ਪਿਛਲੇ ਚਾਰ ਸਾਲਾਂ ਤੋਂ ਕੈਪਟਨ ਨਹੀ ਭਾਜਪਾ ਚਲਾ ਰਹੀ ਸੀ ਪੰਜਾਬ ਸਰਕਾਰ-ਨਰਿੰਦਰ ਕੌਰ ਭਰਾਜ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 23 ਅਕਤੂਬਰ 2021
ਕੈਪਟਨ ਅਮਰਿੰਦਰ ਸਿੰਘ ਦਾ ਚਾਰ ਸਾਲਾਂ ਦਾ ਸੁਸਤ ਕਾਰਜਕਾਲ ਅਤੇ ਹੁਣ ਭਾਜਪਾ ਦੇ ਹੱਕ ਵਿੱਚ ਬਿਆਨ ਦਿੰਦਿਆ,ਮੋਦੀ ਤੇ ਸ਼ਾਹ ਨਾਲ ਮੁਲਾਕਾਤਾਂ ਤੇ ਭਾਜਪਾ ਨਾਲ ਗੱਠਜੋੜ ਕਰਨ ਤੱਕ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਹਲਾਤਾਂ ਨੇ ਸਾਫ ਕਰ ਦਿੱਤਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਵੀ ਪੰਜਾਬ ਵਿੱਚ ਕੈਪਟਨ ਜਾਂ ਕਾਂਗਰਸ ਰਾਜ ਨਹੀ ਭਾਜਪਾ ਰਾਜ ਚੱਲ ਰਿਹਾ ਸੀ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ,ਬੇਅਦਬੀ,ਮਹਿੰਗਾਈ ਅਤੇ ਸੂਬੇ ਦੇ ਅਧਿਕਾਰਾਂ ਤੇ ਲਗਾਤਾਰ ਭਾਜਪਾ ਦੀ ਦਖਲਅੰਦਾਜੀ ਤੇ ਭਾਜਪਾ ਅਤੇ ਅਕਾਲੀ ਦਲ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕੈਪਟਨ ਨਹੀ ਭਾਜਪਾ ਚਲਾ ਰਹੀ ਸੀ ਜਿਸ ਨਾਲ ਭਾਜਪਾ ਨੇ ਬਾਦਲਾਂ ਨੂੰ ਵੀ ਸੁਰੱਖਿਅਤ ਰੱਖਿਆ ਅਤੇ ਖੇਤੀ ਕਾਨੂੰਨ ਪਾਸ ਕਰਨ ਦੀ ਹਿੰਮਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੱਧੂ ਵੀ ਟਵੀਟ ਕਰ ਰਹੇ ਹਨ ਕਿ ਪੰਜਾਬ ਵਿੱਚ ਕਾਲੇ ਕਾਨੂੰਨਾਂ ਦੇ ਨਿਰਮਾਤਾ ਕੈਪਟਨ ਹਨ ਅਤੇ ਰਾਜਾ ਵੜਿੰਗ ਸਣੇ ਬਹੁਤ ਸਾਰੇ ਕਾਂਗਰਸੀ ਵੀ ਇਹ ਗੱਲ ਮੰਨ ਰਹੇ ਹਨ ਕਿ ਕੈਪਟਨ ਰਾਜ ਕਾਂਗਰਸ ਦਾ ਰਾਜ ਨਹੀ ਸੀ ਬਲਕਿ ਅਕਾਲੀ ਦਲ ਅਤੇ ਭਾਜਪਾ ਦਾ ਰਾਜ ਸੀ ਅਤੇ ਕੈਪਟਨ ਸਭ ਕੁਝ ਸੈਟਿੰਗਾਂ ਤਹਿਤ ਕਰ ਰਹੇ ਸਨ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਸਭ ਕੁਝ ਜਾਣਦਿਆਂ ਵੀ ਸਾਰੇ ਕਾਂਗਰਸੀ ਚਾਰ ਸਾਲ ਚੁੱਪ ਰਹੇ ਅਤੇ ਖੁਦ ਵੀ ਚੁੱਪ ਚੁਪੀਤੇ ਬਸ ਆਪਣੇ ਘਰ ਭਰਨ ਵਿੱਚ ਲੱਗੇ ਰਹੇ ਅਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਘੁਟਾਲੇ ਕਰਦੇ ਰਹੇ ਜਿਸ ਕਾਰਨ ਪੰਜਾਬ ਆਰਥਿਕ ਮੰਦੀ ਦੇ ਗਹਿਰੇ ਸੰਕਟ ਵੱਲ ਵਧਦਾ ਚਲਾ ਗਿਆ।
ਉਨਾਂ ਕਿਹਾ ਕਿ ਜਿੰਨ੍ਹਾ ਨੁਕਸਾਨ ਅਤੇ ਲੁੱਟ ਅਕਾਲੀ ਦਲ ਨੇ ਦਸ ਸਾਲਾਂ ਵਿੱਚ ਕੀਤੀ ਸੀ ਉਹਨਾਂ ਨੁਕਸਾਨ ਅਤੇ ਲੁੱਟ ਕਾਂਗਰਸੀ ਲੀਡਰਾਂ ਨੇ ਚਾਰ ਸਾਲ ਦੀ ਪੰਜਾਬ ਸਰਕਾਰ ਦੌਰਾਨ ਕੀਤੀ ਹੈ ਜਿਸ ਕਾਰਨ ਹੁਣ ਪੰਜਾਬ ਦੇ ਲੋਕ ਕਾਂਗਰਸ ਨੂੰ ਕਿਸੇ ਵੀ ਹਾਲ ਵਿੱਚ ਸੱਤਾ ਵਿੱਚ ਦੇਖਣਾ ਨਹੀ ਚਾਹੁੰਦੇ ਅਤੇ ਰਵਾਇਤੀ ਪਾਰਟੀਆ ਨੂੰ ਨਾਕਾਰ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ।