ਮਹਿੰਗਾਈ ਨੂੰ ਨੱਥ ਨਾ ਪਾਈ ਗਈ ਤਾਂ ਯੂਥ ਕਾਂਗਰਸ ਵੱਲੋਂ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਪੱਧਰੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਉਨਾਂ ਕਿਹਾ ਕਿ ਆਉਂਦੇ ਦਿਨਾਂ ਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਇਕ ਵੱਡਾ ਸਮਾਗਮ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਨੌਜਵਾਨਾਂ ਦੀ ਰਾਜਨੀਤਕ ਤੇ ਸਮਾਜਿਕ ਗਤੀਵਿਧੀਆਂ ਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੇਤਨਾ ਪੈਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਚ ਲਗਾਤਾਰ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਹਨ ਅਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਚ ਅਤੇ ਮਹਿੰਗਾਈ ਵਿਰੁੱਧ ਵੱਡੀ ਪੱਧਰ ਤੇ ਲਾਮਬੰਦੀ ਕਰਨ ਦੀ ਅਪੀਲ ਕੀਤੀ।