ਸਰਪੰਚ ਸੁਖਵਿੰਦਰ ਸਿੰਘ ਮੱਦੀ ਨੇ ਦੋਸ਼ਾਂ ਨੂੰ ਸਿਰੇ ਤੋਂ ਕੀਤਾ ਖਾਰਿਜ਼
ਹਰਿੰਦਰ ਨਿੱਕਾ , ਬਰਨਾਲਾ 16 ਅਕਤੂਬਰ 2021
ਜਿਲ੍ਹੇ ਦੇ ਥਾਣਾ ਸ਼ਹਿਣਾ ਦੇ ਪਿੰਡ ਸੰਤਪੁਰਾ ਦੇ ਸਰਪੰਚ ਉੱਪਰ ਪਿੰਡ ਦੀ ਨੂੰਹ ਨੇ ਰਾਹ ਜਾਂਦੀ ਨੂੰ ਘੇਰ ਕੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਸਰਪੰਚ ਅਤੇ ਪੀੜਤ ਦੇ ਪਤੀ ਸਣੇ 3 ਜਣਿਆਂ ਖਿਲਾਫ ਕੇਸ ਵੀ ਦਰਜ਼ ਕੀਤਾ ਹੈ। ਪਰੰਤੂ ਨਾਮਜ਼ਦ ਦੋਸ਼ੀਆਂ ਦੀ ਹਾਲੇ ਗਿਰਫਤਾਰੀ ਨਹੀਂ ਹੋਈ। ਤਫਤੀਸ਼ ਅਫਸਰ ਦਾ ਕਹਿਣਾ ਹੈ, ਪੁਲਿਸ ਜਲਦ ਹੀ ਕੇਸ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ , ਅਗਲੀ ਕਾਨੂੰਨੀ ਕਾਰਵਾਈ ਕਰੇਗੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰਾਜਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਕੋਠੇ ਸੰਤਪੁਰਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਅਰਸਾ ਕਰੀਬ 23 ਵਰ੍ਹੇ ਪਹਿਲਾਂ ਦੋਸ਼ੀ ਜਸਵੰਤ ਸਿੰਘ ਨਾਲ ਹੋਈ ਸੀ, ਪਰੰਤੂ ਜਸਵੰਤ ਸਿੰਘ ਨਸੇ ਕਰਨ ਦਾ ਆਦੀ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ । ਜਿਸ ਕਾਰਣ ਉਹ ਆਪਣੇ ਪਤੀ ਦੇ ਅੱਤਿਆਚਾਰ ਤੋ ਤੰਗ ਹੋ ਕੇ ਅਲੱਗ ਆਪਣੀ ਮਾਸੀ ਨਿਰਮਲ ਕੌਰ ਨਿੰਮੋ ਵਾਸੀ ਪਿੰਡ ਉਗੋਕੇ ਕੋਲ ਰਹਿਣ ਲੱਗ ਪਈ ਸੀ । ਰਾਜਵਿੰਦਰ ਕੌਰ ਨੇ ਕਿਹਾ ਕਿ ਉਹ 14 ਅਕਤੂਬਰ ਨੂੰ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਪਿੰਡ ਉਗੋਕੇ ਤੋ ਸੰਤਪੁਰਾ ਕੋਠੇ ਵੱਲ ਜਾ ਰਹੀ ਸੀ ਤਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਮੱਦੀ ਨੇ ਸਾਨੂੰ ਦੋਵਾਂ ਭੈਣਾਂ ਨੂੰ ਰਾਹ ਜਾਂਦਿਆਂ ਰੋਕ ਕੇ ਉਸ ਦੇ ਪਤੀ ਜਸਵੰਤ ਸਿੰਘ ਅਤੇ ਬਲਦੇਵ ਸਿੰਘ ਦੇ ਕਹਿਣ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਮੱਘਰ ਸਿੰਘ ਨੇ ਕਿਹਾ ਕਿ ਪੀੜਤ ਰਾਜਵਿੰਦਰ ਕੌਰ ਦੇ ਬਿਆਨ ਦੇ ਅਧਾਰ ਪਰ ਸਰਪੰਚ ਸੁਖਵਿੰਦਰ ਸਿੰਘ , ਪੀੜਤ ਦੇ ਪਤੀ ਜਸਵੰਤ ਸਿੰਘ ਅਤੇ ਉਸ ਦੇ ਸਾਥੀ ਬਲਦੇਵ ਸਿੰਘ ਦੇ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰਕੇ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ ਨਾਮਜ਼ਦ ਦੋਸ਼ੀ ਸਰਪੰਚ ਸੁਖਵਿੰਦਰ ਸਿੰਘ ਮੱਦੀ ਨੇ ਰਾਜਵਿੰਦਰ ਕੌਰ ਵੱਲੋਂ ਲਗਾਏ ਕੁੱਟਮਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਕਿ ਪੁਲਿਸ ਨੇ ਉਸ ਦੇ ਖਿਲਾਫ ਬਿਨਾਂ ਕਿਸੇ ਪੜਤਾਲ ਤੋਂ ਹੀ ਗਲਤ ਕੇਸ ਦਰਜ਼ ਕਰ ਦਿੱਤਾ ਹੈ।